Friday, May 30, 2025
Breaking News

ਸਤਨਾਮ ਜੱਸੜ ਦੀ ਕਾਵਿ ਪੁਸਤਕ ‘ਪਹਿਲਛੱਲਾ’ ਲੋਕ ਅਰਪਣ

ਅੰਮ੍ਰਿਤਸਰ, 14 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ ( ਰਜਿ.) ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਹਿਯੋਗ ਨਾਲ ਸ਼ਾਇਰ ਸਤਨਾਮ ਜੱਸੜ ਦਾ ਪਲੇਠਾ ਕਾਵਿ ਸੰਗ੍ਰਹਿ “ਪਹਿਲਛੱਲਾ” ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਲੋਕ ਅਰਪਨ ਕੀਤਾ ਗਿਆ।
ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਸ਼ਾਇਰ ਅਜਾਇਬ ਹੁੰਦਲ ਨੇ ਸ਼ਿਰਕਤ ਕੀਤੀ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ, ਕਹਾਣੀਕਾਰ ਤਰਸੇਮ ਸਿੰਘ ਭੰਗੂ ਅਤੇ ਮੈਡਮ ਰੀਵਾ ਦਰਿਆ ਨੇ ਸਾਂਝੇ ਰੂਪ ਵਿੱਚ ਕੀਤੀ।ਸਭ ਤੋਂ ਪਹਿਲਾਂ ਧਰਵਿੰਦਰ ਔਲਖ ਨੇ ਆਏ ਹੋਏ ਲੇਖਕਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪੁਸਤਕ ਬਾਰੇ ਆਪਣੇ ਮੁਢਲੇ ਪ੍ਭਾਵ ਵਿਅਕਤ ਕੀਤੇ।ਪੁਸਤਕ ਬਾਰੇ ਪਰਚੇ ਇਤਿਹਾਸਕਾਰ ਏ.ਐਸ ਦਲੇਰ ਅਤੇ ਰੀਵਾ ਦਰਿਆ ਵੱਲੋਂ ਪੜ੍ਹੇ ਗਏ।ਦੋਹਾਂ ਵਿਦਵਾਨਾਂ ਨੇ ਕਿਹਾ ਕਿ ਲੇਖਕ ਜੱਸੜ ਕੋਲ ਮੌਲਿਕਤਾ ਹੈ, ਜਿਸ ਦੀ ਕਿਸੇ ਹੋਰ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਕਿਹਾ ਕਿ ਲੇਖਕ ਕੋਲ ਭਾਸ਼ਾ ਦੀ ਵਿਸ਼ਾਲਤਾ ਹੋਣ ਕਰਕੇ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਵੰਨ ਸੁਵੰਨਤਾ ਹੈ, ਲੇਖਕ ਕੁਦਰਤ ਪ੍ਰੇਮੀ ਹੈ ਅਤੇ ਉਹ ਚੰਗਾ ਸਮਾਜ ਸਿਰਜਣ ਲਈ ਤੱਤਪਰ ਹੈ ਜੋ ਕਿ ਉਨ੍ਹਾਂ ਦੀ ਸ਼ਾਇਰੀ ਵਿਚੋਂ ਝਲਕਦਾ ਹੈ।ਅਜਾਇਬ ਹੁੰਦਲ ਨੇ ਕਿਹਾ ਕਿ ਲੋਕਾਂ ਦੀ ਗੱਲ ਕਰਨ ਵਾਲਾ ਸ਼ਾਇਰ ਹੀ ਪਰਵਾਨ ਚੜਦਾ ਹੈ, ਸੋ ਉਮੀਦ ਕੀਤੀ ਜਾ ਸਕਦੀ ਸ਼ਾਇਰ ਜੱਸੜ ਭਵਿੱਖ ਵਿੱਚ ਇਸ ਤੋਂ ਵੀ ਵਧੀਆ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਵੇਗਾ।ਪੁਸਤਕ ਬਾਰੇ ਰਸ਼ਪਿੰਦਰ ਕੌਰ ਗਿੱਲ, ਭੁਪਿੰਦਰ ਸਿੰਘ ਸੰਧੂ, ਤਰਸੇਮ ਸਿੰਘ ਭੰਗੂ, ਐਸ ਪਰਸ਼ੋਤਮ, ਸਤਨਾਮ ਔਲਖ, ਮਨਮੋਹਨ ਸਿੰਘ ਬਾਸਰਕੇ, ਦਵਿੰਦਰ ਸਿੰਘ ਭੋਲਾ, ਗੁਰਦੀਪ ਸਿੰਘ ਬਾਜਵਾ, ਹਰਪ੍ਰੀਤ ਸਿੰਘ ਤੁੰਗ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਪੁਸਤਕ ” ਪਹਿਲਛੱਲਾ” ਦੀ ਪ੍ਰਸੰਸਾ ਕੀਤੀ ਤੇ ਕੁੱਝ ਸੁਝਾਅ ਵੀ ਦਿੱਤੇ।ਮੰਚ ਸੰਚਾਲਕ ਦੇ ਫਰਜ਼ ਨਿਭਾਉਂਦੇ ਹੋਏ ਸਭਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦਰਾਜ਼ਕੇ ਨੇ ਸਮਾਗਮ ਨੂੰ ਇੱਕ ਤਰਤੀਬ ਵਿੱਚ ਪਰੋਅ ਕੇ ਰੱਖਿਆ।ਇਸ ਸਮੇਂ ਕਰਵਾਏ ਕਵੀ ਦਰਬਾਰ ਵਿੱਚ ਸੁਲਤਾਨ ਭਾਰਤੀ, ਡਾ. ਨਿਰਮ ਜੋਸਨ, ਮੱਖਣ ਭੈਣੀਵਾਲਾ, ਹਰਮਨਦੀਪ ਸਿੰਘ ਭੰਗਾਲੀ, ਜਸਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸੈਂਸਰਾ, ਰਾਜ ਚੋਗਾਵਾਂ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕਰਕੇ ਭਰਪੂਰ ਦਾਦ ਲਈ।
ਪ੍ਰਿੰ. ਬਲਵਿੰਦਰ ਸਿੰਘ ਫਤਹਿਪੁਰੀ, ਨਵਜੋਤ ਕੌਰ ਜੱਸੜ, ਮੰਗਲ ਸਿੰਘ ਟਾਂਡਾ, ਵਿਰਾਸਤ ਟੀ.ਵੀ ਤੋਂ ਇਕਵਾਕ ਸਿੰਘ ਪੱਟੀ, ਯੁਧਬੀਰ ਸਿੰਘ ਔਲਖ, ਬਲਵਿੰਦਰ ਝਬਾਲ, ਮਨਦੀਪ ਹੈਪੀ ਜੋਸਨ, ਐਕਸੀਅਨ ਵਿਕਰਮਪਾਲ ਸਿੰਘ, ਹਰਭਜਨ ਸਿੰਘ ਭਗਰਥ, ਕੁਲਵੰਤ ਸਿੰਘ ਕੰਤ, ਬਲਦੇਵ ਸਿੰਘ ਅਦਲੀਵਾਲਾ, ਤਰਲੋਚਨ ਸਿੰਘ ਬੱਲ, ਕੁਲਵਿੰਦਰ ਸਿੰਘ ਕੋਟਮੁਗਲ, ਸੁੱਚਾ ਸਿੰਘ ਟਰਪਈ, ਗੁਰਪ੍ਰੀਤ ਬਾਜਵਾ, ਨਿਰਮਲ ਸਿੰਘ ਅਮਰਕੋਟ, ਗੁਰਪ੍ਰੀਤ ਸਿੰਘ ਰਿਆੜ, ਮਨਪ੍ਰੀਤ ਸੰਧੂ, ਨਿਰਮਲ ਸਿੰਘ ਤਾਰਾਗੜ੍ਹ, ਗੁਰਪ੍ਰੀਤ ਬਾਜਵਾ, ਸਤਨਾਮ ਮੂਧਲ, ਰਮਿੰਦਰ ਸਿੰਘ, ਗੁਰਮੇਜ ਕਲੇਰ, ਬਲਜਿੰਦਰ ਮਾਨ, ਯੁਗਰਾਜ ਧਾਰੋਵਾਲੀ, ਨਿਰਮਲ ਭੋਮਾ, ਸਕੱਤਰ ਸਿੰਘ, ਸੁਖਦੇਵ ਕਲੇਰ, ਹਰਪ੍ਰੀਤ ਸੰਧੂ, ਮਨਬੀਰ ਕੌਰ ਧਾਰੋਵਾਲੀ, ਮੀਨੂੰ ਹਮੀਦਪੁਰਾ, ਇੰਦਰਜੀਤ ਕੌਰ ਜਾਗੋਆਣੀ, ਪਰਮਿੰਦਰ ਕੌਰ, ਜਤਿੰਦਰਪਾਲ ਸਿੰਘ ਹਜ਼ਰਾ, ਡਾ. ਹਰਜੀਤ ਸਿੰਘ ਗਰੋਵਰ ਆਦਿ ਨੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …