ਤੇਲ ਅਤੇ ਬੱਤੀ ਨੂੰ ਦੀਵਾ ਪਿਆ ਆਖਦਾ,
ਆਪਾਂ ਹਰ ਕੋਨੇ ਕੋਨੇ ਨੂੰ ਹੈ ਰੁਸ਼ਨਾਉਣਾ।
ਮਹਿਲਾਂ ਤੇ ਝੁੱਗੀਆਂ, ਰਾਹੇ ਤੇ ਚੋਰਾਹੇ ’ਚ,
ਹਰ ਇੱਕ ਦੇ ਦਰਾਂ ਉੱਤੇ ਟਿਮਟਮਾਉਣਾ।
ਟੁੱਟਦੇ ਨੇ ਪਏ ਇੱਥੇ ਸਾਂਝ ਵਾਲੇ ਰਿਸ਼ਤੇ,
ਪਰ ਆਪਾਂ ਤਿੰਨਾਂ ਨੇ ਹੈ ਸਾਥ ਨਿਭਾਉਣਾ।
ਵੇਖਾਂਗੇ ਨਜ਼ਾਰੇ ਜਦ ਪਈਆਂ ਤਰਕਾਲਾਂ,
ਬੱਚਿਆਂ ਨੇ ਫੁੱਲਝੜੀਆਂ ਨੂੰ ਫੇਰ ਘੁਮਾਉਣਾ।
ਮੰਗਣੀਆਂ ਸੁੱਖਾਂ ਬਾਲ ਪਰਿਵਾਰ ਦੀਆਂ,
ਸ਼ਰਧਾ ਦੇ ਵਿੱਚ ਸਿਰਾਂ ਨੂੰ ਝੁਕਾਉਣਾ।
ਸਤਿਗੁਰਾਂ ਰਾਜਿਆਂ ਨੂੰ ਮੁਕਤ ਕਰਾਇਆ ਸੀ,
ਬੰਦੀਛੋੜ ਦਿਨ ਦੀ ਯਾਦ `ਚ ਵੀ ਸਾਨੂੰ ਰੁਸ਼ਨਾਉਣਾ।
ਤੇਲ ਅਤੇ ਬੱਤੀ ਮੁੜ ਦੀਵੇ ਨੂੰ ਪਏ ਆਖਦੇ,
ਭਾਗਾਂ ਵਾਲੇ ਦਿਨ ਅਸਾਂ ਸਾਥ ਤੇਰਾ ਹੈ ਨਿਭਾਉਣਾ।
ਲੈ ਕੇ ਆਵੇ ਸਭ ਲਈ ਖੁਸ਼ੀਆਂ ਤੇ ਖੇੜੇ,
ਰੀਝਾਂ ਸੰਗ ਅਸੀਂ ਦਿਵਾਲੀ ਨੂੰ ਮਨਾਉਣਾ,
ਸਾਡੀਆਂ ਦੁਆਵਾਂ ਵੀ ਸਾਰਿਆਂ ਦੇ ਨਾਲ ਨੇ,
‘ਫ਼ਕੀਰਾ’ ਨੇ ਵੀ ਆਪਣੇ ਪਿਆਰੇ ਲਈ ਜਗਾਉਣਾ।
ਤੇਲ ਅਤੇ ਬੱਤੀ ਨੂੰ ਦੀਵਾ ਪਿਆ ਆਖਦਾ,
ਆਪਾਂ ਹਰ ਕੋਨੇ ਕੋਨੇ ਨੂੰ ਹੈ ਰੁਸ਼਼ਨਾਉਣਾ।
ਵਿਨੋਦ ਫ਼ਕੀਰਾ ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ। ਮੋ. 098721 97326