Saturday, April 20, 2024

ਵੰਡ (ਮਿੰਨੀ ਕਹਾਣੀ)

“ਲੈ ਦੱਸੋ ਜੀ…ਇਹਦਾ ਕੀ ਹੱਕ ਐ ਬੁੜੇ-ਬੁੜੀ ਦੀ ਜ਼ਮੀਨ ‘ਤੇ, ਰੋਟੀ ਤਾਂ ਇਨ੍ਹਾਂ ਨੂੰ ਮੈਂ ਦਿੰਨਾ”, ਪੰਚਾਇਤ ਵਿਚ ਖੜ੍ਹਾ ਸ਼ੇਰਾ ਲੋਹਾ ਲਾਖਾ ਹੋ ਰਿਹਾ ਸੀ।ਉਸਦੇ ਵੱਡੇ ਭਾਈ ਨਾਲ ਜ਼ਮੀਨ ਦੇ ਰੌਲੇ ਨੂੰ ਲੈ ਕੇ ਮਸਲਾ ਚੱਲ ਰਿਹਾ ਸੀ।
“ਨਾ ਸਰਪੰਚ ਜੀ…ਰੋਟੀ ਨਾਲੇ ਜ਼ਮੀਨ ਵੰਡ ਲੈਨੇ ਐਂ, ਇਹ ਕੀ ਰੌਲਾ……ਦੇ ਕੇ ਬੁੜੇ-ਬੁੜੀ ਨੂੰ ਦੋ ਮੰਨੀਆਂ ਚਾਰ ਵਿੱਘੇ ਜ਼ਮੀਨ ਦੱਬੀ ਬੈਠਾ ਐ। ਸਾਰੀ ਕਮਾਈ ਖਾਂਦਾ।ਨਾ ਮੈਂ ਕੀ ਇਨ੍ਹਾਂ ਦਾ ਪੁੱਤਰ ਨ੍ਹੀਂ, ਇਹ ‘ਜਦਾ ਆ ਕੋਈ ਵੱਡਾ”, ਵੱਡੇ ਭਾਈ ਰਾਜੇ ਨੇ ਕਿਹਾ ਅਤੇ ਸ਼ੇਰਾ ਗਰਜ਼ਿਆ, “ਨਾ ਪੰਚਾਇਤੇ, ਬੁੜੇ-ਬੁੜੀ ਨੂੰ ਮੈਂ ਸਾਂਭਦਾ, ਦਵਾਈ ਮੇਰੇ ਪੱਲਿਓ। ਜਾ ਤਾਂ ਇਹ ਜਮ੍ਹਾ ਹੀ ਆਬਦੇ ਨਾਲ ਰਲਾਵੇ ਸਾਲ-ਸਾਲ ਭਰ ਲਈ”।
“ਕਿੱਥੋਂ ਇਹ ਜੁੱਲੀ ਬਿਸਤਰਾ ਰਾਹਾਂ ‘ਚ ਚੱਕੀ ਫਿਰਨਗੇ”, ਵੱਡੇ ਭਾਈ ਰਾਜੇ ਨੇ ਆਪਣਾ ਰੱਖਿਆਂ ਕਿਹਾ। “ਬੱਲੇ ਓਏ ਤੇਰੇ…ਬਾਹਲੇ ਸਿਆਣੇ ਐ, ਦੇਖ ਖ੍ਹਾਂ ਖਾ ਕੇ ਬੁੜੇ-ਬੁੜੀ ਦੇ ਹੱਡ ਹੁਣ ਮੰਜੇ ਤੇ ਪਿਆਂ ਨੂੰ ਮੇਰੇ ਕੰਨੀਂ ਧੱਕ ਦਿੰਦੇ……ਹਿੱਸਾ ਵੰਡ ਕੇ ਦੇਹ, ਦਵਾਈ ‘ਚ ਅੱਧ ਦੇ ਪੈਸੇ ਦਿਆ ਕਰੂੰ”, ਸ਼ੇਰੇ ਨੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ।
ਇਸ ਤੋਂ ਪਹਿਲਾਂ ਸਰਪੰਚ ਕੁੱਝ ਬੋਲਦਾ ਸ਼ੇਰੇ ਤੇ ਰਾਜੇ ਦੀ ਮਾਂ ਅੱਗੇ ਹੋ ਬੋਲ ਪਈ, “ ਵੇ ਬਸ ਕਰੋ ਵੱਡਿਓ ਸਪੂਤੋ, ਘੰਟਾ ਹੋ ਗਿਆ ਰੋਟੀ-ਰੋਟੀ ਲਾਈਐ।ਵੇ ਫੁੱਲਾਂ ਵਾਂਗੂੰ ਪਾਲ਼ੇ ਸੀ, ਤੁਸੀਂ ‘ਕੱਲੀ ਰੋਟੀ……ਕੀ ਸੋਨੂੰ ਤਲੀਏ ਚੋਗ ਚੁਗਾਇਆ ਵੇ।ਜਿੰਨਾ ਚਿਰ ਥੋਡੇ ਮੂੰਹ ‘ਚ ਬੁਰਕੀਅ ਨਾ ਪਾਉਂਦੀ ਮੈਨੂੰ ਰੋਟੀ ਚੰਗੀ ਨਾ ਲੱਗਦੀ।ਜੋ ਵੀ ਤੁਸੀਂ ਮੰਗਦੇ, ਕੀ ਖਾਣ-ਪੀਣ, ਕੱਪੜਾ-ਲੀੜਾ, ਪੜ੍ਹਾਈ-ਲਿਖਾਈ ਹਰ ਚੀਜ਼ ਹਾਜ਼ਰ ਕਰਦੇ ਤੀ।ਮੈਂ ਤੇ ਤੁਹਾਡਾ ਬਾਪੂ ਸਾਰਾ ਦਿਨ ਇਹ ਸੋਚਦੇ ਕਿ ਸਾਡੇ ਜਾਵਾਕਾਂ ਕੋਲ ਦੁਨੀਆਂ ਦਰ ਚੀਜ਼ ਹੋਵੇ।ਥੋਡਾ ਸਿਰ ਵੀ ਦੁਖਦਾ ਮੇਰੀ ਰਾਤਾਂ ਦੀ ਨੀਂਦ ਉਡ ਜਾਂਦੀ।ਵੇ ਅਸੀਂ ਕਿਤੇ ਅੱਖ ‘ਚ ਦਵਾਈ ਦੇ ਦੋ ਤੁਪਕੇ ਪਾਉਣ ਨੂੰ ਕਹਿ ਦੇਈਏ ਸਾਰਾ ਟੱਬਰ ਨੱਕ ਬੁੱਲ੍ਹ ਕੱਢਦਾ ਰਹਿੰਦਾ।ਵੇ ਮਾਂ ਬਾਪ ਦਾ ਕੀ ਦੇਣਾ ਦੇਵੋਗੇ ਤੁਸੀਂ, ਇਹ ਦੋ ਮੰਨੀਆਂ ਤੇ ਵੀ ਪੰਚਾਇਤ ‘ਚ ਲਿਆ ਕੇ ਖੜ ‘ਗੇ। ਸ਼ਰਮ ਆਉਂਦੀ ਐ ਇਹ ਨਿਕੰਮੀ ‘ਲਾਦ ਮੈਂ ਜੰਮੀ ਐ।ਵੇ ਹੱਡ ਗਾਲ਼ੇ…ਦੇਹੋਂ ਖੇਹ ਕਰਲੀ ਥੋਡੀ ਖਾਤਰ, ਵੇ ਅਸੀਂ ਤਾਂ ਐਨਾ ਕਰਕੇ ਵੀ ਕਦੇ ਕਿਸੇ ਨੂੰ ਕਹਿ ਕੇ ਨਾ ਸੁਣਾਇਆ ਵੀ।ਅਸੀਂ ਆਬਾਦੀ ‘ਲਾਦ ਖਾਤਰ ਇਹ ਕਰਿਆ। ਵੇ ਤੁਸੀਂ ਦੋ ਮੰਨੀਆਂ ਦੇ ਕੇ ਸਾਰੇ ਜਹਾਨ ‘ਚ ਡੰਡ ਪਾਉਂਦੇ ਫਿਰਦੇ ਹੋ, ਅਸੀਂ ਰੋਟੀ ਦਿੰਦੇ, ਰੋਟੀ ਦਿੰਦੇ ਐਂ।ਜੇ ਐਡਾ ਕਰਜ਼ਾ ਉਤਾਰਨਾ ਸਾਡਾ, ਐਡੇ ਸਪੁੱਤਰ ਕਹਾਉਣਾ ਤਾਂ ਉਵੇਂ ਸੰਭਾਲੋ ਜਿਵੇਂ ਅਸੀਂ ਦਿੱਤਾ ਉਵੇਂ ਸਾਡੀ ਫ਼ਿਕਰ ਸਾਡਾ ਮੋਹ ਕਰੋ।ਮੂੰਹ ‘ਚ ਬੁਰਕੀਆਂ ਕਿੱਥੇ ਪਾ ਦੇਵੋਗੇ, ਕਦੇ ਦੋ ਵੇਲੇ ਪੁੱਛਿਆ ਕਿ ਬੇਬੇ-ਬਾਪੂ ਰੋਟੀ ਖਾ ਲਈ ਜਾਂ ਨਹੀਂ।ਸਾਰੇ ਟੱਬਰ ਦੇ ਬੋਲ ਕੁਬੋਲ ਤਾਂ ਬੁੜੇ-ਬੁੜੀ ਦੀ ਭੁੱਖ ਉਈਂ ਮਾਰੀ ਰੱਖਦੇ ਐ।ਵੇ ਕਿਹੜੀਆਂ ਰੋਟੀਆਂ ਦਾ ਗੁਮਾਨ ਚੱਕੀ ਫਿਰਦੇ ਤੁਸੀਂ, ਵੇ ਜ਼ਮੀਨਾਂ ਨਾਲ ਰੋਟੀ ਦੀ ਗੱਲ ਕਰਦੇ। ਕਿਹੜੀਆਂ ਦੌਲਤਾਂ ਨਾਲ ਲੈ ਕੇ ਜੰਮੇ ਤੀ।ਜਿਹੜੀਆਂ ਮੈਂ ਹੱਥੀਂ ਰਾੜ ਰਾੜ ਖਵਾਈਆਂ, ਮੈਂ ਤਾਂ ਕਦੇ ਕਿਹਾ ਨਾ ਕਿ ਪੈਸੇ ਜ਼ਮੀਨ ਦੇਵੋ ਪਹਿਲਾਂ, ਫਿਰ ਰੋਟੀ ਦਵਾਈ ਦੇਵਾਵਾਂਗੀ।ਅਸੀਂ ਤਾਂ ਕਿਹਾ ਵੀ ਨ੍ਹੀਂ ਅਸੀਂ ਥੋਡੀ ਖਾਤਰ ਅਰਦਾਸਾਂ ਲਈ ਮੱਥੇ ਟੇਕ ਟੇਕ ਮੱਥੇ ਘਸਾਏ, ਥੋਡੀ ਸਲਾਮਤੀ ਲਈ ਨਹੀਂ ਕਰਿਆ ਵੇ ਅਸੀਂ।ਵੇ ਤੁਸੀਂ ਮੂੰਹ ਕਦੀ ਮੋਹ ਦੇ ਬੋਲ ਨਾ ਬੋਲੇ………ਚਲ ਉਠ ਸ਼ੇਰੇ ਦੇ ਬਾਪੂ ਜਿਹੜੇ ਰੱਬ ਨੇ ਸਾਜੇ ਉਹੀ ਹੀਲਾ ਕਰੂ, ਜਦ ਏਨ੍ਹਾਂ ਦਾ ਐਨਾ ਕਰ ਸਕਦੇ ਹਾਂ, ਫਿਰ ਆਪ ਦੋ ਵਕਤ ਜੋਗਾ ਵੀ ਨਾ ਕਮਾ ਸਕਾਂਗੇ, ਚਲ ਆਪ ਕਮਾ ਕੇ ਖਾਵਾਂਗੇ…ਚਾਹੇ ਦੋ ਰੋਟੀਆਂ ‘ਤੇ ਦਿਹਾੜੀ ਕਰ ਲਈਏ, ਰੋਟੀ ਵੀ ਸਾਂਭੋ ਪੁੱਤ……ਜ਼ਮੀਨਾਂ ਵੀ…”, ਕਹਿ ਕੇ ਬੇਬੇ ਬਾਪੂ ਪੰਚਾਇਤੀ ਘਰ ਦੇ ਗੇਟੋਂ ਬਾਹਰ ਹੋ ਗਏ।1811202201

-ਸੁਖਵਿੰਦਰ ਕੌਰ ‘ਹਰਿਆਓ’
ਉਭਾਵਾਲ, ਸੰਗਰੂਰ।
ਮੋ – 8427405492

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …