Thursday, November 21, 2024

ਪੰਜਾਬੀ, ਪੰਜਾਬ ਅਤੇ ਪੰਜਾਬੀਅਤ

PPA080701

ਡਾ: ਸਤਿੰਦਰਜੀਤ ਕੋਰ ਬੁੱਟਰ

ਪੰਜਾਬੀ, ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਭਾਸ਼ਾ ਹੈ। ਇਹ ਭਾਸ਼ਾਵਾਂ ਦੇ ਹਿੰਦ ਇਰਾਨੀ ਪਰਿਵਾਰ ਵਿਚੋਂ ਹਿੰਦ-ਯੂਰਪੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ। ਇਹ ਦੁਨੀਆਂ ਅਤੇ ਖਾਸ ਕਰਕੇ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਇਸ ਤੋਂ ਬਿਨਾਂ ਸ਼ਬਦ ‘ਪੰਜਾਬੀ, ਨੂੰ ਪੰਜਾਬ ਨਾਲ ਸੰਬੰਧਤ ਕਿਸੇ ਵੀ ਚੀਜ਼ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲਿਆਂ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ।ਬੋਲੀਆਂ ਨਾਲ ਸੰਬੰਧਤ ਇਕ ਵਿਸ਼ਵ ਵਿਗਿਆਨ ਕੋਸ਼ ਮੁਤਾਬਕ ਪੰਜਾਬੀ ਨੂੰ ੮.੮ ਕਰੋੜ ਲੋਕ ਬੋਲਦੇ ਹਨ, ਜਿਸ ਨਾਲ ਪੰਜਾਬੀ ਸਮੁੱਚੀ ਦਨੀਆਂ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦੱਸਵੀ ਬੋਲੀ ਹੈ। 
  ਪੰਜਾਬੀ ਸਭਿਆਚਾਰ ਭਾਰਤ ਅਤੇ ਪਾਕਿਸਤਾਨ ਵਿਚ ਹੋਈ ੧੯੪੭ ਈ: ਦੀ ਵੰਡ ਕਰਕੇ ਪ੍ਰਭਾਵਿਤ ਹੋਇਆ। ਪੰਜਾਬੀ ਭਾਸ਼ਾ ਅਤੇ ਸਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸੰਬੰਧਾਂ ਨੂੰ ਆਪਸ ਵਿਚ ਜੋੜਦਾ ਹੈ। ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ ਜਿਵੇਂ ਹਿੰਦੀ, ਪਰਸੀਆ, ਅੰਗਰੇਜ਼ੀ ਤੋਂ ਪ੍ਰਭਾਵਿਤ ਹੈ। ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ-ਸੰਸਕ੍ਰਿਤ ਤੋਂ ਹੋਇਆ ਹੈ। ਪੰਜਾਬ ਦੇ ਕਈ ਰੂਪ ਹਨ ਜਿਵੇਂ ਕਿ ਪੱਛਮੀ ਪੰਜਾਬ ਵਿਚ ਲਹਿੰਦਾ ਅਤੇ ਪੂਰਬੀ ਪੰਜਾਬ ਵਿਚ ਸਿਰਆਕੀ ਹਿੰਦੋਕ, ਮਾਝੀ  ਪੋਠੋਹਾਰੀ ਪਰ ਪੰਜਾਬੀ ਦੇ ਸਾਹਮਣੇ ਨਿਗੂਣੇ ਜਿਹੇ ਹੀ ਹਨ। ਭਾਰਤ ਪੰਜਾਬ ਦੇ ਸਿੱਖ ਅਤੇ ਹੋਰ ਇਸ ਨੂੰ ਗੁਰਮੁੱਖੀ ਵਿਚ ਲਿਖਦੇ ਹਨ। ਪੱਛਮੀ ਪੰਜਾਬ ਵਿਚ ਸ਼ਾਹਮੁਖੀ ਵਰਣਮਾਲਾ ਦੇ ਰੂਪ ਵਿਚ ਲਿਖਿਆ ਜਾਂਦਾ ਹੈ। ਗੁਰਮੁੱਖੀ ਅਤੇ ਸ਼ਾਹਮੁਖੀ ਪੰਜਾਬੀ ਨੇ ਲਿਖਤ ਦੇ ਦੋ ਆਮ ਢੰਗ ਹਨ। ਪੰਜਾਬੀ ਦੁਨੀਆਂ ਭਰ ਵਿਚ ਫੈਲ ਗਈ ਹੈ। ਦੁਨੀਆਂ ਭਰ ‘ਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰ ਬੋਲੀ ਦੀ ਸਥਾਨਕ ਘੇਰੇ ਵਿਚ ਆਪਣੀ ਮਹੱਤਤਾ ਹੁੰਦੀ ਹੈ।ਇਸ ਗੱਲ ਵਿਚ ਅਤਿ ਕਥਨੀ ਨਹੀਂ ਹੈ ਕਿ ਮਨੁੱਖ ਆਪਣੀਆਂ ਭਾਵਨਾਵਾਂ ਦਾ ਸਹੀ ਪ੍ਰਗਟਾਅ ਆਪਣੀ ਮਾਤ ਬੋਲੀ ਰਾਹੀਂ ਵਧੀਆ ਕਰ ਸਕਦਾ ਹੈ।ਪੰਜਾਬੀ ਬੋਲੀ ਦੀ ਇਹ ਬਦਕਿਸਮਤੀ ਰਹੀ ਹੈ ਕਿ ਇਸ ਨੂੰ ਵਿਚਾਰੀ ਬੋਲੀ ਜਾਣ ਕੇ ਅੱਖੋ ਪਰੋਖੇ ਕੀਤਾ ਗਿਆ। ਮੁਗਲਾਂ ਨੇ ਕਾਫੀ ਸਮਾਂ ਦੇਸ਼ ਤੇ ਰਾਜ ਕੀਤਾ। ਉਹਨਾਂ ਦਾ ਪਿਛੋਕੜ ਅਰਬੀ ਫਾਰਸੀ ਵਾਲਾ ਸੀ। ਇਸ ਲਈ ਸਰਕਾਰੀ ਕੰਮਾਂ ਲਈ ਬੋਲੀ ਫਾਰਸੀ ਬਣੀ ਰਹੀ। ਮਹਾਰਾਜਾ ਰਣਜੀਤ ਸਿੰਘ ਆਪਣੇ ਸ਼ਾਸਕ ਕਾਲ ਦੌਰਾਨ ਪੰਜਾਬੀ ਨੂੰ ਕੋਈ ਵਧੀਆ ਮਾਣ ਵਾਲਾ ਥਾਂ ਨਾ ਦਿਵਾ ਸਕੇ। ਇਸ ਤੋਂ ਪਿਛੋਂ ਅੰਗਰੇਜ਼ਾਂ ਨੇ ਆਪਣੇ ਰਾਜ ਕਾਲ ਸਮੇਂ ਸਰਕਾਰੀ ਕੰਮਕਾਜਾਂ ਲਈ ਅੰਗਰੇਜ਼ੀ ਰੱਖੀ। ਜੇਕਰ ਪੰਜਾਬੀ ਅੱਜ ਵੀ ਜਿਊਂਦੀ ਹੈ ਸਿਰਫ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਚੰਦ ਲੋਕਾਂ ਅਤੇ ਆਮ ਲੋਕਾਂ ਦੀ ਆਮ ਬੋਲ-ਚਾਲ ਦੀ ਬੋਲੀ ਕਰਕੇ। ਪਾਕਿਸਤਾਨ ਵਿਚ ਭਾਵੇਂ ਕਾਫੀ ਇਲਾਕੇ ਵਿਚ ਪੰਜਾਬੀ ਬੋਲੀ ਜਾਂਦੀ ਹੈ, ਪਰ ਜਿਆਦਾ ਜੋਰ ਉਰਦੂ ਤੇ ਹੀ ਦਿੱਤਾ ਜਾਂਦਾ ਹੈ। ਚੜ੍ਹਦੇ ਪੰਜਾਬ ਵਿਚ ਪੰਜਾਬੀ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ।
  ਅੱਜ ਅਸੀਂ ਪੰਜਾਬ ਵਿਚ ਰਹਿੰਦੇ ਸਾਰੇ ਪੰਜਾਬੀ ਭਾਸ਼ਾ ਦਾ ਵਿਕਾਸ ਚਾਹੁੰਦੇ ਹਾਂ। ਸਾਨੂੰ ਪੰਜਾਬੀ ਚੰਗੀ ਵੀ ਬਹੁਤ ਲੱਗਦੀ ਹੈ, ਪਰ ਅਸੀਂ ਕਦੀ ਆਪਣੇ ਅੰਦਰ ਝਾਤੀ ਮਾਰੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਲਈ ਕੀ ਕੀਤਾ ਹੈ? ਕੀ ਅਸੀਂ ਇਸ ਪ੍ਰਤੀ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾ ਰਹੇ ਹਾਂ? ਯੂਨਸਕੋ ਦੇ ਫੈਸਲੇ ਅਨੁਸਾਰ ਦੁਨੀਆਂ ਭਰ ਵਿਚ ਹਰ ਸਾਲ ੨੧ ਫਰਵਰੀ ਨੂੰ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਹੈ। ਪਰ ਇਸ ਨੂੰ ਅਸੀਂ ਦਿਲੋਂ ਅਪਨਾਉਣ ਲਈ ਅੱਗੇ ਆਈਏ ਤਾਂ ਇਸ ਨੂੰ ਅਸਲੀ ਜਾਮਾ ਪਹਿਨਾ ਲਿਆ ਜਾ ਸਕਦਾ ਹੈ। 
   ਅੱਜ ਦੇ ਪੰਜਾਬੀਆਂ ਦੀ ਹਾਲਤ ਦੇਖੋ। ਜਦੋਂ ਪੰਜਾਬੀ ਮਾਂ ਦਾ ਬੱਚਾ ਸਕੂਲ (ਅੰਗ੍ਰਜ਼ੀ ਸਕੂਲ) ਤੋਂ ਪੜ੍ਹ ਕੇ ਘਰ ਆਉਂਦਾ ਹੈ ਤਾਂ ਘੱਟ ਪੜ੍ਹੀ ਮਾਂ ਵੀ ਉਸ ਨਾਲ ਅੰਗ੍ਰਜ਼ੀ ਬੋਲਣ ਦੀ ਕੋਸ਼ਿਸ਼ ਕਰਦੀ ਹੈ- ਬੱਚੇ ਹੈਡਜ਼ ਵਾਸ਼ ਕਰਕੇ ਖਾਣਾ ਈਟ ਕਰ ਲਓ ਅਤੇ ਯੂਨੀਫਾਰਮ ਚੇਂਜ ਕਰਕੇ ਰੈਸਟ ਕਰ ਲਓ ਆਦਿ। ਕੀ ਅਸੀਂ ਆਪਣੀ ਮਾਂ ਬੋਲੀ ਵਿਚ ਬੱਚੇ ਨਾਲ ਗੱਲ ਨਹੀਂ ਕਰ ਸਕਦੇ? ਅੱਜ ਦੇ ਪੰਜਾਬੀ ਬੱਚਿਆਂ ਨੂੰ ਗਣਿਤ ਦੇ ਅੰਕੜੇ ਬੋਲਣ ਲਈ ਕਹੀਏ ਤਾਂ ਉਹ ਅੰਗਰੇਜ਼ੀ ਵਿਚ ਤਾਂ ਦੱਸ ਦੇਣਗੇ ਪਰ ਪੰਜਾਬੀ ਵਿਚ ਦੱਸਣ ਤੋਂ ਅਸਮਰਥ ਹੋਣਗੇ। ਮਾਪੇ ਅਤੇ ਆਮ ਸਮਾਜ ਦੇ ਬੰਦੇ ਨੂੰ ਸ਼ਾਇਦ ਇਸ ਗੱਲ ਤੇ ਯਕੀਨ ਹੀ ਨਹੀਂ ਕਿ ਸਕੂਲੀ ਸਿੱਖਿਆ ਲਈ ਮਾਤ ਭਾਸ਼ਾ ਸਭ ਤੋਂ ਚੰਗਾ ਸਾਧਨ ਹੈ। ਇਸ ਬਾਰੇ ਸਾਰੇ ਸਿੱਖਿਆ ਸ਼ਾਸਤਰੀ ਤੇ ਵਿਦਿਅਕ ਮਾਹਿਰ ਕਹਿ ਰਹੇ ਹਨ। ਸੈਮੀਨਾਰ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਹਨ ਪਰ ਨਤੀਜਾ ਕੁੱਝ ਨਹੀਂ ਨਿਕਲਦਾ। ਦੂਜੇ ਪਾਸੇ ਵੇਖੀਏ ਤਾਂ ਬਹੁਤ ਪੰਜਾਬੀ ਪ੍ਰੇਮੀ ਵੀ ਆਪਣਾ ਜਿਆਦਾ ਕੰਮ ਅੰਗ੍ਰੇਜ਼ੀ ਵਿਚ ਹੀ ਕਰਦੇ ਹਨ। ਹਸਤਾਖਰ ਆਦਿ ਵੀ ਅੰਗ੍ਰਜ਼ੀ ਵਿਚ ਹੀ ਕਰਦੇ ਹਨ ਜਦ ਕਿ ਰੂਸੀ, ਜਾਪਾਨੀ, ਜਰਮਨੀ, ਫਰਾਂਸੀਸੀ ਜਾਂ ਕੋਈ ਅਰਬ ਮੁਲਕ ਦਾ ਬੰਦਾ ਆਪਣੇ ਹਸਤਾਖਰ ਆਪਣੀ ਮਾਂ ਬੋਲੀ ਵਿਚ ਹੀ ਕਰਨਗੇ। ਪੰਜਾਬੀ ਮਾਪੇ ਵੀ ਅਕਸਰ ਆਪਣੇ ਬੱਚੇ ਨੂੰ ਆਪਣੀ ਮਾਤ ਭਾਸ਼ਾ ਦੇ ਬਜਾਈ ਵਿਦੇਸ਼ੀ ਭਾਸ਼ਾਵਾਂ ਦੇ ਵਿਸ਼ੇ ਲੈਣ ਲਈ ਉਤਸ਼ਾਹਿਤ ਕਰਨਗੇ ਅਖ਼ੇ! ਪੰਜਾਬੀ ਭਾਸ਼ਾ ਵਿਚ ਕੋਈ ਤਰੱਕੀ ਨਹੀਂ ਕਰ ਸਕਦਾ। ਪਰ ਅਸੀਂ ਕਦੀ ਸੋਚਿਆ ਕਿ ਜੇਕਰ ਅਸੀਂ ਮਾਪੇ ਹੀ ਪੰਜਾਬੀ ਨੂੰ ਤਿਆਗਾਂਗੇ ਤਾਂ ਫਿਰ ਅਸੀਂ ਆਉਣ ਵਾਲੀ ਪੀੜ੍ਹੀ ਤੋਂ ਕੀ ਆਸ ਰੱਖਾਂਗੇ? ਅਸੀਂ ਬੱਚਿਆਂ ਨੂੰ ਅਧੁਨਿਕ ਬਣਾਉਣ ਦੀ ਕੋਸ਼ਿਸ਼ ਵਿਚ ਉਹਨਾਂ  ਨਾਲ ਅੰਗ੍ਰੇਜ਼ੀ ਜਾਂ ਹਿੰਦੀ ਵਿਚ ਗੱਲ ਕਰਦੇ ਹਾਂ ਅਤੇ ਉਹਨਾਂ ਨੂੰ ਵੀ ਬੋਲਣ ਲਈ ਉਤਸ਼ਾਹਿਤ ਕਰਦੇ ਹਾਂ। ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਗਵਾਰ ਕਿਹਾ ਜਾਂਦਾ ਹੈ।
  ਜੇਕਰ ਅਸੀਂ ਹੁਣ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਆਪਣੀ ਆਉਣ ਵਾਲੀ ਪੀੜ੍ਹੀ ਦੇ ਮਨ ਵਿਚ ਭਰਾਂਗੇ ਤਾਂ ਹੀ ਉਹ ਆਉਣ ਵਾਲੇ ਸਮੇਂ ਵਿਚ ਪੰਜਾਬੀ ਨੂੰ ਸਤਿਕਾਰ ਦੇਣਗੇ। ਅੰਗ੍ਰੇਜ਼ੀ ਬੋਲਣ ਵਾਲੇ ਨੂੰ ਮਾਣ ਦੀ ਨਜ਼ਰ ਨਾਲ ਸਮਝਣ ਨਾਲੋਂ ਪੰਜਾਬੀ ਬੋਲਣ ਵਾਲੇ ਨੂੰ ਮਾਣ ਦਿੱਤਾ ਜਾਵੇ। ਅੱਜ ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਜਾ ਰਹੇ ਤਾਂ ਹੀ ਸਾਡੀ ਆਉਣ ਵਾਲੀ ਪੀੜ੍ਹੀ ਪੱਛਮੀ ਪ੍ਰਭਾਵ ਅਪਣਾ ਰਹੀ ਹੈ ਅਤੇ ਆਪਣੇ ਸਭਿਆਚਾਰ ਤੋਂ ਦੂਰ ਜਾ ਰਹੀ ਹੈ। 
  ਪੰਜਾਬ ਦੀ ਪੰਜਾਬੀ ਸਰਕਾਰ ਦੀ ਹੁਣੇ ਹੀ ਕੁਝ ਸਮਾਂ ਪਹਿਲਾਂ ਪੰਜਾਬੀ ਭਾਸ਼ਾ ਬਾਰੇ ਬਿੱਲ ਪਾਸ ਕੀਤਾ ਗਿਆ, ਚੰਗੀ ਗੱਲ ਹੈ ਕਿ “ਸਵੇਰ ਦੇ ਗਏ ਸ਼ਾਮੀ ਮੁੜੇ ਤਾਂ ਸਹੀ” ਸਿਸਕ ਰਹੀ ਮਾਂ ਦੀ ਭੋਰਾ ਸਾਰ ਤਾਂ ਲਈ। ਇਹ ਬਹੁਤ ਸ਼ਲਾਘਾਯੋਗ ਕਦਮ ਹੈ ਪਰ ਜੋ ਪੰਜਾਬ ਸਰਕਾਰ ਬਿੱਲ ਪਾਸ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਹੋ ਗਈ ਸਮਝਦੀ ਹੈ ਤਾਂ ਉਹ ਟਪਲਾ ਖਾ ਰਹੀ ਹੈ। ਸਰਕਾਰੀ ਦਫਤਰਾਂ ਵਿਚ ਪੰਜਾਬੀ ਭਾਸ਼ਾ ਦਾ ਪ੍ਰਯੋਗ ਨਾ ਕਰਨ ਵਾਲੇ ਨੂੰ ਸਖਤ ਸਜਾ ਦਿੱਤੀ ਜਾਵੇਗੀ ਪਰ ਸਜ਼ਾ ਕੀ ਦਿੱਤੀ ਜਾਵੇਗੀ? ਸਰਕਾਰ ਇਸ ਗੱਲੋਂ ਓਹਲਾ ਕਿਉਂ ਰੱਖਦੀ ਹੈ? 
  ਭਾਵੇਂ ਟੀ.ਵੀ ਤੇ ਪੰਜਾਬੀ ਚੈਨਲ ਬਹੁਤ ਆ ਰਹੇ ਹਨ। ਉਹਨਾਂ ਨੂੰ ਬੜਾਵਾ ਵੀ ਮਿਲ ਰਿਹਾ ਹੈ। ਪਰ ਇਨ੍ਹਾਂ ਚੈਨਲਾਂ ਤੇ ਵਿਖਾਈ ਜਾਣ ਵਾਲੀ ਪੰਜਾਬੀ ਭਾਸ਼ਾ ਵਿਚਲੀਆਂ ਸ਼ਬਦ ਜੋੜਾਂ ਦੀਆਂ ਗਲਤੀਆਂ ਲਈ ਜ਼ਿੰਮੇਵਾਰ ਕੌਣ ਹੈ? ਗਲਤ ਉਚਾਰਣ ਦਾ ਜਿੰਮੇਵਾਰ ਕੌਣ ਹੈ? ਪੰਜਾਬ ਸਰਕਾਰ ਨੇ ਇਨ੍ਹਾਂ ਵਿਚ ਸੁਧਾਰ ਲਈ ਕਿਹੜੇ ਨਿਯਮ ਤੇ ਕਾਨੂੰਨ ਬਣਾਏ ਹਨ? 
  ਪੰਜਾਬੀ ਭਾਸ਼ਾ ਦੇ ਘੱਟ ਸਤਿਕਾਰ ਦਾ ਕਾਰਣ ਇਹ ਹੈ ਕਿ ਵਡੇਰੇ ਪੱਧਰ ਦੇ ਕੋਰਸਾਂ ਵਿਚ ਸਿੱਖਿਆ ਦਾ ਮਾਧਿਅਮ ਪੰਜਾਬੀ ਨਾ ਹੋਣਾ ਵੀ ਹੈ। ਇਹ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਲੈ ਕੇ ਜਾ ਰਿਹਾ ਹੈ। ਪੰਜਾਬ ਵਿਚ ਰਹਿ ਕੇ ਵੀ ਪੰਜਾਬੀ ਵਿਦਿਆਰਥੀ ਡਾਕਟਰੀ, ਇੰਜੀਨੀਅਰਿੰਗ ਆਦਿ ਜਿਹੇ ਕੋਰਸਾਂ ਦੀ ਪੜ੍ਹਾਈ ਪੰਜਾਬੀ ਮਾਧਿਅਮ ਵਿਚ ਨਹੀਂ ਕਰ ਸਕਦੇ ਕੀ ਇਹ ਪੰਜਾਬੀ ਵਿਦਿਆਰਥੀਆਂ ਲਈ ਧੋਖਾ ਨਹੀਂ ਹੈ? ਕੀ ਇਸ ਪਾਸੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਨਹੀਂ? ਸਰਕਾਰ ਪੰਜਾਬੀ ਲਈ ਬਹੁਤ ਕੁਝ ਕਰ ਰਹੀ ਹੈ। ਸਕੂਲਾਂ ਤੋਂ ਹੀ ਲਾ ਲਓ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਈ ਪੰਜਾਬੀ ਅਧਿਆਪਕ ਕਈਆਂ ਸਾਲਾਂ ਤੋਂ ਪੰਜਾਬੀ ਪੜ੍ਹਾ ਰਹੇ ਹਨ ਜੋ ਅਧਿਆਪਕ ਹਿਸਾਬ ਸਾਇੰਸ ਪੜਾਉਂਦੇ ਹਨ ਉਹ ਤਾਂ ਪੰਜਾਬੀ ਲੈਕਚਰਾਰ ਤਰੱਕੀ ਦੇ ਕੇ ਬਣਾ ਦਿੱਤੇ ਗਏ। ਇਹ ਪੰਜਾਬੀ ਅਧਿਆਪਕ ਆਪਣੀ ਮਾਂ ਬੋਲੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਗਏ ਪਰ ਸਰਕਾਰ ਸਭ ਤੋਂ ਵੱਧ ਅਨਿਆ ਪੰਜਾਬੀ ਅਧਿਆਪਕਾਂ ਨਾਲ ਹੀ ਕਰ ਰਹੀ ਹੈ। ਜੇਕਰ ਲੈਕਚਰਾਰਾਂ ਦੀ ਤਰੱਕੀ ਹੋਈ ਤਾਂ  ਸਭ ਤੋਂ ਘੱਟ ਪੰਜਾਬੀ ਅਧਿਆਪਕਾਂ ਨੂੰ ਤਰੱਕੀ ਦਿੱਤੀ ਗਈ। ਬਾਕੀ ਸਭ ਅਧਿਆਪਕ ੧੯੯੭ ਤੋਂ ੨੦੦੦ ਤੱਕ ਤਰੱਕੀ ਦੇ ਕੇ ਲੈਕਚਰਾਰ ਬਣਾਏ ਗਏ ਪਰ ਪੰਜਾਬੀ ਸਿਰਫ਼ ੧੯੯੪ ਤੱਕ। ਹੁਣੇ ਹੁਣੇ ਦੀ ਮੁੱਖ ਅਧਿਆਪਕ ਵਾਸਤੇ ਬਾਕੀ ਵਿਸ਼ੇ ਦੀਆਂ ਪੋਸਟਾਂ ੪੦੦ ਤੋਂ ੪੬੦ ਤੱਕ ਮੰਗੇ ਗਏ। ਕੀ ਪੰਜਾਬੀ ਪ੍ਰੇਮੀਆਂ ਨੂੰ ਸਰਕਾਰ ਉਤਸ਼ਾਹਿਤ ਕਰ ਰਹੀ  ਹੈ? 
  ਅੱਜ ਲੋੜ ਹੈ ਸਿਰਫ਼ ਕਾਗਜੀ ਹੀ ਮਾਂ ਬੋਲੀ ਪੰਜਾਬੀ ਨੂੰ ਵਿਕਸਤ ਨਾ ਕਰਨ ਸਗੋਂ ਅਸਲ ਜ਼ਿੰਦਗੀ ਵਿਚ ਵੀ ਪੰਜਾਬੀ ਪ੍ਰੇਮੀਆਂ ਨੂੰ ਉਤਸਾਹਿਤ ਕਰਨ। ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ ਤੇ ਕਿਸੇ ਭਾਸ਼ਾ ਦੇ ਕੰਪਿਊਟਰੀਕਰਨ ਦੀ ਪਹਿਲੀ ਲੋੜ ਬੁਨਿਆਦੀ ਸਮੱਗਰੀ, ਜਿਸ ਭਾਸ਼ਾ ਵਿਚ ਵਿਸ਼ਾਲ ਸ਼ਬਦ ਕੋਸ਼, ਸ਼ਬਦ ਭੰਡਾਰ, ਸਮਅਰਥ ਕੋਸ਼ ਉਲਟ ਭਾਵੀ ਕੋਸ ਤਕਨੀਕੀ ਸ਼ਬਦਾਵਲੀਆਂ ਵਿਸ਼ ਕੋਸ਼ ਅਤੇ ਹੋਰਨਾਂ ਸੰਬੰਧਿਤ ਭਾਸ਼ਾਵਾਂ ਦੇ ਕੋਸ਼ ਸ਼ਬਦ ਜੋੜਾ ਅਤੇ ਵਿਆਕਰਣ ਦਾ ਮਿਆਰ ਹੋਵੇਗਾ। ਉਹ ਭਾਸ਼ਾ ਬਹੁਤ ਜਲਦੀ ਅਤੇ ਆਸਾਨੀ ਨਾਲ ਕੰਪਿਊਟਰ ਤੇ ਚੜ੍ਹਨ ਦੇ ਅਨੁਕੂਲ ਹੋ ਸਕਦੀ ਹੈ। ਇਸੇ ਪ੍ਰਕਾਰ ਭਾਸ਼ਾ ਦੀ ਸਰਲਤਾ ਦਾ ਮੁੱਦਾ ਵੀ ਵਿਚਾਰਨਯੋਗ ਹੈ।  
  ਅਖੀਰ ਵਿਚ ਅਸੀਂ ਪੰਜਾਬੀ ਭਾਸ਼ਾ ਨੂੰ ਉੱਚਾ ਤਾਂ ਹੀ ਚੁੱਕ ਸਕਦੇ ਹਾਂ ਜੇਕਰ ਸਰਕਾਰ ਹੋਰ ਉਪਰਾਲਾ ਕਰੇ। ਪੰਜਾਬੀ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਉਤਸਾਹਿਤ ਕਰੇ ਤਾਂ ਕਿ ਵੱਧ ਤੋਂ ਵੱਧ ਪੰਜਾਬੀ ਤੇ ਖੋਜ ਹੋ ਸਕੇ। ਸ਼ਬਦ ਕੋਸ਼,ਅਤੇ ਵਿਆਕਰਣ ਸ਼ਬਦਾ ਵਿੱਚ ਵਾਧਾ ਹੋ ਸਕੇ ਤਾਂ ਕਿ ਇਸ ਭਾਸ਼ਾ ਦਾ ਕੰਪਿਊਟਰੀਕਰਨ ਹੋ ਸਕੇ। ਸਕੂਲ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਮਾਂ ਬੋਲੀ ਵਾਲੇ ਅਧਿਆਪਕਾਂ ਨੂੰ ਬਾਕੀ ਅਧਿਆਪਕਾਂ ਨਾਲੋਂ ਵੱਧ ਤਰਜੀਹ ਦਿੱਤੀ ਜਾਵੇ ਸਾਰੇ ਕੋਰਸ ਪੰਜਾਬੀ ਵਿੱਚ ਵੀ ਹੋਣ ਤਾਂ ਹੀ ਆਉਣ ਵਾਲੀ ਪੀੜੀ ਦੇ ਮਨ ਵਿੱਚ ਇਸ ਪਤ੍ਰੀ ਪ੍ਰੇਮ ਵਧੇਗਾ ਅਤੇ ਪੰਜਾਬੀ, ਪੰਜਾਬ ‘ਤੇ ਪੰਜਾਬੀਅਤ ਦੀ ਮਹਾਨਤਾ ਨੂੰ ਸਮਝਿਆ ਜਾ ਸਕੇਗਾ।

ਡਾ: ਸਤਿੰਦਰਜੀਤ ਕੋਰ ਬੁੱਟਰ
52, ਗੁਰੁ ਤੇਗ ਬਹਾਦਰ ਕਾਲੋਨੀ, 
ਬਟਾਲਾ (ਗੁਰਦਾਸਪੁਰ)
ਮੋਬਾਇਲ ਨੰ.  8195805111

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਨਵਾਂ ਕੀਰਤੀਮਾਨ -‘ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ

ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਨਵਾਂ ਮੀਲ ਪੱਥਰ ਕਾਇਮ ਕਰਦਿਆਂ ‘ਖਾਲਸਾ ਯੂਨੀਵਰਸਿਟੀ’ ਸਥਾਪਿਤ ਕੀਤੀ …

Leave a Reply