Friday, March 29, 2024

ਕਾਲਜ ਅਧਿਆਪਕਾਂ ਨੇ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ

ਕਾਲਜ ਅਧਿਅਪਕਾਂ ਵਲੋਂ ਮਾਨ ਸਰਕਾਰ ਖਿਲਾਫ ਦੋ ਘੰਟੇ ਦੀ ਹੜਤਾਲ

ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਦੀ ਉਚੇਰੀ ਸਿੱਖਿਆ ਨੂੰ ਤਬਾਹ ਕਰਨ ਲਈ ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਲੀਹ ‘ਤੇ ਚੱਲ ਰਹੀ ਹੈ।ਇਹ ਪ੍ਰਗਟਾਵਾ ਕਰਦਿਆਂ ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਦਲਜੀਤ ਸਿੰਘ ਅਤੇ ਸਕੱਤਰ ਡਾ. ਹੀਰਾ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ ਪਹਿਲੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਯੂ.ਜੀ.ਸੀ ਦਾ 7ਵਾਂ ਪੇਅ ਕਮਿਸ਼ਨ ਦੇਰੀ ਨਾਲ ਲਾਗੂ ਕੀਤਾ। ਬੇਸ਼ੱਕ ਸਾਰੇ ਦੇਸ਼ ਦੇ ਸੂਬਿਆਂ ਨੇ ਇਸ ਕਮਿਸ਼ਨ ਅਨੁਸਾਰ ਕਾਲਜ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਤਨਖਾਹਾਂ ਦੇ ਦਿੱਤੀਆਂ, ਪਰ ਪੰਜਾਬ ਸਰਕਾਰ ਨੇ ਬਿਨ੍ਹਾਂ ਵਜ਼੍ਹਾ ਦੇਰੀ ਕੀਤੀ ਹੈ।ਪੰਜਾਬ ਦੇ ਅਧਿਆਪਕਾਂ ਨੇ ਪਿਛਲੇ ਸਾਲ ਹਿੰਮਤ ਮਾਰ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਤਾਂ ਚਲਦਾ ਕਰ ਦਿੱਤਾ।ਉਸ ਸਮੇਂ ਪੰਜਾਬ ਦੀ ਆਮ ਪਾਰਟੀ ਦੇ ਨੁਮਾਇੰਦਿਆਂ ਨੇ ਲਿਖਤੀ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣਦੇ ਹੀ ਪੇਅ-ਕਮਿਸ਼ਨ ਲਾਗੂ ਕਰ ਦੇਣਗੇ।ਹੁਣ ਜਦੋਂ ਪੇਅ ਕਮਿਸ਼ਨ ਲਾਗੂ ਕੀਤਾ ਤਾਂ ਅਫਰਸ਼ਾਹੀ ਦੀ ਚਲਾਕੀ ਨਾਲ ਪਹਿਲਾਂ ਦੋ ਸਾਲ ਨੌਕਰੀ ਘਟਾ ਕੇ 60 ਦੀ ਥਾਂ 58 ਸਾਲ ਨੂੰ ਰਿਟਾਇਰਮੈਂਟ ਉਮਰ ਮੰਨਿਆ, ਜਦੋਂ ਇਸ ਖਿਲਾਫ ਅਧਿਆਪਕ ਕੋਰਟ ਵਿਚ ਗਏ ਤਾਂ ਸਰਕਾਰ ਆਪਣੀ ਇਸ ਚਲਾਕੀ ਵਿਚ ਸਫਲ ਨਾ ਹੋਈ।ਹੁਣ ਸਰਕਾਰ ਏਹੀ ਕੰਮ ਗਰਾਂਟ ਦਾ ਸਮਾਂ ਦੋ ਸਾਲ ਘਟਾ ਕੇ ਕਰ ਰਹੀ ਹੈ।
ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਅਦਾਲਤ ਵਿੱਚ ਦਿੱਤੇ ਹਲਫਨਾਮੇ ਨੇ ਬਲਦੀ ਤੇ ਤੇਲ ਵਾਲਾ ਕੰਮ ਕੀਤਾ ਹੈ।ਜਿਸ ਕਾਰਨ ਅਧਿਆਪਕਾਂ ਨੂੰ ਕਲਾਸਾਂ ਛੱਡ ਕੇ ਧਰਨਾ ਲਾਉਣਾ ਪਿਆ ਹੈ।ਪੀ.ਸੀ.ਸੀ ਟੀ.ਯੂ ਦੇ ਸੱਦੇ ‘ਤੇ ਅੱਜ ਪੂਰੇ ਪੰਜਾਬ ਦੇ ਕਾਲਜ ਸਰਕਾਰ ਦੇ ਇਸ ਫੇਸਲੇ ਖਿਲਾਫ ਦੋ ਘੰਟੇ ਦਾ ਧਰਨਾ ਦੇ ਰਹੇ ਹਨ।ਇਸ ਸਮੇਂ ਅਧਿਆਪਕਾਂ, ਪਿੰਸੀਪਲਾਂ ਅਤੇ ਕਾਲਜ ਮੈਨਜਮੈਂਟਾਂ ਦੀ ਸਾਂਝੀ ਕਮੇਟੀ (ਜੇ.ਏ.ਸੀ) ਸਰਕਾਰ ਤੋਂ ਤਿੰਨ ਮੰਗਾਂ ਅਧਿਆਪਕਾਂ ਦੀ ਰਿਟਾਇਰਮੈਂਟ ਉਮਰ ਜਾਂ ਗਰਾਂਟ ਦੇਣ ਦੀ ਉਮਰ ਪਹਿਲਾਂ ਵਾਂਗ 60 ਸਾਲ ਜਾਰੀ ਰੱਖਣ, ਕਾਲਜਾਂ ਵਿਚ ਦਾਖਲੇ ਲਈ ਬਣੇ ਆਨਲਾਈਨ ਪੋਰਟਲ ਨੂੰ ਲਾਗੂ ਨਾ ਕਰਨ ਅਤੇ ਕਾਲਜਾਂ ਦੀਆਂ ਨਵੀਆਂ ਪੋਸਟਾਂ ਦੀ ਗਰਾਂਟ 75% ਤੋਂ 95% ਕਰਨ ਆਦਿ ਮੁੱਖ ਹਨ। ਖ਼ਾਲਸਾ ਕਾਲਜ ਦੇ ਗੇਟ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜੀ ਨੇ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਇਹ ਸੰਘਰਸ਼ ਹੋਰ ਤੇਜ਼ ਹੁੰਦਾ ਜਾਵੇਗਾ।
ਇਸ ਧਰਨੇ ਨੂੰ ਸੰਬੋਧਿਤ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਆਨਲਾਈਨ ਪੋਰਟਲ ਦਾ ਸਿਧਾਂਤ ਸਾਡੇ ਦੇਸ਼ ਵਿੱਚ ਫੇਲ ਹੋ ਚੁੱਕਾ ਹੈ, ਇਸ ਦੀ ਜਰੂਰਤ ਉਥੇ ਹੁੰਦੀ ਹੈ ਜਿਥੇ ਵਿਦਿਆਰਥੀ ਜਿਆਦਾ ਅਤੇ ਸੰਸਥਾਵਾਂ ਘੱਟ ਹੋਣ, ਪਰ ਪੰਜਾਬ ਵਿਚ ਪਹਿਲਾਂ ਹੀ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਅਤੇ ਉਹਨਾਂ ਨੂੰ ਆਪਣੀ ਮਨ ਪਸੰਦ ਸੰਸਥਾ ਮਿਲ ਰਹੀ ਹੈ।ਉਹਨਾਂ ਕਿਹਾ ਕਿ ਰਾਤੋ ਰਾਤ ਅਧਿਆਪਕਾਂ ਦੀ ਰਿਟਾਇਰਮੈਂਟ ਉਮਰ ਘਟਾਉਣੀ ਨੈਤਿਕ ਅਤੇ ਸਮਾਜਿਕ ਤੌਰ ‘ਤੇ ਗਲਤ ਫੈਸਲਾ ਹੈ।ਇਸ ਦੇ ਖਿਲਾਫ ਲਗਾਤਾਰ ਸੰਘਰਸ਼ ਕੀਤਾ ਜਾਵੇਗਾ।
ਇਸ ਧਰਨੇ ਨੂੰ ਡਾ. ਰਾਕੇਸ਼ ਕੁਮਾਰ, ਡਾ. ਜਸਜੀਤ ਕੌਰ ਰੰਧਾਵਾ, ਡਾ. ਪਰਮਿੰਦਰ ਸਿੰਘ, ਪ੍ਰੋ. ਮਲਕਿੰਦਰ ਸਿੰਘ ਡਾ. ਗੁਰਵੇਲ ਸਿੰਘ ਮੱਲ੍ਹੀ, ਅਤੇ ਡਾ. ਮੋਹਨ ਸਿੰਘ ਨੇ ਵੀ ਸੰਬੋਧਨ ਕੀਤਾ।ਸਾਰੇ ਅਧਿਆਪਕਾਂ ਨੇ ਇਕਜੁੱਟਤਾ ਦਿਖਾਉਂਦਿਆਂ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …