Wednesday, March 27, 2024

ਪਲੇਠੀ ਐਲਬਮ ਟੱਚਵੁੱਡ ਲੈ ਕੇ ਹਾਜ਼ਰ ਹੈ ਗਾਇਕ ਹਰਜ਼ਿੰਦ ਰੰਧਾਵਾ

              ਆਪਣੇ ਸੰਗੀਤ ਵਿੱਚ ਕਈ ਗਾਇਕਾਂ ਨੂੰ ਗਵਾ ਚੁੱਕਾ ਹਰਜ਼ਿੰਦ ਸਿੰਘ ਹੁਣ ਬਤੌਰ ਗਾਇਕ ਸਰੋਤਿਆਂ ਦਾ ਮਨੋਰੰਜ਼ਨ ਕਰੇਗਾ।ਬਚਪਨ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਹਰਜ਼ਿੰਦ ਰੰਧਾਵਾ ਦੀ ਪਹਿਲੀ ਐਲਬਮ ਟੱਚਵੁੱਡ ਰਲੀਜ਼ ਲਈ ਤਿਆਰ ਹੈ।ਵੱਖ ਵੱਖ ਰੰਗਾਂ ਦੇ ਅੱਠ ਖੂਬਸੂਰਤ ਗੀਤਾਂ ਨਾਲ ਲਬਰੇਜ਼ ਇਹ ਐਲਬਮ ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ।
                      ਹਰਜਿੰਦ ਉਹਨਾਂ ਪੰਜਾਬੀ ਗਾਇਕਾਂ ਵਿੱਚੋਂ ਹੈ, ਜੋ ਸੰਗੀਤ ਨੂੰ ਇਬਾਦਤ ਮੰਨਦੇ ਹਨ ਅਤੇ ਸੰਗੀਤ ਦੀ ਸਮਝ ਲੈਣ ਤੋਂ ਬਾਅਦ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਨ।ਮਲੇਰਕੋਟਲਾ ਦੇ ਪਿੰਡ ਧੀਰੋ ਮਾਜ਼ਰਾ ਵਿੱਚ ਸਰਦਾਰ ਤੇਜਵੰਤ ਸਿੰਘ ਅਤੇ ਸ਼੍ਰੀਮਤੀ ਮਨਦੀਪ ਕੌਰ ਦੇ ਘਰ ਜਨਮੇ ਹਰਜਿੰਦ ਰੰਧਾਵਾ ਦਾ ਬਚਪਨ ਤੋਂ ਹੀ ਸੰਗੀਤ ਨਾਲ ਲਗਾਅ ਸੀ।ਉਸ ਦੇ ਇਸ ਸ਼ੌਕ ਨੂੰ ਦੇਖਦਿਆਂ ਹੀ ਮਾਂ ਮਰਹੂਮ ਮਨਦੀਪ ਕੌਰ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਅਤੇ ਗੀਤ ਯਾਦ ਕਰਵਾਉਣੇ ਸ਼ੁਰੂ ਕਰਵਾਏ।ਸਕੂਲ ਦੀ ਬਾਲ ਸਭਾ ਨੇ ਉਸ ਦੇ ਇਸ ਸ਼ੌਕ ਨੂੰ ਹੱਲਾਸ਼ੇਰੀ ਦਿੱਤੀ।ਉਸ ਨੇ ਸਕੂਲ ਦੇ ਨਾਲ-ਨਾਲ ਆਸ ਪਾਸ ਦੇ ਪਿੰਡਾਂ ‘ਚ ਲੱਗਦੇ ਮੇਲਿਆਂ ਵਿੱਚ ਗਾਊਣਾ ਸ਼ੁਰੂ ਕੀਤਾ।ਗਾਇਕੀ ਦੀਆਂ ਬਰੀਕੀਆਂ ਸਿੱਖਣ ਲਈ ਉਸਨੇ ਬਕਾਇਦਾ ਉਸਤਾਦ ਵੀ ਧਾਰਿਆ।ਸਕੂਲ ਤੋਂ ਕਾਲਜ਼ ਪਹੁੰਚਦਿਆਂ ਉਸ ਦੀ ਗਾਇਕੀ ਤੇ ਸੰਗੀਤ ਸਮਝ ਵੀ ਜਵਾਨ ਹੁੰਦੀ ਗਈ।ਉਸਨੇ ਕਈ ਸਾਲ ਕੀਰਤਨ ਵੀ ਕੀਤਾ।
