Friday, April 19, 2024

ਸ਼ਰਬੱਤ ਦਾ ਭਲਾ ਟਰੱਸਟ ਨੇ ਗੁਰੂ ਨਗਰੀ `ਚ ਡੈਂਟਲ ਕਲੀਨਿਕ ਤੇ ਫਿਜ਼ੀਓਥੈਰੇਪੀ ਕੇਂਦਰ ਖੋਲ੍ਹਿਆ

ਜਲਦ ਸ਼ੁਰੂ ਹੋਵੇਗਾ ਅਲਟਰਾਸਾਊਂਡ ਤੇ ਡਿਜ਼ੀਟਲ ਐਕਸਰੇ ਯੂਨਿਟ – ਡਾ. ਓਬਰਾਏ

ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ) – ਆਪਣੀ ਜੇਬ੍ਹ `ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜ਼ਾਂ `ਤੇ ਖ਼ਰਚ ਕਰਨ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਖੋਲ੍ਹੇ ਗਏ ਸੰਨੀ ਓਬਰਾਏ ਡੈਂਟਲ ਕਲੀਨਿਕ ਅਤੇ ਫਿਜ਼ੀਓਥਰੈਪੀ ਕੇਂਦਰ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜ਼ਰ ਅਤੇ ਟਰੱਸਟ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਸ਼ਹੀਦ ਊਧਮ ਸਿੰਘ ਫਾਊਂਡੇਸ਼ਨ (ਰਜਿ.) ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਚੈਰੀਟੇਬਲ ਹਸਪਤਾਲ ਦੀ ਬਿਲਡਿੰਗ ਅੰਦਰ ਉਪਰੋਕਤ ਕੇਂਦਰਾਂ ਦਾ ਉਦਘਾਟਨ ਕਰਨ ਉਪਰੰਤ ਕੈਬਨਿਟ ਮੰਤਰੀ ਡਾ. ਨਿੱਜ਼ਰ ਨੇ ਮੀਡੀਆ ਨੂੰ ਦੱਸਿਆ ਕਿ ਉੱਘੇ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਸਹੀ ਮਾਇਨਿਆਂ ਵਿਚ `ਸਰਬੱਤ ਦਾ ਭਲਾ` ਸੰਕਲਪ `ਤੇ ਚੱਲਦਿਆਂ ਆਪਣੇ ਸੇਵਾ ਕਾਰਜ਼ ਨਿਭਾਅ ਰਹੇ ਹਨ।ਉਨਾਂ ਇਹ ਵੀ ਕਿਹਾ ਕਿ ਟਰੱਸਟ ਵਲੋਂ ਚਲਾਈਆਂ ਜਾ ਰਹੀਆਂ ਲੈਬਾਰਟਰੀਆਂ ਵਾਂਗ ਹੁਣ ਡੈਂਟਲ ਕਲੀਨਿਕ ਅਤੇ ਫਿਜ਼ੀਓਥਰੈਪੀ ਸੈਂਟਰਾਂ ਦਾ ਵੀ ਆਮ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ।
ਉੱਘੇ ਸਮਾਜ ਸੇਵੀ ਅਤੇ ਟਰੱਸਟ ਮੁਖੀ ਡਾ. ਓਬਰਾਏ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਥੇ ਲੈਬੋਰਟਰੀ ਦੇ ਨਾਲ-ਨਾਲ ਹੁਣ ਆਧੁਨਿਕ ਡੈਂਟਲ ਕਲੀਨਿਕ ਅਤੇ ਫਿਜ਼ੀਓਥਰੈਪੀ ਕੇਂਦਰ ਵੀ ਸ਼ੁਰੂ ਹੋ ਗਿਆ ਹੈ ਅਤੇ ਜਲਦ ਅਲਟਰਾਸਾਊਂਡ ਅਤੇ ਡਿਜ਼ੀਟਲ ਐਕਸਰੇ ਦੀ ਸਹੂਲਤ ਵੀ ਮਿਲੇਗੀ।ਸਮਾਗਮ `ਚ ਟਰੱਸਟੀ ਡਾ. ਸਤਨਾਮ ਸਿੰਘ ਨਿੱਜ਼ਰ, ਭੁਪਿੰਦਰ ਸਿੰਘ ਯੂ.ਐਸ.ਏ ਅਤੇ ਓ.ਐਸ.ਡੀ ਮਨਪ੍ਰੀਤ ਸਿੰਘ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਸ਼ਹੀਦ ਊਧਮ ਸਿੰਘ ਯਾਦਗਾਰੀ ਫਾਊਂਡੇਸ਼ਨ ਦੇ ਪ੍ਰਧਾਨ ਦੀਪ ਸਿੰਘ ਕੰਬੋਜ਼, ਜਨਰਲ ਸਕੱਤਰ ਸਤਬੀਰ ਸਿੰਘ, ਮੈਂਬਰ ਸੁਰਜੀਤ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਡਾ. ਐਸ.ਪੀ ਸਿੰਘ ਓਬਰਾਏ ਦੀ ਭਰਪੂਰ ਸ਼ਲਾਘਾ ਕੀਤੀ।ਜ਼ਿਕਰਯੋਗ ਹੈ ਕਿ ਡੈਂਟਲ ਕੇਂਦਰ ਨੂੰ ਇੱਕ ਡੈਂਟਲ ਚੇਅਰ ਡਾ. ਤਮਨਪ੍ਰੀਤ ਕੌਰ ਪੁੱਤਰੀ ਹਰਮੀਤ ਸਿੰਘ ਚਾਵਲਾ ਨੇ ਭੇਟ ਕੀਤੀ ਹੈ।
ਇਸ ਸਮਾਗਮ `ਚ ਟਰੱਸਟ ਦੇ ਮੈਡੀਕਲ ਡਾਇਰੈਕਟਰ ਡਾ. ਡੀ.ਐਸ ਗਿੱਲ, ਰਵਿੰਦਰ ਰੌਬਿਨ, ਸੁਖਦੀਪ ਸਿੱਧੂ, ਮਨਪ੍ਰੀਤ ਸੰਧੂ, ਨਵਜੀਤ ਘਈ, ਸਿਸ਼ਪਾਲ ਲਾਡੀ, ਮਨਿੰਦਰਪਾਲ ਸਿੰਘ ਪਲਾਸੌਰ, ਕੰਵਰ ਜਗਦੀਪ ਸਿੰਘ ਆਦਿ ਵੀ ਮੌਜ਼ੂਦ ਸਨ।

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …