Saturday, April 20, 2024

ਪੰਜਾਬ ਦੀ ਮਿੱਟੀ ਨਾਲ ਜੁੜੀ ਇੱਕ ਰੁਮਾਂਟਿਕ ਤੇ ਐਕਸ਼ਨ ਭਰਪੂਰ ਫ਼ਿਲਮ ਹੈ ‘ਉਚਾ ਪਿੰਡ’

ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਅਦਾਕਾਰ ਨਵਦੀਪ ਕਲੇਰ ਤੇ ਅਦਾਕਾਰਾ ਪੂਨਮ ਸੂਦ

ਕਾਮੇਡੀ ਅਤੇ ਵਿਆਹ ਕਲਚਰ ਵਾਲੀਆਂ ਫ਼ਿਲਮਾਂ ਦੀ ਭੀੜ ‘ਚੋਂ ਨਿਕਲਦਿਆਂ ਲਾਕਡਾਊਨ ਤੋਂ ਬਾਅਦ ਪੰਜਾਬੀ ਸਿਨਮੇ ਨੇ ਕਰਵਟ ਲਈ ਹੈ।‘ਉਚਾ ਪਿੰਡ’ ਬਾਰੇ ਇੱਕ ਲੇਖ ਪਹਿਲਾਂ ਸਕੂਲ ਦੀਆਂ ਕਿਤਾਬਾਂ ‘ਚ ਪੜ੍ਹਿਆ ਕਰਦੇ ਸੀ।ਜਿਸ ਬਾਰੇ ਹੁਣ ਇੱਕ ਪੰਜਾਬੀ ਫ਼ਿਲਮ ਵੀ ਬਣਨ ਜਾ ਰਹੀ ਹੈ ਇਸ ਫ਼ਿਲਮ ਦਾ ਪੋਸਟਰ ਬੀਤੇ ਦਿਨੀਂ ਰਲੀਜ਼ ਹੋਇਆ ਹੈ, ਜਿਸ ਤੋਂ ਕਿਸੇ ਪੁਸਤਾਨੀ ਹਵੇਲੀ ਅਤੇ ਉਸਦੇ ਨਾਲ ਜੁੜੇ ਖਾਨਦਾਨੀ ਪੀੜ੍ਹੀਆਂ ਦੀ ਸਾਂਝ ਨਜ਼ਰ ਆਉਂਦੀ ਹੈ।ਹਰਜੀਤ ਰਿੱਕੀ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਐਕਸ਼ਨ, ਰੁਮਾਂਸ ਅਤੇ ਖਾਨਦਾਨੀ ਪ੍ਰੰਪਰਾਵਾਂ ‘ਤੇ ਅਧਾਰਿਤ ਕਹਾਣੀ ਹੈ।ਨਵਦੀਪ ਕਲੇਰ ਅਤੇ ਪੂਨਮ ਸੂਦ ਨੇ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਜਦਕਿ ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸੀਸ ਦੁੱਗਲ, ਮੁਕਲ ਦੇਵ, ਲੱਖਾ ਲਹਿਰੀ, ਸੰਜੂ ਸੋਲੰਕੀ, ਸਵਿੰਦਰ ਵਿੱਕੀ ਵਰਗੇ ਦਿੱਗਜ਼ ਕਲਾਕਾਰ ਵੀ ਆਪਣੇ ਜਬਰਦਸ਼ਤ ਕਿਰਦਾਰਾਂ ‘ਚ ਨਜ਼ਰ ਆਉਣਗੇ।
                     ਨਿਊ ਦੀਪ ਇੰਟਰਟੈਂਨਮੈਂਟ ਅਤੇ 2 ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿਲੋਂ ਦੀ ਇਹ ਫ਼ਿਲਮ ‘ਉਚਾ ਪਿੰਡ’ ਅਜੋਕੇ ਪੰਜਾਬੀ ਸਿਨਮੇ ਤੋਂ ਹਟ ਕੇ ਰੁਮਾਂਟਿਕ ਤੇ ਐਕਸ਼ਨ ਭਰਪੂਰ ਨਿਵੇਕਲੇ ਵਿਸ਼ੇ ਦੀ ਫ਼ਿਲਮ ਹੈ।ਧੂਰੀ ਸ਼ਹਿਰ ਦਾ ਜੰਮਪਲ ਨਵਦੀਪ ਕਲੇਰ ਥੀਏਟਰ ਦਾ ਪਰਪੱਕ ਕਲਾਕਾਰ ਹੈ।ਜਿਸ ਨੇ ਰੁਪਿੰਦਰ ਗਾਂਧੀ ਗੈਂਗਸਟਰ, ਰੁਪਿੰਦਰ ਗਾਂਧੀ ਰੋਬਿਨਹੁਡ, ਸਰਦਾਰ ਮੁਹੰਮਦ, ਸਿਕੰਦਰ 2, ਪ੍ਰਾਹੁਣਾ, ਪੱਤਾ-ਪੱਤਾ ਸਿੰਘਾਂ ਦਾ ਵੈਰੀ, ਇਕੋ ਮਿੱਕੇ ਤੇ ਬਾਲੀਵੱਡ ਫ਼ਿਲਮ ‘ਗੋਲਡ’ ਵਰਗੀਆਂ ਫ਼ਿਲਮਾਂ ‘ਚ ਯਾਦਗਰੀ ਕਿਰਦਾਰ ਨਿਭਾਅ ਕੇ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਥਾਂ ਬਣਾਈ।ਪਹਿਲੀ ਵਾਰੀ ਨਾਇਕ ਦੀ ਭੂਮਿਕਾ ਪ੍ਰਤੀ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਉਸ ਨੇ ਕਿਹਾ ਕਿ ਉਸਨੇ ਜ਼ਿੰਦਗੀ ‘ਚ ਕੁੱਝ ਪਾਉਣ ਲਈ ਹਮੇਸ਼ਾਂ ਹੀ ਸਖ਼ਤ ਮਿਹਨਤ ਅਤੇ ਲਗਨ ਦਾ ਪੱਲਾ ਫੜ੍ਹਿਆ ਹੈ। ਕਿਸੇ ਵੀ ਕਿਰਦਾਰ ਨੂੰ ਨਿਭਾਉਦਿਆਂ ਉਸ ਦੇ ਧੁਰ ਅੰਦਰ ਤੱਕ ਉਤਰ ਜਾਣਾ ਹੀ ਉਸਦਾ ਸੁਭਾਅ ਹੈ।ਜਦ ਇਹ ਫ਼ਿਲਮ ਮਿਲੀ ਤਾਂ ਆਪਣੇ ਕਿਰਦਾਰ ਨੂੰ ਪੜ੍ਹਦਿਆਂ ਮਹਿਸੂਸ ਹੋਇਆ ਕਿ ਇਹ ਮੇਰੇ ਲਈ ਹੀ ਖ਼ਾਸ ਹੈ, ਜਿਸ ਨੂੰ ਉਹਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰਵਾਨ ਕਰਕੇ ਬੇਹਤਰੀਨ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।ਯਕੀਨ ਹੈ ਕਿ ਦਰਸ਼ਕ ਉਸ ਦੇ ਕਿਰਦਾਰ ਨੂੰ ਜਰੂਰ ਪਸੰਦ ਕਰਨਗੇ।
                  ‘ਮੇਰੇ ਯਾਰ ਕਮੀਨੇ, ਅੱਜ ਦੇ ਲਫੰਗੇ, ਮੁੰਡਾ ਫਰੀਦਕੋਟੀਆ, ਯਾਰ ਅਣਮੁਲੇ 2, ਆਦਿ ਫ਼ਿਲਮਾਂ ਵਿੱਚ ਕੰਮ ਕਰਕੇ ਵੱਖਰੀ ਪਛਾਣ ਸਥਾਪਿਤ ਕਰਨ ਵਾਲੀ ਪੂਨਮ ਸੂਦ ਹਰਜੀਤ ਰਿੱਕੀ ਦੀ ਡਾਇਰੈਕਟ ਕੀਤੀ ਲਘੂ ਫ਼ਿਲਮ ‘ਵੰਡ ਨਾਲ ਪਹਿਲੀ ਵਾਰ ਚਰਚਾ ਵਿੱਚ ਆਈ ਸੀ।ਹੁਣ ਇਸ ਨਵੀਂ ਫ਼ਿਲਮ ਨਾਲ ਹੀਰੋਇਨ ਬਣ ਕੇ ਸਾਰੀ ਫ਼ਿਲਮ ਦਾ ਬੋਝ ਆਪਣੇ ਮੋਢਿਆਂ ‘ਤੇ ਚੁੱਕਣਾ ਸੱਚਮੁਚ ਬਹੁਤ ਦਲੇਰੀ ਭਰਿਆ ਕਦਮ ਹੈ।ਪੂਨਮ ਨੂੰ ਇਸ ਫ਼ਿਲਮ ਤੋਂ ਬਹੁਤ ਆਸਾਂ ਹਨ।ਉਸ ਦਾ ਕਿਰਦਾਰ ਇਕ ਦਲੇਰ ਕੁੜੀ ਨਿੰਮੋ ਦਾ ਹੈ ਫ਼ਿਲਮ ਦੇ ਨਾਇਕ ਨਾਲ ਔਖੇ ਵਕਤ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਹੈ।ਇਸ ਨਵੀਂ ਫ਼ਿਲਮ ਵਿੱਚ ਬਤੋਰ ਨਾਇਕਾ ਕੰਮ ਕਰਕੇ ਉਹ ਬਹੁਤ ਖੁਸ਼ ਹੈ।
                 3 ਸਤੰਬਰ ਨੂੰ ਰਲੀਜ਼ ਹੋ ਰਹੀ ਇਸ ਫ਼ਿਲਮ ਦੇ ਨਿਰਦੇਸ਼ਕ ਹਰਜੀਤ ਰਿੱਕੀ ਨੇ ਦੱਸਿਆ ਕਿ ਇਹ ਫ਼ਿਲਮ ਰੁਮਾਂਸ ਅਤੇ ਐਕਸ਼ਨ ਭਰਪੂਰ ਹੈ ਜੋ ਦਰਸ਼ਕਾਂ ਨੂੰ ਨਵਾਂ ਟੇਸਟ ਦੇਵੇਗੀ।ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਤੇ ਮਨਮੋਹਣਾ ਹੈ, ਜੋ ਜਾਨੀ ਤੇ ਬੀ ਪਰਾਕ ਨੇ ਤਿਆਰ ਕੀਤਾ ਹੈ।ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਨਰਿੰਦਰ ਅੰਬਰਸਰੀਆ ਨੇ ਲਿਖਆ ਹੈ।ਪੰਜਾਬ ਦੀ ਮਿੱਟੀ ਨਾਲ ਜੁੜੀ ਇਹ ਫ਼ਿਲਮ ਹਰ ਵਰਗ ਦੇ ਦਰਸ਼ਕ ਨੂੰ ਪਸੰਦ ਆਵੇਗੀ।

ਹਰਜਿੰਦਰ ਜਵੰਦਾ
ਮੋ – 94638 28000

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …