ਛੀਨਾ ਤੇ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ
ਅੰਮ੍ਰਿਤਸਰ, 1 ਦਸੰਬਰ (ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਆਪਣੇ 131 ਸਾਲਾ ਇਤਿਹਾਸ ਦੌਰਾਨ ਦੇਸ਼ ਅਤੇ ਕੌਮ ਨੂੰ ਕਈ ਅਨਮੋਲ ਹੀਰੇ ਪ੍ਰਦਾਨ ਕੀਤੇ ਹਨ, ਜਿਨ੍ਹਾਂ ਨੇ ਸਮਾਜ ’ਚ ਵਿਚਰਦਿਆਂ ਆਪਣੇ ਮਾਤਾਪਿਤਾ ਅਤੇ ਕਾਲਜ ਦਾ ਨਾਮ ਰੌਸ਼ਨਾਇਆ ਹੈ।ਭਾਵੇਂ ਉਹ ਕ੍ਰਿਕੇਟ ਬਿਸ਼ਨ ਸਿੰਘ ਬੇਦੀ ਹੋਵੇ, ਹਾਕੀ ਖਿਡਾਰੀ ਬਲਬੀਰ ਸਿੰਘ, ਅਦਾਕਾਰ ਪ੍ਰਵੀਨ ਕੁਮਾਰ, ਅਮਰਿੰਦਰ ਗਿੱਲ, ਪਹਿਲਵਾਨ ਕਰਤਾਰ ਸਿੰਘ, ਮੇਜ਼ਰ ਜਨ: ਗੁਰਬਖਸ਼ ਸਿੰਘ, ਪ੍ਰਤਾਪ ਸਿੰਘ ਕੈਰੋਂ ਆਦਿ ਅਜਿਹੇ ਕਈ ਹੀਰੇ ਖ਼ਾਲਸਾ ਕਾਲਜ ਦੀ ਦੇਣ ਹਨ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਹ ਵਿਚਾਰ ਜ਼ੋਨਲ ਯੁਵਕ ਮੇਲੇ ਦੌਰਾਨ ਓਵਰਆਲ ਟਰਾਫ਼ੀ ਹਾਸਲ ਕਰਨ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਨੇ ਪੂਰਵਜ਼ਾਂ ’ਤੇ ਮਿੱਥੇ ਟੀਚੇ ਨੂੰ ਅਪਣਾਉਂਦਿਆਂ ਵਿਦਿਆਰਥੀਆਂ ਨੂੰ ਹਰੇਕ ਤਰ੍ਹਾਂ ਦੀ ਪੜ੍ਹਾਈ, ਖੇਡਾਂ ਤੇ ਹੋਰਨਾਂ ਗਤੀਵਿਧੀਆਂ ਲਈ ਬਣਦੀ ਸਹੂਲਤ ਦੇਣ ਦਾ ਤਹੱਈਆ ਕੀਤਾ ਹੈ, ਜਿਸ ਕਾਰਨ ਕੌਂਸਲ ਅਧੀਨ ਆਉਂਦੇ ਸਮੂਹ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਆਪਣੀਆਪਣੀ ਕਾਬਲੀਅਤ ਨੂੰ ਮੰਚ ’ਤੇ ਪੇਸ਼ ਕਰਕੇ ਸੰਸਥਾ, ਜ਼ਿਲੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ।ਛੀਨਾ ਨੇ ਵਿਦਿਆਰਥੀਆਂ ਦੀ ਉਕਤ ਉਪਲਬੱਧੀ ’ਤੇ ਭਵਿੱਖ ਸਿਖਰਾਂ ਛੂਹਣ ਦੀ ਕਾਮਨਾ ਕੀਤੀ।
ਕਾਲਜ ਡਾ. ਮਹਿਲ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਏ’ ਜ਼ੋਨ ਜ਼ੋਨਲ ਯੁਵਕ ਮੇਲੇ ਦੀ ‘ਏ’ ਡਵੀਜ਼ਨ ਦੀ ਓਵਰਆਲ ਚੈਂਪੀਅਨ ਟਰਾਫੀ ’ਤੇ ਕਬਜ਼ਾ ਕਰਦਿਆਂ ਜਿੱਤ ਦੇ ਨਿਸ਼ਾਨ ’ਤੇ ਮਾਅਰਕਾ ਮਾਰਿਆ ਲਗਾਇਆ ਹੈ।ਜਦ ਇਸ ‘ਬੀ’ ਡਵੀਜ਼ਨ ਦੀ ਓਵਰਆਲ ਚੈਂਪੀਅਨ ਟਰਾਫੀ ਐਸ.ਡੀ.ਐਸ.ਪੀ.ਐਮ ਕਾਲਜ ਫਾਰ ਵਿਮਨ, ਰਈਆ ਨੇ ਜਿੱਤੀ।ਉਨ੍ਹਾਂ ਕਿਹਾ ਕਿ ਉਕਤ ਫੈਸਟੀਵਲ ਦੌਰਾਨ 30 ਤੋਂ ਵਧੇਰੇ ਮੁਕਾਬਲਿਆਂ ’ਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਕਲਾਕਾਰਾਂ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਕਾਲਜ ਦੀ ਟੀਮ ਨੇ ਭੰਗੜਾ, ਝੂਮਰ, ਗਰੁੱਪ ਸ਼ਬਦ, ਵਨ ਐਕਟ ਪਲੇਅ, ਸਕਿੱਟ, ਮਮਿਕਰੀ, ਵਾਰ, ਕਵੀਸ਼ਰੀ, ਗਜ਼ਲ, ਫੋਕ ਡਾਂਸ ਆਦਿ 16 ਵੱਖ-ਵੱਖ ਮੁਕਾਬਲਿਆਂ ’ਚ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ।ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ’ਚ ਕਾਲਜ ਨੇ 8 ਪੇਸ਼ਕਾਰੀਆਂ ’ਚ ਦੂਜਾ ਅਤੇ 5 ਪੇਸ਼ਕਾਰੀਆਂ ’ਚ ਤੀਸਰਾ ਸਥਾਨ ਹਾਸਲ ਕੀਤਾ।
ਡਾ. ਮਹਿਲ ਸਿੰਘ ਨੇ ਯੁਵਕ ਭਲਾਈ ਵਿਭਾਗ ਦੇ ਮੁਖੀ ਦਵਿੰਦਰ ਸਿੰਘ, ਡਾ. ਸੁਰਜੀਤ ਕੌਰ, ਡਾ. ਦੀਪਕ ਦੇਵਗਨ ਦੁਆਰਾ ਵਿਦਿਆਰਥੀਆਂ ਨੂੰ ਕਰਵਾਈ ਗਈ ਸਖ਼ਤ ਮਿਹਨਤ ਅਤੇ ਫ਼ੈਸਟੀਵਲ ਵੇਲੇ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਅਗਾਂਹ ਭਵਿੱਖ ’ਚ ਅਜਿਹੇ ਸੇਵਾਵਾਂ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਡਾ. ਮਹਿਲ ਸਿੰਘ ਨੇ ਟੀਮ ਦਾ ਕਾਲਜ ਵਿਖੇ ਸਵਾਗਤ ਕਰਦਿਆਂ ਉਨ੍ਹਾਂ ਨਾਲ ਯਾਦਗਾਰੀ ਤਸਵੀਰ ਕਰਵਾਉਂਦਿਆਂ ਸਭਨਾ ਦਾ ਮੂੰਹ ਮਿੱਠਾ ਕਰਵਾਇਆ।