                ਹੌਲੀ-ਹੌਲੀ ਉਸ ਦਾ ਧਿਆਨ ਸੂਫੀ ਗਾਇਕੀ ਵੱਲ ਵੀ ਹੋਇਆ।ਇਸ ਖੇਤਰ ਵਿੱਚ ਅੱਗੇ ਵਧਣ ਲਈ ਉਸ ਨੇ ਬਕਾਇਦਾ ਪਹਿਲਾਂ ਸੂਫੀ ਸੰਗੀਤ ਵਿੱਚ ਬੀ.ਏ ਅਤੇ ਫਿਰ ਸੰਗੀਤ ਦੀ ਐਮ.ਏ ਵੀ ਕੀਤੀ।ਮੁੱਢਲੀ ਸ਼ੁਰੂਆਤ ਵਿੱਚ ਉਸ ਨੂੰ ਗਾਇਕੀ ਦੇ ਨਾਲ ਸੰਗੀਤਕਾਰ ਵਜੋਂ ਜ਼ਿਆਦਾ ਪਹਿਚਾਣ ਮਿਲੀ।ਉਸ ਨੇ ਕਈ ਗਾਇਕਾਂ ਲਈ ਸੰਗੀਤ ਵੀ ਤਿਆਰ ਕੀਤਾ।ਵਕਤ ਨੂੰ ਦੇਖਦਿਆਂ ਉਸ ਨੇ ਸੰਗੀਤ ਦੇ ਨਾਲ-ਨਾਲ ਬਤੌਰ ਗਾਇਕ ਵੀ ਅੱਗੇ ਆਉਣ ਦਾ ਫ਼ੈਸਲਾ ਲਿਆ।ਉਹ ਦੱਸਦਾ ਹੈ ਕਿ ਇਕ ਦਿਨ ਉਸ ਦੀ ਮੁਲਾਕਾਤ ਫ਼ਿਲਮ ਨਿਰਦੇਸ਼ਕ ਲਿਵਤਾਰ ਸਿੰਘ ਸੰਧੂ ਨਾਲ ਹੋਈ।ਉਹ ਲਿਵਤਾਰ ਨਾਲ ਸਬੰਧਿਤ ਕੁੱਝ ਗਾਇਕਾਂ ਲਈ ਮਿਊਜ਼ਿਕ ਤਿਆਰ ਕਰ ਚੁੱਕਾ ਸੀ।ਲਿਵਤਾਰ ਨੇ ਉਸ ਨੂੰ ਬਤੌਰ ਗਾਇਕ ਅੱਗੇ ਆਉਣ ਦੀ ਹੱਲਾਸ਼ੇਰੀ ਦਿੱਤੀ।ਲਿਵਤਾਰ ਨੇ ਹੀ ਉਸ ਨੂੰ ਟੱਚਵੁੱਡ ਪ੍ਰੋਡਕਸ਼ਨ ਦੇ ਮਾਲਕ ਗੁਰਪ੍ਰੀਤ ਧਾਲੀਵਾਲ ਨਾਲ ਮਿਲਵਾਇਆ। ਗੁਰਪ੍ਰੀਤ ਧਾਲੀਵਾਲ ਅਤੇ ਲਿਵਤਾਰ ਸੰਧੂ ਦੇ ਸਾਂਝੇ ਉਪਰਾਲੇ ਨਾਲ ਹੀ ਉਸ ਦੀ ਪਹਿਲੀ ਐਲਬਮ ਟੱਚਵੁੱਡ ਰਲੀਜ਼ ਹੋਈ ਹੈ।ਇਸ ਐਲਬਮ ਵਿੱਚ ਅੱਠ ਗੀਤ ਸ਼ਾਮਲ ਕੀਤੇ ਗਏ ਹਨ।ਸਾਰੇ ਹੀ ਗੀਤ ਵੱਖ-ਵੱਖ ਸੁਭਾਅ ਦੇ ਹਨ ਅਤੇ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰਣ ਵਾਲੇ ਹਨ।ਐਲਬਮ ਬਾਰੇ ਹਰਜਿੰਦ ਦੱਸਦਾ ਹੈ ਕਿ ਇਹਨਾਂ ਸਾਰੇ ਗੀਤਾਂ ਦਾ ਮਿਊਜ਼ਿਕ ਉਸਨੇ ਖੁਦ ਹੀ ਦਿੱਤਾ ਹੈ।
                   ਐਲਬਮ ਦਾ ਪਹਿਲਾ ਗੀਤ ਹੈ, ਕੋਈ ਫ਼ਰਕ ਨਹੀ ਪੈਦਾ ਗੀਤਕਾਰ ਤਲਬੀ ਦਾ ਲਿਖਿਆ ਹੈ।ਦੂਜਾ ਗੀਤ ਮਿੱਠੀਏ ਗੀਤਕਾਰ ਸਨ ਦਾ ਹੈ, ਜਦਕਿ ਐਲਬਮ ਦਾ ਟਾਈੲਲ ਗੀਤ ਟੱਚਵੁੱਡ ਜੀ ਧਾਲੀਵਾਲ ਨੇ ਲਿਖਿਆ ਹੈ। ਗੀਤਕਾਰ ਤਲਬੀ ਦੇ ਤਿੰਨ ਹੋਰ ਗੀਤ ਸਵਰਗ ਦੀਆਂ ਪਰੀਆਂ, ਤੇਰੇ ਨੈਣ ਅਤੇ ਮੇਰੀ ਜਾਨ ਲਿਖੇ ਹਨ।ਇਕ ਗੀਤ ਦਿਲ ਗੀਤਕਾਰ ਦਿਲ ਖਾਨ ਨੇ ਲਿਖਿਆ ਹੈ।ਇਹ ਸਾਰੇ ਹੀ ਗੀਤ ਹਰ ਵਰਗੇ ਦੇ ਸਰੋਤਿਆਂ ਨੂੰ ਪਸੰਦ ਆਉਣਗੇ। ਇਹਨਾਂ ਗੀਤ ਦੇ ਮਿਊਜ਼ਿਕ ਵੀਡੀਓਜ਼ ਨਿਰਦੇਸ਼ਕ ਲਿਵਤਾਰ ਸੰਧੂ ਨੇ ਤਿਆਰ ਕੀਤੇ ਹਨ।ਐਲਬਮ ਦੇ ਮਿਊਜ਼ਿਕ ਵੀਡੀਓਜ਼ ਵਿੱਚ ਵੀ ਸਰੋਤਿਆਂ ਨੂੰ ਕੁਝ ਵੱਖਰਾ ਦੇਖਣ ਨੂੰ ਮਿਲੇਗਾ।ਹਰਜਿੰਦ ਮੁਤਾਬਕ ਉਸਦੀ ਗਾਇਕੀ ਦਾ ਇਕ ਵੱਖਰਾ ਅੰਦਾਜ਼ ਅਤੇ ਸੁਭਾਅ ਹੈ।ਉਸ ਨੂੰ ਹਮੇਸ਼ਾਂ ਕਾਇਮ ਰੱਖੇਗਾ।ਬੇਸ਼ੱਕ ਅੱਜ ਕੱਲ ਹਥਿਆਰਾਂ ਵਾਲੀ ਗਾਇਕੀ ਭਾਰੂ ਹੈ, ਪਰ ਉਹ ਇਸ ਸਭ ਕੁੱਝ ਤੋਂ ਦੂਰ ਦਿਲ ਨੂੰ ਸਕੂਨ ਦੇਣ ਵਾਲੇ ਗੀਤ ਹੀ ਗਾਵੇਗਾ।ਚਾਹੇ ਉਸ ਨੂੰ ਸਰੋਤਿਆਂ ਦਾ ਹਰਦਿਲ ਅਜ਼ੀਜ਼ ਬਣਨ ‘ਚ ਵਕਤ ਲੱਗੇ, ਪਰ ਉਹ ਆਪਣੇ ਰਾਹ ਨਹੀ ਛੱਡੇਗਾ।ਕਿਸੇ ਦੇ ਰਾਹ ‘ਤੇ ਚੱਲਣ ਨਾਲ ਉਹ ਆਪਣਾ ਵੱਖਰਾ ਰਾਹ ਬਣਾਉਣ ਪਸੰਦ ਕਰਦਾ ਹੈ।07092021

ਹਰਜਿੰਦਰ ਸਿੰਘ
ਮੋ – 94638 28000

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …