Saturday, March 25, 2023

ਸਿੱਖ ਜਥੇਬੰਦੀਆਂ ਵਲੋਂ ਸਮਰਾਲਾ ’ਚ ਵਿਸ਼ਾਲ ਧਰਨਾ- ਰਾਸ਼ਟਰਪਤੀ ਅਤੇ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ

ਪੰਜ ਮੈਂਬਰੀ ਕਮੇਟੀ 28 ਨੂੰ ਮੀਟਿੰਗ ਉਪਰੰਤ ਕਰੇਗੀ ਨਵੇਂ ਪ੍ਰੋਗਰਾਮ ਦਾ ਐਲਾਨ

ਸਮਰਾਲਾ, 9 ਸਤੰਬਰ (ਇੰਦਰਜੀਤ ਸਿੰਘ ਕੰਗ) – ਪੂਰੇ ਭਾਰਤ ਕੀ ਪੰਜਾਬ ਅੰਦਰ ਵੀ ਸਿੱਖਾਂ ਪ੍ਰਤੀ ਜਿਸ ਤਰ੍ਹਾਂ ਦੀ ਨਸਲਕੁਸ਼ੀ ਚੱਲ ਰਹੀ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਜੋ ਬਹੁਤ ਹੀ ਚਿੰਤਾ ਵਾਲੀ ਗੱਲ ਹੈ।ਇਸ ਕਾਰਨ ਆਪਣੇ ਹੱਕ ਲੈਣ ਲਈ ਸੰਘਰਸ਼ ਕਰਨਾ ਜਰੂਰੀ ਹੋ ਗਿਆ ਹੈ।ਇਹ ਪ੍ਰਗਟਾਵਾ ਸਿੱਖ ਕੌਮ ਲਈ ਲੜਨ ਵਾਲੇ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਸੰਘਰਸ਼ ਨੂੰ ਕੁੱਝ ਦਿਨਾਂ ਲਈ ਵਿਰਾਮ ਦੇਣ ਮੌਕੇ ਸਮਰਾਲਾ ਦੇ ਮੇਨ ਚੌਂਕ ਵਿੱਚ ਲਗਾਏ ਗਏ ਵਿਸ਼ਾਲ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਸੁਜਾਨ ਸਿੰਘ ਮੰਜ਼ਾਲੀਆਂ ਵਲੋਂ ਕਹੇ ਗਏ।ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਏ ਧਰਨੇ ਦਾ ਮੁੱਖ ਮਕਸਦ ਆਪਣੀ ਅਵਾਜ਼ ਸਰਕਾਰ ਤੱਕ ਪਹੰੁਚਾਉਣਾ ਸੀ, ਜਿਸ ਲਈ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ ਹਾਂ।ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਪੰਜਾਬ ਦੀ ਅਣਖ, ਆਬ ਅਤੇ ਬੇਇਨਸਾਫੀ ਲਈ ਲੜਾਈ ਲੜਨ ਵਾਲੇ ਸਿੱਖ ਯੋਧੇ ਜੋ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਉਮਰ ਕੈਦ ਵਿੱਚ ਸਜ਼ਾ ਭੋਗ ਚੁੱਕੇ ਹਨ, ਪ੍ਰੰਤੂ ਵੱਖ-ਵੱਖ ਸਰਕਾਰਾਂ ਆਪਣੀ ਬਦਨੀਤੀ ਕਾਰਨ ਅਜੇ ਵੀ ਜੇਲਾਂ ਅੰਦਰ ਡੱਕੀ ਬੈਠੀਆਂ, ਜੋ ਅੰਗਰੇਜ਼ਾਂ ਤੋਂ ਵੀ ਵੱਧ ਮਾੜੀਆਂ ਹਨ।ਵੱਖ-ਵੱਖ ਸਿੱਖ ਆਗੂਆਂ ਨੇ ਵੱਖ ਵੱਖ ਜੇਲ੍ਹਾਂ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਪੀਲ ਕੀਤੀ ਗਈ ਤਾਂ ਜੋ ਉਹ ਆਪਣੀ ਰਹਿੰਦੀ ਜ਼ਿੰਦਗੀ ਆਪਣੇ ਪਰਿਵਾਰ ਨਾਲ ਗੁਜ਼ਾਰ ਸਕਣ।
ਵਿਸ਼ਾਲ ਰੋਸ ਧਰਨੇ ਉਪਰੰਤ ਸਮੂਹ ਸਿੱਖ ਜਥੇਬੰਦੀਆਂ ਵਲੋਂ ਐਸ.ਡੀ.ਐਮ ਸਮਰਾਲਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਮੋਰੰਡਮ ਭੇਜੇ ਗਏ, ਜਿਸ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ।ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਪੱਤਰ ਸਮਰਾਲਾ ਦੇ ਤਹਿਸੀਲਦਾਰ ਵਿਕਾਸ ਸ਼ਰਮਾ ਨੇ ਧਰਨੇ ਵਾਲੇ ਸਥਾਨ ਤੇ ਪੁੱਜ ਕੇ ਪ੍ਰਾਪਤ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਸਬੰਧਿਤ ਮਹਿਕਮਿਆਂ ਕੋਲ ਪੁੱਜਦਾ ਕੀਤਾ ਜਾਵੇਗਾ।ਧਰਨਾ ਸਮਾਪਤ ਕਰਨ ਮੌਕੇ ਸਮੂਹ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਅਤੇ ਕੇਂਦਰ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਲਦੀ ਕੋਈ ਯੋਗ ਕਦਮ ਨਾ ਚੁੱਕੇ ਤਾਂ 28 ਸਤੰਬਰ ਨੂੰ ਸਿੱਖ ਜਥੇਬੰਦੀਆਂ ਨੂੰ ਸੇਧ ਦੇਣ ਲਈ ਬਣਾਈ ਪੰਜ ਮੈਂਬਰੀ ਕਮੇਟੀ ਮੀਟਿੰਗ ਕਰਕੇ, ਅਗਲੇ ਵੱਡੇ ਸੰਘਰਸ਼ ਦਾ ਐਲਾਨ ਕਰੇਗੀ।
ਅੱਜ ਦੇ ਧਰਨੇ ਵਿੱਚ ਉਪਰੋਕਤ ਤੋਂ ਇਲਾਵਾ ਸੁਜਾਨ ਸਿੰਘ ਮੰਜ਼ਾਲੀ, ਸੁਖਵਿੰਦਰ ਸਿੰਘ ਭਗਵਾਨਪੁਰਾ, ਭਾਈ ਗੁਰਪ੍ਰੀਤ ਸਿੰਘ ਖਾਲਸਾ, ਗੁਰਜੀਤ ਸਿੰਘ ਖਾਲਸਾ, ਨੀਰਜ਼ ਸਿਹਾਲਾ, ਬਲਵਿੰਦਰ ਸਿੰਘ ਦੋਰਾਹਾ, ਮੋਹਣ ਸਿੰਘ ਦੋਰਾਹਾ, ਹਰਦੀਪ ਸਿੰਘ ਗਿਆਸਪੁਰਾ ਬੀ.ਕੇ.ਯੂ, ਲਾਭ ਸਿੰਘ ਕੋਟਾਂ, ਅਮਰਜੀਤ ਸਿੰਘ ਬਾਲਿਓਂ, ਜੋਰਾਵਰ ਸਿੰਘ ਗੜ੍ਹੀ, ਸਤਵੰਤ ਸਿੰਘ ਭੈਣੀ ਸਾਹਿਬ, ਪਰਮਜੀਤ ਸਿੰਘ, ਗੁਰਨਾਮ ਸਿੰਘ, ਪ੍ਰੋ. ਜਸਪਾਲ ਸਿੰਘ, ਨਛੱਤਰ ਸਿੰਘ, ਮਨਮੋਹਨ ਸਿੰਘ ਕਕਰਾਲਾ, ਹਰਪ੍ਰੀਤ ਸਿੰਘ ਗੜ੍ਹੀ ਤਰਖਾਣਾ, ਮਨਪ੍ਰੀਤ ਸਿੰਘ ਘੁਲਾਲ, ਬਲਜੀਤ ਸਿੰਘ ਲਾਟੋਂ, ਗੁਰਜੀਤ ਸਿੰਘ ਗੜ੍ਹੀ ਤਰਖਾਣਾਂ, ਉਜਾਗਰ ਸਿੰਘ ਚਹਿਲਾਂ, ਬੰਤ ਸਿੰਘ ਸਮਰਾਲਾ, ਗੁਰਦੀਪ ਸਿੰਘ ਘਰਖਣਾ, ਪਵਿੱਤਰ ਸਿੰਘ ਭੜੀ ਆਦਿ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਸਿੱਖ ਜਥੇਬੰਦੀਆਂ ਦੇ ਕਾਰਕੁੰਨ ਹਾਜ਼ਰ ਸਨ।ਨੀਰਜ਼ ਸਿਹਾਲਾ ਅਤੇ ਗੁਰਪ੍ਰੀਤ ਸਿੰਘ ਖਾਲਸਾ ਨੇ ਤਿੰਨ ਦਿਨਾਂ ਭੁੱਖ ਹੜਤਾਲ ਅਤੇ ਧਰਨੇ ਵਿੱਚ ਪੁੱਜੀਆਂ ਵੱਖ-ਵੱਖ ਸਖਸ਼ੀਅਤਾਂ, ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਦੀ ਸਮੁੱਚੀ ਸਾਧ ਸੰਗਤ ਤੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਲਾਅ ਵਿਖੇ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ

121 ਦੇਸ਼ ਭਗਤਾਂ ’ਚੋਂ 93 ਸਿੱਖਾਂ ਨੇ ਚੁੰਮੇ ਫਾਂਸੀ ਦੇ ਰੱਸੇ – ਡਾ. ਜਸਪਾਲ ਸਿੰਘ …