Friday, April 19, 2024

ਜ਼ਿੰਦਗੀ ‘ਚ ਪਿਤਾ ਦੀ ਅਹਿਮੀਅਤ

                 ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਸਮਾਜ ਵਿੱਚ ਵਿੱਚਰਦਿਆਂ ਹੋਇਆ ਉਹ ਕਈ ਰਿਸ਼ਤੇ ਨਿਭਾਉਂਦਾ ਹੈ।ਇਹਨਾਂ ਵਿਚੋਂ ਪਿਉ- ਪੁੱਤ ਦਾ ਰਿਸ਼ਤਾ ਆਪਣੀ ਜਗ੍ਹਾ ‘ਤੇ ਬੜਾ ਅਹਿਮ ਸਥਾਨ ਰੱੱਖਦਾ ਹੈ।ਜਿਥੇ ਮਾਂ ਦੀ ਬੱਚੇ ਨੂੰ ਰੱਬ ਵਰਗੀ ਦੇਣ ਹੁੰਦੀ ਹੈ, ਉਥੇ ਪਿਤਾ ਦਾ ਵੀ ਬੱਚੇ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ।ਜਿਥੇ ਮਾਂ ਬੱਚੇ ਨੂੰ 9 ਮਹੀਨੇ ਆਪਣੇ ਪੇਟ ਵਿੱਚ ਰੱਖ ਕੇ ਆਪਣੇ ਲਹੂ ਨਾਲ ਸਿੰਜ਼ਦੀ ਹੈ, ਓਥੇ ਪਿਤਾ ਬੱਚੇ ਨੂੰ ਦਿਮਾਗ ਵਿੱਚ ਪਾਲਦਾ ਹੈ।ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਪਿਤਾ ਸਾਡਾ ਜੀਵਨ ਸੰਵਾਰਦਾ ਹੈ।ਮਾਂ ਬੱਚੇ ਦੀ ਜਾਨ ਦੀ ਫਿਕਰ ਕਰਦੀ ਹੈ।ਪਿਤਾ ਉਸ ਦੇ ਭਵਿੱਖ ਪ੍ਰਤੀ ਫ਼ਿਕਰਮੰਦ ਹੁੰਦਾ ਹੈ।ਪਿਤਾ ਦਾ ਭਾਵੇਂ ਅਧਿਕਾਰ ਅਤੇ ਅਨੁਸ਼ਾਸ਼ਨੀ ਰੋਅਬ ਪਰਿਵਾਰ ਵਿੱਚ ਮੰਨਿਆ ਗਿਆ ਹੈ।ਪਰ ਹਿਰਦੇ ਤੋਂ ਪਿਤਾ ਵੀ ਬਹੁਤ ਕੋਮਲ ਭਾਵੀ ਹੁੰਦਾ ਹੈ।ਉਸ ਦਾ ਵੀ ਆਪਣੇ ਬੱਚਿਆਂ ਪ੍ਰਤੀ ਪਿਆਰ ਮਾਂ ਨਾਲੋਂ ਕਿਸੇ ਤਰਾਂ ਘੱਟ ਨਹੀਂ ਹੁੰਦਾ, ਪਰ ਉਸ ਨੂੰ ਪ੍ਰਗਟਾਉਣ ਦਾ ਵੱਲ ਮਾਂ ਜਿੰਨਾ ਨਹੀਂ।

ਪਿਓ ਲੋਰੀ ਵੀ ਹੈ, ਮੋਹ ਭਿੱਜੀ ਘੂਰੀ ਵੀ।
ਪਿਓ ਰਾਗ ਵੀ ਹੈ, ਤੋਤਲੇ ਬੋਲ ਵੀ।
ਪਿਓ ਗਢਹੀਰਾ ਵੀ ਹੈ, ਘਨੇੜੀ ਵੀ।

ਪਿਤਾ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦਾ, ਸਗੋਂ ਉਸ ਦਾ ਪਾਲਣ ਪੋਸ਼ਣ ਵਧੀਆ ਤੋਂ ਵਧੀਆ ਤਰੀਕੇ ਨਾਲ ਕਰਨ ਲਈ ਸਾਰੀ ਉਮਰ ਸਖ਼ਤ ਮਿਹਨਤ ਕਰਦਾ ਹੈ ਤਾਂ ਜੋ ਬੱਚਿਆਂ ਨੂੰ ਦੁਨੀਆਂ ਦੀ ਹਰ ਸੁੱਖ ਸਹੂਲਤ ਦੇ ਸਕੇ।ਉਨ੍ਹਾਂ ਨੂੰ ਚੰਗੀ ਸਿੱਖਿਆ ਦਿੰਦਾ ਹੈ।ਉਨ੍ਹਾਂ ਦੀ ਸੁੱਖ ਸਹੂਲਤ ਲਈ ਅਤੇ ਉਨ੍ਹਾਂ ਦਾ ਭਵਿੱਖ ਸੰਵਾਰਨ ਲਈ ਉਹ ਹਰ ਤਰ੍ਹਾਂ ਦਾ ਤਿਆਗ ਕਰਦਾ ਹੈ।ਆਪਣੇ ਬੱਚੇ ਦਾ ਭਵਿੱਖ ਸੰਵਾਰਨ ਲਈ ਆਪਣਾ ਵਰਤਮਾਨ ਕੁਰਬਾਨ ਕਰ ਦਿੰਦਾ ਹੈ।ਬਾਪ ਦਾ ਹੱਥ ਢਾਲ ਬਣ ਕੇ ਬੱਚੇ ਦੇ ਹਮੇਸ਼ਾਂ ਅੰਗ ਸੰਗ ਰਹਿੰਦਾ ਹੈ।ਕਦੀ ਸਿਰ ਥੱਲੇ ਸਰਹਾਣਾ ਬਣ ਕੇ ਅਤੇ ਕਦੀ ਸਿਰ ਉਪਰ ਅਸ਼ੀਰਵਾਦ ਬਣ ਕੇ।ਬੱਚੇ ਦੇ ਜਨਮ ਤੋਂ ਹੀ ਪਿਤਾ ਉਸ ਦੇ ਵੱਡੇ ਹੋਣ, ਸਿੱਖਿਆ, ਨੌਕਰੀ, ਵਿਆਹ ਤੱਕ ਦੇ ਸੁਪਨੇ ਦੇਖ ਲੈਂਦਾ ਹੈ।ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ `ਚ ਰੱਖਦਾ ਹੈ।ਉਹ ਆਪਣੇ ਬੱਚੇ ਨੂੰ ਚੰਗੇ-ਮਾੜੇ ਦੀ ਪਰਖ ਕਰਨਾ, ਮੁਸੀਬਤਾਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ।ਇਕ ਪਿਤਾ ਰਾਹ ਦਸੇਰਾ ਜਾ ਮਾਰਗਦਰਸ਼ਕ ਬਣ ਕੇ ਆਪਣੇ ਬੱਚਿਆਂ ਨੂੰ ਦੁਨੀਆਂ ਨਾਲ ਜਾਣੂ ਕਰਵਾਉਂਦਾ ਹੈ, ਗੁਰੂ ਬਣ ਕੇ ਗਿਆਨ ਦਿੰਦਾ ਹੈ, ਮਿੱਤਰ ਬਣ ਕੇ ਮੁਸੀਬਤ `ਚ ਚੱਟਾਨ ਵਾਂਗ ਖੜ੍ਹਾ ਹੁੰਦਾ ਹੈ, ਲੋੜ ਪੈਣ `ਤੇ ਹਨੇਰੇ `ਚ ਪ੍ਰਕਾਸ਼ ਥੰਮ੍ਹ ਬਣ ਜਾਂਦਾ ਹੈ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਸਭ ਮੁਸੀਬਤਾਂ ‘ਤੇ ਕਮਜ਼ੋਰੀਆਂ ਤੋਂ ਦੂਰ ਰੱਖਣਾ ਚਾਹੁੰਦਾ ਹੈ, ਜਿਸ ਨੂੰ ਉਹ ਆਪਣੇ ਬਚਪਨ `ਚ ਝੱਲ ਚੁੱਕਾ ਹੁੰਦਾ ਹੈ।ਹਰ ਬਾਪ ਆਪਣੇ ਬੱਚਿਆਂ ਪ੍ਰਤੀ ਫ਼ਿਕਰਮੰਦ ਹੁੰਦਾ ਹੈ ਤੇ ਉਨ੍ਹਾਂ ਨੂੰ ਹਰ ਖ਼ੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੈ।ਉਸ ਦੇ ਜਿਹੜੇ ਸੁਪਨੇ ਆਪਣੇ ਜੀਵਨ `ਚ ਅਧੂਰੇ ਰਹਿ ਗਏ ਸਨ, ਉਹ ਆਪਣੇ ਬੱਚਿਆਂ ਦੁਆਰਾ ਪੂਰੇ ਹੁੰਦੇ ਦੇਖਣਾ ਚਾਹੁੰਦਾ ਹੈ।
                     ਜਦੋਂ ਬੱਚਾ ਆਪਣੇ ਪਿਤਾ ਦੀ ਉਂਗਲੀ ਫੜ ਕੇ ਤੁਰਨਾ ਸਿੱਖਦਾ ਹੈ ਤਾਂ ਅਜਿਹੇ ਪਲਾਂ ਵਿੱਚ ਪਿਤਾ ਦੀ ਖੁਸ਼ੀ ਦੂਣ ਸਵਾਈ ਹੋ ਜਾਂਦੀ ਹੈ।ਪਿਤਾ ਬੱਚੇ ਨੂੰ ਉਸਦੀਆਂ ਕੀਤੀਆਂ ਗ਼ਲਤੀਆਂ ਲਈ ਦੁਤਕਾਰਦਾ ਹੈ ਤਾਂ ਜੋ ਬੱਚਾ ਜਿੰਦਗੀ ਦੀਆਂ ਕੁਰਾਹਾਂ ਤੋਂ ਬਚਿਆ ਰਹੇ।ਪਿਤਾ ਦੀ ਘੁਰਕੀ ਵਿੱਚ ਵੀ ਲਾਡ ਦੀ ਮਹਿਕ ਹੁੰਦੀ ਹੈ, ਜਿਹੜੀ ਜ਼ਿੰਦਗੀ ਦੀਆਂ ਮੁਸੀਬਤਾਂ ਝੱਲਣ ਦੇ ਸਮਰੱਥ ਬਣਾਉਂਦੀ ਹੈ।ਬੱਚੇ ਦੁਆਰਾ ਕੀਤੀਆਂ ਗ਼ਲਤੀਆਂ ਨੂੰ ਪਿਤਾ ਭੁਲਾ ਕੇ ਉਸ ਨੂੰ ਫਿਰ ਪਿਆਰ ਭਰੀ ਗਲਵਕੜੀ ਵਿੱਚ ਲੈ ਲੈਂਦਾ ਹੈ ਅਤੇ ਭਵਿੱਖ ਵਿੱਚ ਆਪਣੀ ਭੁੱਲ ਸੁਧਾਰਣ ਲਈ ਵਰਜ਼ਦਾ ਹੈ।
ਪਿਤਾ ਦੀ ਦੁਤਕਾਰ ਵਿੱਚ ਵੀ ਉਸ ਦਾ ਪਿਆਰ ਛਿਪਿਆ ਹੁੰਦਾ ਹੈ। ਸਿਆਣੇ ਕਹਿੰਦੇ ਹਨ : ਮਾਪਿਆਂ ਦੀਆਂ ਗਾਲਾਂ, ਘਿਓ ਦੀਆਂ ਨਾਲਾਂ।
ਮਾਂ ਦੇ ਦੁਲਾਰ ਅਤੇ ਪਿਤਾ ਦੀ ਡਾਂਟ ਫਟਕਾਰ ਰੂਪੀ ਪਿਆਰ ਨਾਲ ਬੱਚਾ ਵੱਡਾ ਹੁੰਦਾ ਹੈ।ਸ਼ਾਇਦ ਇਸੇ ਕਰਕੇ ਬੱਚਾ ਵਧੇਰੇ ਆਪਣੀ ਮਾਂ ਦੇ ਨੇੜੇ ਹੁੰਦਾ ਹੈ ਪਿਤਾ ਦਾ ਸੁਭਾਅ ਨਾਰੀਅਲ ਦੀ ਤਰਾਂ ਹੁੰਦਾ ਹੈ ਬਾਹਰੋਂ ਸਖ਼ਤ ਅਤੇ ਅੰਦਰੋਂ ਨਰਮ।ਸ਼ਾਇਦ ਇਸੇ ਕਰਕੇ ਕਿ ਪਿਤਾ ਨੂੰ ਮਾਂ ਨਾਲੋਂ ਜਿਆਦਾ ਜਿੰਦਗੀ ਦੇ ਕੌੜੇ ਯਥਾਰਥਾਂ ਦਾ ਗਿਆਨ ਹੁੰਦਾ ਹੈ।ਪਿਤਾ ਦੀ ਡਾਂਟ ਘੁਮਿਆਰ ਦੀ ਉਸ ਚੋਟ ਦੀ ਤਰਾਂ ਹੁੰਦੀ ਹੈ ਜੋ ਉਹ ਆਪਣੇ ਭਾਂਡੇ ਨੂੰ ਇਸ ਲਈ ਦਿੰਦਾ ਹੈ ਤਾਂ ਜੋ ਉਹ ਕਿਸੇ ਘਰ ਦਾ ਸ਼ਿੰਗਾਰ ਬਣ ਸਕੇ।ਇਸ ਪਿਛੇ ਪਿਤਾ ਦਾ ਇੱਕੋ ਇੱਕ ਮਕਸਦ ਇਹ ਹੁੰਦਾ ਹੈ ਕਿ ਉਸ ਦਾ ਬੱਚਾ ਜਿੰਦਗੀ ਵਿੱਚ ਕੋਈ ਚੰਗਾ ਮੁਕਾਮ ਹਾਸਿਲ ਕਰ ਸਕੇ।ਪਰ ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਸਮਝ ਆਉਂਦਾ ਹੈ, ਪਰ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਕਿਸੇ ਨੇ ਸੱਚ ਹੀ ਕਿਹਾ ਹੈ :

ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖਾਲੇ ਰਹਿੰਦੇ ਸੀ
ਬਾਪੂ ਕਹਾਇਆ, ਬੜਾ ਦੁੱਖ ਪਾਇਆ।

               ਜ਼ਿੰਦਗੀ ਦੀਆਂ ਜੋ ਮੌਜਾਂ, ਬਹਾਰਾਂ, ਬੇਫਿਕਰੀ, ਲਾਪ੍ਰਵਾਹੀ ਭਰੀ ਜ਼ਿੰਦਗੀ ਦੇ ਪਲ ਬੱਚਾ ਆਪਣੇ ਮਾਤਾ ਪਿਤਾ ਦੇ ਸਿਰ ‘ਤੇ ਗੁਜ਼ਾਰ ਲੈਂਦਾ ਹੈ, ਉਹ ਮੌਜ ਬਹਾਰਾਂ ਮੁੜ ਕੇ ਨਹੀਂ ਮਿਲ ਸਕਦੀਆਂ।ਕਿਸੇ ਨੇ ਸੱਚ ਹੀ ਕਿਹਾ ਹੈ :

“ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ਼
ਮਾਂ ਦੇ ਸਿਰ ‘ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ‘ਤੇ ਰਾਜ’

            ਕਹਿੰਦੇ ਹਨ ਜਦੋਂ ਪਿਉ ਦੀ ਜੁੱਤੀ ਪੁੱਤ ਪੈਰ ਵਿੱਚ ਆਉਣ ਲੱਗ ਜਾਵੇ ਤਾਂ ਉਹ ਪੁੱਤ ਨਹੀ ਰਹਿ ਜਾਂਦਾ ਦੋਸਤ ਵਾਂਗ ਬਣ ਜਾਦਾ ਹੈ। ਉਹਨਾਂ ਵਿੱਚ ਦੋਸਤੀ ਦੀ ਯਾਰੀ ਬਣ ਜਾਂਦੀ ਹੈ।ਪੁੱਤ ਚਾਹੇ ਜਿੰਨਾ ਮਰਜ਼ੀ ਵੱਡਾ ਅਫ਼ਸਰ ਹੋਵੇ, ਪਰ ਪਿਉ ਦੀ ਥਾਂ ਕਦੇ ਨਹੀਂ ਲੈ ਸਕਦਾ । ਪਿਉ ਨਾ ਹੋਣ ਦਾ ਦੁੱਖ ਤਾਂ ਉਹੀ ਦੱਸ ਸਕਦਾ ਹੈ, ਜਿਸ ਦੇ ਸਿਰ ਤੋਂ ਪਿਉ ਦਾ ਹੱਥ ਉਠ ਜਾਂਦਾ ਹੈ।ਮਾਪਿਆਂ ਦੀ ਅਣਹੋਂਦ ਵਿੱਚ ਉਸ ਬੱਚੇ ਦੀ ਸ਼ਖਸ਼ੀਅਤ ਪੂਰਨ ਵਿਕਸਿਤ ਨਹੀਂ ਹੋ ਸਕਦੀ, ਜਿਸ ਨੂੰ ਮਾਂ ਜਾਂ ਪਿਤਾ ਦੇ ਪਿਆਰ ਤੋਂ ਬਾਂਝਿਆਂ ਰਹਿਣਾ ਪਿਆ ਹੋਵੇ।ਪਿਉ ਦੇ ਬਾਰੇ ਇੱਕ ਗੀਤਕਾਰ ਨੇ ਵੀ ਬੜੀਆਂ ਵਧੀਆ ਲਾਈਨਾਂ ਕਹੀਆਂ ਹਨ:-

‘ਰੁੱਖਾਂ ਦੀਆਂ ਜੜਾਂ ਨਾਲ ਪੰਛੀ ਦੇ ਪਰਾਂ ਨਾਲ
ਘੱਲ ਗੂਹੜੇ ਰਿਸ਼ਤੇ ਦੀ ਜੋੜ ਹੁੰਦੀ ਏ
ਪੁੱਤਾਂ ਨੂੰ ਪਿਉ ਦੀ ਬੜੀ ਲੋੜ ਹੁੰਦੀ ਏ।

            ਪਿਉ ਦੇ ਚਲੇ ਜਾਣ ਤੋਂ ਬਾਅਦ ਹੀ ਉਸ ਦੀਆਂ ਕਮੀਆਂ ਮਹਿਸੂਸ ਹੁੰਦੀਆਂ ਹਨ।ਸੱਚ ਤਾਂ ਇਹ ਹੈ ਕਿ ਜੋ ਇੱਕ ਪਿਤਾ ਪਰਿਵਾਰ ਲਈ ਕਰਦਾ ਹੈ, ਉਹ ਹੋਰ ਕੋਈ ਪਰਿਵਾਰ ਦੀ ਜੀਅ ਨਹੀਂ ਕਰ ਸਕਦਾ।
              ਹਰ ਪਿਤਾ ਆਪਣੇ ਬੱਚਿਆਂ ਲਈ ਚੰਗਾ ਘਰ, ਚੰਗਾ ਪਹਿਰਾਵਾ, ਚੰਗੇ ਰਹਿਣ-ਸਹਿਣ ਲਈ ਸੱਖ-ਸਹੂਲਤਾਂ ਦਾ ਉਚਿਤ ਪ੍ਰਬੰਧ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ।ਆਪ ਉਹ ਸਾਈਕਲ ‘ਤੇ ਸਾਰੀ ਉਮਰ ਕੱਟ ਲੈਂਦਾ ਹੈ, ਪਰ ਬੱਚਿਆਂ ਲਈ ਸੁੱਖ ਦੇਣ ਵਾਲੇ ਸਾਧਨਾਂ ਲਈ ਪੂਰੀ ਮਿਹਨਤ ਕਰਦਾ ਹੈ।ਉਹ ਆਪਣੇ ਬੱਚਿਆਂ ਲਈ ਆਪਣੀਆਂ ਭਾਵਨਾਵਾਂ, ਆਪਣੇ ਸੁਪਨੇ ਤੱਕ ਤਿਆਗ ਦਿੰਦਾ ਹੈ।ਉਹ ਬੱਚਿਆਂ ਦੇ ਵੇਖੇ ਸੁਪਨੇ ਵੀ ਬਿਨਾਂ ਦੱਸੇ ਹੀ ਪੂਰੇ ਕਰਨ ਲਈ ਜ਼ੋਰ ਲਾ ਦਿੰਦਾ ਹੈ।ਦਰਅਸਲ ਉਹ ਆਪਣੇ ਲਈ ਨਹੀਂ ਬਲਕਿ ਸੁਪਨੇ ਵੀ ਆਪਣੇ ਬੱਚਿਆਂ ਲਈ ਹੀ ਵੇਖਦਾ ਹੈ।ਬਲਜੀਤ ਮਾਲਵੇ ਦਾ ਗਾਇਆ ਗੀਤ ਵੀ ਗਵਾਹੀ ਭਰਦਾ ਹੈ :

ਬਾਬਲ ਸਾਡਾ ਜਾਨ ਤੋੜ ਕੇ, ਕਰਦਾ ਰਿਹਾ ਕਮਾਈਆਂ ਜੀ,
ਬਈ ਸਾਡਾ ਕੰਮ ਸੀ ਬੁੱਲ੍ਹੇ ਵੱਢਣਾ, ਐਸ਼ਾਂ ਖੂਬ ਉਡਾਈਆਂ ਸੀ,
ਅਲਬੇਲੀ ਉਮਰ ਦੀਆਂ ਖੇਡਾਂ ਚੇਤੇ ਆਉਂਦੀਆਂ ਬੜ੍ਹੀਆਂ ।
ਉਹ ਮੌਜ਼ਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ `ਤੇ ਕਰੀਆਂ ।”

             ਧੀਆਂ ਵੀ ਆਪਣੇ ਬਾਪ ਦੇ ਹੁੰਦਿਆਂ ਆਪਣੇ-ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਸਮਝਦੀਆਂ ਹਨ।ਬਾਪ ਨਾਲ ਵੀ ਧੀਆਂ ਦੀ ਦੁੱਖ-ਸੁੱਖ ਦੀ ਸਾਂਝ ਹੁੰਦੀ ਹੈ।ਕੋਈ ਕੁੜੀ ਜਦੋਂ ਵਿਆਹੀ ਜਾਂਦੀ ਹੈ ਤਾਂ ਉਹ ਭਾਵੇਂ ਨਵੇਂ ਜੀਵਨ ਸਾਥੀ ਦੇ ਪਿਆਰ ਵਿੱਚ ਭਿੱਜ਼ ਜਾਂਦੀ ਹੈ। ਨਵੇਂ ਟੱਬਰ ਵਿੱਚ ਰੁੱਝ ਜਾਂਦੀ ਹੈ, ਪਰ ਕਦੇ ਵੀ ਆਪਣੇ ਬਾਬਲ ਦਾ ਘਰ ਨੀ ਭੁੱਲਦੀ ਤੇ ਸਦਾ ਹੀ ਆਪਣੇ ਬਾਬਲ ਦੇ ਘਰ ਦੀ ਸੁੱਖ ਮਨਾਉਂਦੀ ਰਹਿੰਦੀ ਹੈ, ਜਿਸ ਬਾਰੇ ਹੇਠ ਲਿਖੀਆਂ ਸਤਰਾਂ ਚਾਨਣਾ ਪਾਉਂਦੀਆਂ ਹਨ :

ਵੱਸਦਾ ਰਹੇ ਬਾਬੁਲ ਦਾ ਵਿਹੜਾ ਧੀਆਂ ਦੀ ਇਹੀ ਦੁਆ।

              ਪੁਰਾਤਨ ਕਾਲ ਤੋਂ ਹੀ ਮਾਪਿਆਂ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ, ਉਸ ‘ਤੇ ਅਮਲ ਕਰਨਾ ਅਤੇ ਜਿਥੋਂ ਤੱਕ ਹੋ ਸਕੇ, ਉਨ੍ਹਾਂ ਦੀ ਸੇਵਾ ਕਰਨਾ ਭਾਰਤੀ ਸਭਿਅਤਾ ਦਾ ਇੱਕ ਖ਼ੂਬਸੂਰਤ ਅੰਗ ਰਿਹਾ ਹੈ। ਉਪਨਿਸ਼ਦਾਂ ਵਿੱਚ “ਮਾਤ੍ਰ ਦੇਵੋ ਭਵ:, ਪਿਤ੍ਰ ਦੇਵੋ ਭਵ:“ ਕਹਿ ਕੇ ਮਾਤਾ ਪਿਤਾ ਨੂੰ ਦੇਵਤਿਆਂ ਬਰਾਬਰ ਰੁੱਤਬਾ ਦਿੱਤਾ ਗਿਆ ਹੈ ।
ਪਿਤਾ ਦੇ ਆਦੇਸ਼ ਦਾ ਸਤਿਕਾਰ ਕਰਨ ਲਈ ਹੀ ਸ੍ਰੀ ਰਾਮ ਚੰਦਰ ਰਾਜ ਸਿੰਘਾਸਣ ਤਿਆਗ ਕੇ ਬਾਰਾਂ ਸਾਲ ਬਨਵਾਸ ਦੇ ਕਸ਼ਟ ਸਹਾਰਦੇ ਰਹੇ।
ਪਿਤਾ ਦਾ ਸਤਿਕਾਰ ਕਰਦਿਆਂ ਹੀ ਸਰਵਣ ਆਪਣੇ ਅੰਨ੍ਹੇ ਮਾਪਿਆਂ ਨੂੰ ਤੀਰਥਾਂ ’ਤੇ ਘੁਮਾਉਂਦਾ ਫਿਰਿਆ ਅਤੇ ਇਸੇ ਦੌਰਾਨ ਹੀ ਆਪਣੀ ਜਾਨ ਵੀ ਗੁਆ ਬੈਠਿਆ।
ਪਿਤਾ ਨੇ ਆਪਣੀ ਸਾਰੀ ਉਮਰ ਹੀ ਆਪਣੇ ਬੱਚਿਆਂ ਲਈ ਲਾਈ ਹੁੰਦੀ ਹੈ।ਬਹੁਤ ਸਾਰੇ ਬਲੀਦਾਨ ਕਰਕੇ ਆਪਣੇ ਬੱਚਿਆਂ ਨੂੰ ਮੰਜ਼ਿਲ ਤੱਕ ਪਹੁੰਚਾਇਆ ਹੁੰਦਾ ਹੈ।ਉਸ ਨੂੰ ਬੁਢਾਪੇ ਵਿੱਚ ਵੱਧ ਤੋਂ ਵੱਧ ਸੁੱਖ-ਸਹੂਲਤਾਂ ਪ੍ਰਦਾਨ ਕਰਕੇ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ।ਉਸ ਨੇ ਜਿਹੜੀਆਂ ਰੀਝਾਂ ਸਾਡੇ ਲਈ ਆਪਣੇ ਮਨ ਵਿੱਚ ਹੀ ਦਬਾ ਲਈਆਂ ਸਨ, ਸਾਨੂੰ ਉਸਦੀਆਂ ਉਹ ਰੀਝਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।ਪਿਤਾ ਦਾ ਅਸਲੀ ਸਤਿਕਾਰ ਤਾਂ ਲਗਾਤਾਰ ਉਸ ਦੀ ਆਗਿਆ ਦਾ ਪਾਲਣ ਕਰਕੇ, ਬੁਢਾਪੇ ਵਿੱਚ ਉਸ ਦੀ ਸੇਵਾ ਕਰਕੇ, ਉਸ ਪ੍ਰਤੀ ਹਮੇਸ਼ਾਂ ਪਿਆਰ ਅਤੇ ਸਤਿਕਾਰ ਭਰੀ ਭਾਸ਼ਾ ਦਾ ਪ੍ਰਯੋਗ ਕਰਕੇ, ਬਜ਼ੁੱਰਗ ਅਵੱਸਥਾ ਵਿੱਚ ਉਸ ਦੀਆਂ ਲੋੜਾਂ ਦਾ ਧਿਆਨ ਰੱਖ ਕੇ ਅਤੇ ਆਪਣਾ ਵੱਧ ਤੋਂ ਵੱਧ ਸਮਾਂ ਉਸ ਨੂੰ ਦੇ ਕੇ ਹੀ ਕੀਤਾ ਜਾ ਸਕਦਾ ਹੈ।ਜਿਹੜੇ ਮਾਂ ਬਾਪ ਨੇ ਬਚਪਨ ਵਿੱਚ ਉਂਗਲ ਫੜ ਕੇ ਤੁਹਾਨੂੰ ਚੱਲਣਾ ਸਿਖਾਇਆ ਉਸ ਦਾ ਬੁੱਢੀ ਉਮਰ ਵਿੱਚ ਹੱਥ ਨਾ ਛੱਡੋ।ਮਾਪਿਆਂ ਦੀ ਅਸੀਸ ਲਵੋ।ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਂ-ਬਾਪ ਪ੍ਰਤੀ ਹਮੇਸ਼ਾਂ ਅਹਿਸਾਨਮੰਦ ਰਹੀਏ ਅਤੇ ਉਹਨਾਂ ਪ੍ਰਤੀ ਕੋਈ ਵੀ ਐਸਾ ਵਤੀਰਾ ਨਾ ਅਪਣਾਈਏ ਜਿਸ ਕਾਰਣ ਉਹਨਾਂ ਨੂੰ ਦੁੱਖੀ ਹੋਣਾ ਪਵੇ।
            ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੋ ਮਾਂ-ਪਿਉ ਨੂੰ ਛੱਡ ਕੇ ਬਹੁਤ ਵੱਡਾ ਧਰਮੀ ਹੋਣ ਦਾ ਦਾਅਵਾ ਕਰਦਾ ਫਿਰੇ, ਉਹ ਸਭ ਤੋਂ ਵੱਡਾ ਬੇਈਮਾਨ ਮਨੁੱਖ ਹੈ, ਜੋ ਮਾਂ-ਬਾਪ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਭੁੱਲ ਕੇ ਹੋਰ ਫੋਕੇ ਕਰਮਕਾਂਡਾਂ ਦਾ ਦਿਖਾਵਾ ਕਰਦਾ ਹੈ।
            ਮਾਂ ਬਾਪ ਦਾ ਸਾਡੀ ਜਿੰਦਗੀ ਵਿੱਚ ਅਹਿਮ ਸਥਾਨ ਹੈ।ਇਹ ਪ੍ਰਮਾਤਮਾ ਦੀ ਦਿੱਤੀ ਉਹ ਅਨਮੋਲ ਦਾਤ ਹੈ, ਜੋ ਕਿਤਿਓਂ ਵੀ ਲੱਭਿਆਂ ਨਹੀਂ ਲੱਭਦੀ।
ਕਿਸੇ ਨੇ ਠੀਕ ਹੀ ਕਿਹਾ ਹੈ :

ਤਿੰਨ ਰੰਗ ਨਹੀਂ ਲੱਭਣੇ – ਹੁਸਨ, ਜਵਾਨੀ ਤੇ ਮਾਪੇ।
             ਮਾਂ ਬਾਪ ਦਾ ਕਰਜ਼ਾ ਅਸੀਂ ਸਾਰੀ ਉਮਰ ਨਹੀਂ ਲਾਹ ਸਕਦੇ।ਸਾਨੂੰ ਆਪਣੇ ਘਰਾਂ ਅੰਦਰ ਆਪਣੇ ਬਜ਼ੁਰਗਾਂ ਦਾ ਹਰ ਹਾਲਤ ਵਿੱਚ ਮਾਣ ਸਤਿਕਾਰ ਕਾਇਮ ਰੱਖਣਾ ਸਾਡਾ ਫਰਜ਼ ਬਣਦਾ ਹੈ।ਮਰਨ ਉਪੰਰਤ ਬਜ਼ੁੱਰਗਾਂ ਨਮਿਤ ਕੀਤੇ ਗਏ ਦਿਖਾਵੇ ਵਾਲੇ ਆਡੰਬਰਾਂ ਦਾ ਕੋਈ ਲਾਭ ਨਹੀਂ।ਜੇਕਰ ਇਹਨਾਂ ਦੀ ਸੇਵਾ ਨਹੀ ਕਰਨੀ ਤਾਂ ਧਾਰਮਿਕ ਸਥਾਨਾਂ ‘ਤੇ ਮੱਥਾ ਰਗੜਣ ਦਾ ਕੋਈ ਫਾਇਦਾ ਨਹੀਂ। ਬਜ਼ੁਰਗ ਘਰ ਦੇ ਤਾਲੇ ਹੁੰਦੇ ਹਨ।
ਅੰਤ ਜਸਵਿੰਦਰ ਚਾਹਲ ਦੀ ਕਵਿਤਾ ਦੇ ਇਹਨਾਂ ਬੋਲਾਂ ਨਾਲ ਸੰਪਨ ਕਰਨਾ ਲੋਚਦਾ ਹਾਂ:

ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ, ਨਾ ਰੌਣਕਾਂ ਘਟਾਇਓ ਸੋਹਣਿਓ
ਇਹ ਮਾਲੀ ਨੇ ਬੂਟੇ ਲਾਉਣ ਵਾਲੇ, ਧੁੱਪੇ ਨਾ ਬਿਠਾਇਓ ਸੋਹਣਿਓ
ਧੁੱਪੇ ਨਾ ਬਿਠਾਇਓ ਸੋਹਣਿਓ….।

25072021

ਸ਼ੰਕਰ ਮਹਿਰਾ
ਕ੍ਰਿਸ਼ਨਾ ਨਗਰ, ਖੰਨਾ (ਜਿਲ੍ਹਾ ਲੁਧਿਆਣਾ)
ਸੰਪਰਕ : 98884 05411

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …