Friday, April 19, 2024

ਕਿਸਾਨ ਮਜ਼ਦੂਰ ਰੈਲੀ ‘ਚ ਉਭਰਿਆ ਲੋਕ ਪੱਖੀ ਵਿਕਾਸ ਦਾ ਮਾਡਲ

ਚੋਣਾਂ ਤੋਂ ਭਲੇ ਦੀ ਝਾਕ ਛੱਡਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ

PPN260402

ਬਠਿੰਡਾ, ੨੬ ਅਪਰੈਲ (ਜਸਵਿੰਦਰ ਸਿੰਘ ਜੱਸੀ)-  ”ਜ਼ਮੀਨੀ ਸੁਧਾਰ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੇ ਸੰਦ ਸਾਧਨਾਂ ਦੀ ਖੇਤ ਮਜ਼ਦੂਰਾਂ ਤੇ ਗ਼ਰੀਬ ਕਿਸਾਨਾਂ ‘ਚ ਵੰਡ ਕਰਨ, ਬੰਜਰ ਤੇ ਬੇਆਬਾਦ ਜ਼ਮੀਨਾਂ ਨੂੰ ਆਬਾਦ ਕਰਨ, ਖੇਤੀ ਆਧਾਰਿਤ ਰੁਜ਼ਗਾਰ ਮੁਖੀ ਸਨਅਤਾਂ ਲਗਾਉਣ ਅਤੇ ਨਿੱਜੀ ਕਰਨ ਦੀ ਨੀਤੀ ਰੱਦ ਕਰਕੇ ਵੱਖ- ਵੱਖ ਅਦਾਰਿਆਂ ਨੂੰ ਸਰਕਾਰੀ ਹੱਥਾਂ ‘ਚ ਸੌਂਪਣ ਨਾਲ ਹੀ ਕਿਸਾਨਾਂ ਮਜ਼ਦੂਰਾਂ ਅਤੇ ਸਮੁੱਚੇ ਦੇਸ਼ ਦਾ ਵਿਕਾਸ  ਹੋ ਸਕਦਾ ਹੈ” ਇਸ ਬਦਲਵੇਂ ਲੋਕ ਪੱਖੀ ਵਿਕਾਸ ਦਾ ਮਾਡਲ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਥੇ ਕੀਤੀ ਗਈ ਸੂਬਾ ਪੱਧਰੀ ‘ਆਪਣੀ ਰਾਖੀ ਆਪ ਕਰੋ ਰੈਲੀ’ ਦੌਰਾਨ ਪੇਸ਼ ਕੀਤਾ ਗਿਆ। ਰੈਲੀ ਨੂੰ ਬੀ.ਕੇ.ਯੂ. (ਏਕਤਾ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ‘ਨਸਰਾਲੀ’, ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ, ਕਰਮਜੀਤ ਕੌਰ ਦਬੜਾ, ਲਛਮਣ ਸਿੰਘ ਸੇਵੇਵਾਲਾ, ਝੰਡਾ ਸਿੰਘ ਜੇਠੂਕੇ ਤੇ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਖਿਆ ਕਿ ਮੌਜੂਦਾ ਸਮੇਂ ਚੋਣਾਂ ਲੜ ਰਹੀਆਂ ਭਾਜਪਾ, ਆਕਲੀ ਦਲ, ਕਾਂਗਰਸ, ਅਖੌਤੀ ਕਮਿਊਨਿਸਟ ਅਤੇ ਬਸਪਾ ਸਮੇਤ ਸਾਰੀਆਂ ਹੀ ਲੋਕ ਵਿਰੋਧੀ ਸਿਆਸੀ ਪਾਰਟੀਆਂ ਇੱਕ ਦੂਸਰੇ ਉੱਪਰ ਚਿੱਕੜ ਉਛਾਲੀ ਕਰ ਰਹੀਆਂ ਹਨ, ਕਿਉਂਕਿ ਉਹਨਾਂ ਕੋਲ ਦੇਸ਼ ਦੇ ਕਿਸਾਨਾਂ ਮਜ਼ਦੂਰਾਂ, ਔਰਤਾਂ ਅਤੇ ਨੌਜਾਵਨਾਂ ਸਮੇਤ ਮਿਹਨਤਕਸ਼ ਲੋਕਾਂ ਲਈ ਕੋਈ ਸਾਰਥਿਕ ਪ੍ਰੋਗਰਾਮ ਨਹੀ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਜਗੀਰਦਾਰਾਂ, ਦੇਸੀ ਵਿਦੇਸ਼ੀ ਵੱਡੇ ਸਰਮਾਏਦਾਰਾਂ, ਸੂਦਖੋਰਾਂ ਤੇ ਕਾਰਪੋਰੇਟ ਘਰਾਣਿਆਂ ਦੀਆਂ ਨੁੰਮਾਇਦਾ ਪਾਰਟੀਆਂ ਹਨ, ਇਸ ਲਈ ਇਹਨਾਂ ਤੋਂ ਕਿਸਾਨਾਂ ਮਜ਼ਦੂਰਾਂ ਤੇ ਲੋਕਾਂ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਨੂੰ ਕਰਜੇ ਤੇ ਖੁਦਕਸ਼ੀਆਂ ਦੇ ਮੁੰਹ ਧੱਕਣ, ਜ਼ਮੀਨਾਂ, ਰੁਜਗਾਰ, ਤੇ ਸਬਸਿਡੀਆਂ ਖੋਹਣ, ਮੰਹਿਗਾਈ ਤੇ ਬੇਰੁਜ਼ਗਾਰੀ ਵਧਾਉਣ, ਬਿਜਲੀ, ਪਾਣੀ,ਵਿੱਦਿਆ, ਸਿਹਤ ਸੇਵਾਵਾਂ ਤੇ ਆਵਾਜਾਈ ਸਮੇਤ ਵੱਧ ਤੋਂ ਵੱਧ ਅਦਾਰਿਆਂ ਦਾ ਨਿੱਜੀਕਰਨ ਕਰਨ, ਜਵਾਨੀ ਨੂੰ ਨਸ਼ਿਆਂ ਤੇ ਲੱਚਰ ਸਭਿਆਚਾਰ ਦੇ ਮੂੰਹ ਧੱਕਣ, ਔਰਤਾਂ ਨੂੰ ਵਪਾਰਕ ਤੇ ਭੋਗ ਵਿਲਾਸ ਦੀ ਵਸਤੂ ਬਣਾਉਣ, ਪਾਣੀ ਤੇ ਵਾਤਾਵਰਨ ਪਲੀਤ ਕਰਨ ਅਤੇ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਜਾਬਰ ਰਾਜ ਮਸ਼ੀਨਰੀ ਤੇ ਦੰਦੇ ਤਿੱਖੇ ਕਰਨ ਵਾਲੀਆਂ ਨੀਤੀਆਂ ਉੱਪਰ ਇਹ ਸਭ ਇਕਮੁੱਠ ਹਨ।ਇਹਨਾਂ ਦਾ ਰੌਲਾ ਤਾਂ ਕੇਵਲ ਗੱਦੀ ‘ਤੇ ਕਾਬਜ ਹੋ ਕੇ ਲੁੱਟ ਦੇ ਮਾਲ ‘ਚੋ ਵਧੇਰੇ ਹਿੱਸਾ ਪੱਤੀ ਹਾਸਿਲ ਕਰਨ ਦਾ ਹੀ ਹੈ।
ਉਨ੍ਹਾਂ ਮੌਜੂਦਾ ਲੋਕ ਸਭਾ ਚੋਣਾਂ ਨੂੰ ਜ਼ਮਹੂਰੀਅਤ ਦੇ ਨਾਮ ਦੇ ਲੋਕਾਂ ਨਾਲ ਧੋਖਾ ਕਰਾਰ ਦਿੰਦਿਆਂ ਆਖਿਆ ਕਿ ਇਹ ਕੇਹੀ ਜ਼ਮਹੂਰੀਅਤ ਹੈ ਜਿੱਥੇ ਇਕ ਵਾਰ ਜਿੱਤ ਜਾਣ ਤੋਂ ਬਾਅਦ ਸੰਸਦ ਮੈਂਬਰ ਲੋਕਾਂ ਨੂੰ ਟਿੱਚ ਜਾਨਣ ਤੋਂ ਲੈ ਕਤਲਾਂ ਤੇ ਬਲਾਤਕਾਰ ਵਰਗੇ ਅਪਰਾਧਾਂ ਵਿਚ ਫਸ ਜਾਣ ਤੇ ਵੀ ਲੋਕਾਂ ਕੋਲ ਉਹਨਾਂ ਨੂੰ ਵਾਪਿਸ ਬੁਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਦੀ ਇਸ ਧੋਖੇ ਭਰੀ ਖੇਡ ਤੋਂ ਲੋਕਾਂ ਨੂੰ ਸੁਚੇਤ ਕਰਨ ਤੇ ਘੋਲਾਂ ਦੇ ਰਾਹ ਤੁਰਨ ਦਾ ਸੱਦਾ ਦੇਣ ਲਈ 27 ਤੋਂ 29 ਅਪਰੈਲ ਤੱਕ ਪਿੰਡ ਪਿੰਡ ਹਥ ਪਰਚੇ ਵੰਡੇ ਜਾਣਗੇ। ਇਸ ਤੋਂ ਇਲਾਵਾ ਬਠਿੰਡਾ ਮੋਰਚੇ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਵਿਰੁੱਧ ਜੱਦੋ ਜਹਿਦ ਵੀ ਜਾਰੀ ਰੱਖੀ ਜਾਵੇਗੀ। ਇਸ ਮੌਕੇ ਪਲਸ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਦੀ ਅਗਵਾਈ ਹੇਠ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਕੋਰੀਓਗ੍ਰਾਫੀਆਂ ‘ਉਠੋ ਜਾਗੋ ਪੱਗ ਨੂੰ ਸੰਭਾਲੀਏ’ ਤੇ ‘ਸ਼ਿਕਾਰੀਆਂ ਦਾ ਜਾਲ’ ਵੀ ਪੇਸ਼ ਕੀਤੀਆਂ ਗਈਆਂ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply