ਸਾਲ 1947 ਦਾ ਪਹਿਲਾ ਅੱਧ ਭਾਰਤ ਦੇ ਇਤਿਹਾਸ ਦਾ ਮਹੱਤਵਪੂਰਨ ਸਮਾਂ ਸੀ। ਬਸਤੀਵਾਦੀ ਸ਼ਾਸਨ ਦਾ ਅੰਤ ਅਤੇ ਭਾਰਤ ਦੀ ਵੰਡ ਯਕੀਨੀ ਸੀ, ਪਰ ਇਹ ਨਿਸ਼ਚਿਤ ਨਹੀਂ ਸੀ ਕਿ ਕੀ ਦੇਸ਼ ਦੀ ਵੰਡ ਇੱਕ ਤੋਂ ਜ਼ਿਆਦਾ ਵਾਰੀ ਹੋਵੇਗੀ। ਕੀਮਤਾਂ ਵਧ ਰਹੀਆਂ ਸਨ, ਭੋਜਨ ਦੀ ਘਾਟ ਆਮ ਗੱਲ ਸੀ, ਪਰ ਇਨ੍ਹਾਂ ਗੱਲਾਂ ਤੋਂ ਉਪਰ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਭਾਰਤ ਦੀ ਏਕਤਾ ਖ਼ਤਰੇ ਵਿੱਚ ਸੀ।
ਇਨ੍ਹਾਂ ਪ੍ਰਸਥਿਤੀਆਂ ਵਿੱਚ ਹੀ 1947 ਦੇ ਮੱਧ ਵਿੱਚ ਸਟੇਟਸ ਡਿਪਾਰਟਮੈਂਟ ਹੋਂਦ ਵਿੱਚ ਆਇਆ।ਇਸ ਵਿਭਾਗ ਦੇ ਮੁੱਖ ਉਦੇਸ਼ਾਂ ਵਿੱਚ 550 ਤੋਂ ਜ਼ਿਆਦਾ ਰਿਆਸਤਾਂ ਨਾਲ ਭਾਰਤ ਦੇ ਸਬੰਧਾਂ ਬਾਰੇ ਗੱਲਬਾਤ ਕਰਨੀ ਸੀ ਜੋ ਆਕਾਰ, ਅਬਾਦੀ, ਖੇਤਰ ਜਾਂ ਆਰਥਕ ਸਥਿਤੀ ਵਿੱਚ ਬਹੁਤ ਭਿੰਨ ਸਨ।ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਜਦ ਮਹਾਤਮਾ ਗਾਂਧੀ ਨੇ ਟਿੱਪਣੀ ਕੀਤੀ ਸੀ `ਰਾਜਾਂ ਦੀ ਸਮੱਸਿਆ ਇੰਨੀ ਕਠਿਨ ਹੈ ਕਿ ਕੇਵਲ `ਆਪ` ਹੀ ਇਸ ਨੂੰ ਸੁਲਝਾ ਸਕਦੇ ਹੋ।
ਇਥੇ `ਆਪ` ਤੋਂ ਭਾਵ ਸਰਦਾਰ ਵੱਲਭ ਭਾਈ ਪਟੇਲ ਤੋਂ ਇਲਾਵਾ ਹੋਰ ਕੁੱਝ ਨਹੀਂ ਹੋ ਸਕਦਾ, ਜਿਨ੍ਹਾਂ ਦੀ ਜਯੰਤੀ ਅੱਜ ਅਸੀਂ ਮਨਾ ਰਹੇ ਹਾਂ ਅਤੇ ਜਿਨ੍ਹਾਂ ਨੂੰ ਅਸੀਂ ਆਪਣੀ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ।
ਸਰਦਾਰ ਪਟੇਲ ਨੇ ਸ਼ੁੱਧਤਾ, ਦ੍ਰਿੜ੍ਹਤਾ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਨਾਲ ਆਪਣਾ ਕੰਮ ਕੀਤਾ।ਸਮਾਂ ਘੱਟ ਸੀ ਅਤੇ ਕਾਰਜ ਮੁਸ਼ਕਲ ਸੀ…ਪਰ ਉਹ ਆਮ ਵਿਅਕਤੀ ਨਹੀਂ ਸਨ, ਉਹ ਸਰਦਾਰ ਪਟੇਲ ਸਨ ਜਿਨ੍ਹਾਂ ਨੇ ਦ੍ਰਿੜ ਸੰਕਲਪ ਕੀਤਾ ਕਿ ਉਹ ਆਪਣੇ ਦੇਸ਼ ਨੂੰ ਝੁਕਣ ਨਹੀਂ ਦੇਣਗੇ।ਇੱਕ-ਇੱਕ ਕਰਕੇ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਰਿਆਸਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਜ਼ਾਦ ਭਾਰਤ ਦਾ ਹਿੱਸਾ ਬਣਾਉਣਾ ਯਕੀਨੀ ਕੀਤਾ।ਇਹ ਸਰਦਾਰ ਪਟੇਲ ਦੇ ਅਣਥੱਕ ਯਤਨਾਂ ਸਦਕਾ ਹੀ ਸੰਭਵ ਹੋਇਆ ਸੀ।
ਅਜ਼ਾਦੀ ਮਿਲਣ ਤੋਂ ਬਾਅਦ ਵੀ.ਪੀ ਮੈਨਨ ਨੇ ਕਿਹਾ ਕਿ ਉਹ ਸਰਕਾਰੀ ਸੇਵਾ ਤੋਂ ਮੁਕਤ ਹੋਣਾ ਚਾਹੁੰਦੇ ਹਨ ਤਾਂ ਸਰਦਾਰ ਪਟੇਲ ਨੇ ਕਿਹਾ ਕਿ ਇਹ ਸਮਾਂ ਨਾ ਤਾਂ ਅਰਾਮ ਕਰਨ ਦਾ ਹੈ ਅਤੇ ਨਾ ਹੀ ਰਿਟਾਇਰ ਹੋਣ ਦਾ।ਸਰਦਾਰ ਪਟੇਲ ਦਾ ਅਜਿਹਾ ਦ੍ਰਿੜ ਇਰਾਦਾ ਸੀ।ਵੀ.ਪੀ ਮੈਨਨ ਨੂੰ ਸਟੇਟਸ ਵਿਭਾਗ ਦਾ ਸਕੱਤਰ ਬਣਾਇਆ ਗਿਆ।ਆਪਣੀ ਕਿਤਾਬ `ਦ ਸਟੋਰੀ ਆਫ ਦ ਇੰਟੈਗਰੇਸ਼ਨ ਆਫ੍ ਇੰਡੀਅਨ ਸਟੇਟਸ` ਵਿੱੱਚ ਉਹ ਲਿਖਦੇ ਹਨ ਕਿ ਕਿਵੇਂ ਸਰਦਾਰ ਪਟੇਲ ਨੇ ਅੱਗੇ ਹੋ ਕੇ ਅਗਵਾਈ ਕੀਤੀ ਅਤੇ ਪੂਰੀ ਟੀਮ ਨੂੰ ਦ੍ਰਿੜਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।ਉਹ ਇਹ ਵੀ ਲਿਖਦੇ ਹਨ ਕਿ ਸਰਦਾਰ ਪਟੇਲ ਇਸ ਸਬੰਧੀ ਸਪੱਸ਼ਟ ਸਨ ਕਿ ਭਾਰਤ ਦੇ ਲੋਕਾਂ ਦੇ ਹਿਤ ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ ਹਨ, ਉਨ੍ਹਾਂ `ਤੇ ਕੋਈ ਸਮਝੌਤਾ ਨਹੀਂ ਹੋਏਗਾ।
15 ਅਗਸਤ 1947 ਨੂੰ ਅਸੀਂ ਨਵੇਂ ਭਾਰਤ ਦੇ ਉਦੈ ਦਾ ਜਸ਼ਨ ਮਨਾਇਆ, ਪਰ ਰਾਸ਼ਟਰ ਨਿਰਮਾਣ ਦਾ ਕੰਮ ਅਜੇ ਅਧੂਰਾ ਸੀ।ਅਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਹੋਣ ਵਜੋਂ ਉਨ੍ਹਾਂ ਨੇ ਪ੍ਰਸ਼ਾਸਨਿਕ ਢਾਂਚੇ ਲਈ ਅਜਿਹਾ ਮੰਚ ਸਥਾਪਿਤ ਕੀਤਾ ਜੋ ਦੈਨਿਕ ਸ਼ਾਸਨ ਦੇ ਮਾਮਲਿਆਂ ਅਤੇ ਲੋਕਾਂ, ਵਿਸ਼ੇਸ਼ ਕਰਕੇ ਗ਼ਰੀਬ ਅਤੇ ਲੋੜਵੰਦਾਂ ਦੇ ਹਿਤਾਂ ਦੀ ਰਾਖੀ ਲਈ ਨਿਰੰਤਰ ਦੇਸ਼ ਸੇਵਾ ਕਰਦਾ ਹੈ।
ਸਰਦਾਰ ਪਟੇਲ ਇੱਕ ਅਨੁਭਵੀ ਪ੍ਰਸ਼ਾਸਕ ਸਨ।1920 ਦੇ ਦਹਾਕੇ ਵਿੱਚ ਜਦੋਂ ਉਨ੍ਹਾਂ ਨੇ ਅਹਿਮਦਾਬਾਦ ਨਗਰ ਪਾਲਿਕਾ ਦੀ ਸੇਵਾ ਕੀਤੀ ਸੀ ਤਾਂ ਉਸ ਸਮੇਂ ਦਾ ਉਨ੍ਹਾਂ ਦਾ ਸ਼ਾਸਨ ਦਾ ਅਨੁਭਵ ਅਜ਼ਾਦ ਭਾਰਤ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਬਹੁਤ ਕੰਮ ਆਇਆ।ਅਹਿਮਦਾਬਾਦ ਵਿੱਚ ਰਹਿੰਦਿਆਂ ਉਨ੍ਹਾਂ ਨੇ ਸ਼ਹਿਰ ਵਿੱਚ ਸਵੱਛਤਾ ਵਧਾਉਣ ਵਿੱਚ ਸ਼ਲਾਘਾਯੋਗ ਕਾਰਜ ਕੀਤਾ।ਉਨ੍ਹਾਂ ਨੇ ਪੂਰੇ ਸ਼ਹਿਰ ਵਿੱਚ ਸਾਫ਼ ਸਫ਼ਾਈ ਅਤੇ ਜਲ ਨਿਕਾਸੀ ਪ੍ਰਣਾਲੀ ਨੂੰ ਯਕੀਨੀ ਬਣਾਇਆ।ਉਨ੍ਹਾਂ ਨੇ ਸੜਕਾਂ, ਬਿਜਲੀ ਅਤੇ ਸਿੱਖਿਆ ਵਰਗੇ ਸ਼ਹਿਰੀ ਬੁਨਿਆਦੀ ਢਾਂਚੇ ਦੇ ਹੋਰ ਪਹਿਲੂਆਂ `ਤੇ ਵੀ ਧਿਆਨ ਕੇਂਦਰਿਤ ਕੀਤਾ।
ਅੱਜ ਜੇ ਭਾਰਤ ਨੂੰ ਇੱਕ ਜੀਵੰਤ ਸਹਿਕਾਰੀ ਖੇਤਰ ਲਈ ਜਾਣਿਆ ਜਾਂਦਾ ਹੈ ਤਾਂ ਇਸ ਦਾ ਜ਼ਿਆਦਾ ਸਿਲਾ ਸਰਦਾਰ ਪਟੇਲ ਨੂੰ ਹੀ ਜਾਂਦਾ ਹੈ।ਸਥਾਨਕ ਭਾਈਚਾਰਿਆਂ, ਵਿਸ਼ੇਸ਼ ਕਰਕੇ ਔਰਤਾਂ ਨੂੰ ਤਾਕਤਵਰ ਬਣਾਉਣ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਮੁੱਲ ਪ੍ਰੋਜੈਕਟ ਵਿੱਚ ਦੇਖਿਆ ਜਾ ਸਕਦਾ ਹੈ।ਇਹ ਸਰਦਾਰ ਪਟੇਲ ਹੀ ਸਨ ਜਿਨ੍ਹਾਂ ਨੇ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਦੇ ਵਿਚਾਰ ਨੂੰ ਪ੍ਰਚਲਿਤ ਕੀਤਾ ਜਿਸ ਕਰਕੇ ਬਹੁਤ ਸਾਰੇ ਲੋਕਾਂ ਲਈ ਮਾਣ ਅਤੇ ਆਸਰਾ ਯਕੀਨੀ ਹੋਇਆ।
ਸਰਦਾਰ ਪਟੇਲ ਨਾਲ ਦੋ ਵਿਸ਼ੇਸ਼ਤਾਵਾਂ ਜੁੜੀਆਂ ਹੋਈਆਂ ਹਨ ਵਿਸ਼ਵਾਸ ਅਤੇ ਅਖੰਡਤਾ।ਭਾਰਤ ਦੇ ਕਿਸਾਨਾਂ ਨੂੰ ਉਨ੍ਹਾਂ `ਤੇ ਅਟੁੱਟ ਵਿਸ਼ਵਾਸ ਸੀ। ਆਖਰਕਾਰ, ਉਹ ਇੱਕ ਕਿਸਾਨ ਪੁੱਤਰ ਸਨ ਜਿਨ੍ਹਾਂ ਨੇ ਬਾਰਦੋਲੀ ਸੱਤਿਆਗ੍ਰਹਿ ਦੌਰਾਨ ਅਗਵਾਈ ਕੀਤੀ ਅਤੇ ਅੱਗੇ ਵਧੇ।ਮਜ਼ਦੂਰ ਵਰਗ ਨੇ ਉਨ੍ਹਾਂ ਨੂੰ ਆਸ਼ਾ ਦੀ ਕਿਰਨ ਵਜੋਂ ਦੇਖਿਆ ਸੀ, ਇੱਕ ਅਜਿਹਾ ਨੇਤਾ ਜੋ ਉਨ੍ਹਾਂ ਲਈ ਗੱਲ ਕਰਦਾ।ਵਪਾਰੀਆਂ ਅਤੇ ਉਦਯੋਗਪਤੀਆਂ ਨੇ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਕੀਤਾ ਕਿਉਂਕਿ ਉਹ ਸਮਝਦੇ ਸਨ ਕਿ ਸਰਦਾਰ ਪਟੇਲ ਭਾਰਤ ਦੇ ਆਰਥਕ ਅਤੇ ਉਦਯੋਗਿਕ ਵਿਕਾਸ ਦੇ ਵਿਜ਼ਨ ਵਾਲੇ ਦਿੱਗਜ ਨੇਤਾ ਹਨ।
ਉਨ੍ਹਾਂ ਦੇ ਰਾਜਨੀਤਕ ਸਾਥੀਆਂ ਨੇ ਵੀ ਉਨ੍ਹਾਂ `ਤੇ ਪੂਰਾ ਭਰੋਸਾ ਕੀਤਾ।ਆਚਾਰੀਆ ਕ੍ਰਿਪਲਾਨੀ ਨੇ ਟਿੱਪਣੀ ਕੀਤੀ ਕਿ ਜਦੋਂ ਵੀ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਤਾਂ ਜੇਕਰ ਬਾਪੂ ਦਾ ਮਾਰਗਦਰਸ਼ਨ ਉਪਲੱਬਧ ਨਹੀਂ ਹੁੰਦਾ ਸੀ ਤਾਂ ਉਹ ਸਰਦਾਰ ਪਟੇਲ ਦੀ ਤਰਫ਼ ਰੁਖ ਕਰਦੇ। ਜਦੋਂ 1947 ਵਿੱਚ ਰਾਜਨੀਤਕ ਗੱਲਬਾਤ ਪੂਰੇ ਚਰਮ `ਤੇ ਸੀ ਤਾਂ ਸਰੋਜਨੀ ਨਾਇਡੂ ਨੇ ਉਨ੍ਹਾਂ ਨੂੰ `ਸੰਕਲਪ ਸ਼ਕਤੀ ਵਾਲੇ ਗਤੀਸ਼ੀਲ ਵਿਅਕਤੀ` ਕਿਹਾ ਸੀ।
ਹਰ ਕਿਸੇ ਨੇ ਉਨ੍ਹਾਂ, ਉਨ੍ਹਾਂ ਦੇ ਸ਼ਬਦਾਂ ਅਤੇ ਉਨ੍ਹਾਂ ਦੇ ਕਾਰਜਾਂ `ਤੇ ਭਰੋਸਾ ਕੀਤਾ।ਜਾਤੀ, ਧਰਮ, ਵਿਸ਼ਵਾਸ ਉਮਰ ਤੋਂ ਉਪਰ ਉਠ ਕੇ ਲੋਕ ਸਰਦਾਰ ਪਟੇਲ ਦਾ ਸਤਿਕਾਰ ਕਰਦੇ ਹਨ।
ਇਸ ਸਾਲ ਸਰਦਾਰ ਪਟੇਲ ਦੀ ਜਯੰਤੀ ਹੋਰ ਵੀ ਵਿਸ਼ੇਸ਼ ਹੈ।130 ਕਰੋੜ ਭਾਰਤੀਆਂ ਦੇ ਆਸ਼ੀਰਵਾਦ ਦੇ ਨਾਲ ਅੱਜ `ਸਟੈਚਿਊ ਆਫ ਯੂਨਿਟੀ` ਦਾ ਉਦਘਾਟਨ ਕੀਤਾ ਜਾ ਰਿਹਾ ਹੈ।ਨਰਮਦਾ ਦੇ ਤਟ `ਤੇ ਸਥਿਤ `ਏਕਤਾ ਦੀ ਮੂਰਤੀ` ਦੁਨੀਆ ਵਿੱਚ ਸਭ ਤੋਂ ਉੱਚੀ ਹੈ।`ਧਰਤੀ ਪੁੱਤਰ` ਸਰਦਾਰ ਪਟੇਲ ਸਾਡਾ ਮਾਰਗਦਰਸ਼ਨ ਕਰਨ ਲਈ ਅਤੇ ਸਾਨੂੰ ਪ੍ਰੇਰਿਤ ਕਰਨ ਲਈ ਉਚੇ ਅਕਾਸ਼ ਵਿੱਚ ਗਰਵ ਨਾਲ ਖੜ੍ਹੇ ਰਹਿਣਗੇ।
ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ, ਜਿੰਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਲਈ ਦਿਨ ਰਾਤ ਕੰਮ ਕੀਤਾ ਕਿ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਵਜੋਂ ਇਹ ਮਹਾਨ ਪ੍ਰਤਿਮਾ, ਹਕੀਕਤ ਬਣ ਜਾਵੇ।ਮੈਂ 31 ਅਕਤੂਬਰ 2013 ਦੇ ਉਸ ਦਿਨ ਨੂੰ ਯਾਦ ਕਰਦਾ ਹਾਂ, ਜਦੋਂ ਅਸੀਂ ਇਸ ਮਹੱਤਵ ਅਕਾਂਖੀ ਪ੍ਰੋਜੈਕਟ ਦੀ ਨੀਂਹ ਰੱਖੀ ਸੀ।ਰਿਕਾਰਡ ਸਮੇਂ ਵਿੱਚ ਇੰਨਾ ਵੱੱਡਾ ਪ੍ਰੋਜੈਕਟ ਤਿਆਰ ਹੋ ਗਿਆ ਅਤੇ ਇਸ ਨਾਲ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ।ਮੈਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ `ਏਕਤਾ ਦੀ ਪ੍ਰਤਿਮਾ` `ਤੇ ਜਾਣ ਦੀ ਬੇਨਤੀ ਕਰਦਾ ਹਾਂ।
`ਏਕਤਾ ਦੀ ਮੂਰਤੀ` ਦਿਲ ਦੀ ਏਕਤਾ ਅਤੇ ਸਾਡੀ ਧਰਤੀ ਮਾਂ ਦੀ ਭੂਗੋਲਿਕ ਅਖੰਡਤਾ, ਦੋਹਾਂ ਦਾ ਪ੍ਰਤੀਕ ਹੈ। ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਜੇ ਅਸੀਂ ਵੰਡੇ ਹੋਏ ਹਾਂ ਤਾਂ ਅਸੀਂ ਖੁਦ ਦਾ ਸਾਹਮਣਾ ਕਰਨ ਦੇ ਵੀ ਸਮਰੱਥ ਨਹੀਂ ਹੋ ਸਕਦੇ। ਅਖੰਡਤਾ ਨਾਲ ਅਸੀਂ ਦੁਨੀਆ ਦਾ ਸਾਹਮਣਾ ਕਰ ਸਕਦੇ ਹਾਂ ਅਤੇ ਵਿਕਾਸ ਅਤੇ ਮਹਿਮਾ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਸਕਦੇ ਹਾਂ।
ਸਰਦਾਰ ਪਟੇਲ ਨੇ ਸਾਮਰਾਜਵਾਦ ਦੇ ਇਤਿਹਾਸ ਨੂੰ ਖਤਮ ਕਰਨ ਅਤੇ ਰਾਸ਼ਟਰਵਾਦ ਦੀ ਭਾਵਨਾ ਨਾਲ ਏਕਤਾ ਦਾ ਮਾਹੌਲ ਬਣਾਉਣ ਲਈ ਹੈਰਾਨੀਜਨਕ ਗਤੀ ਨਾਲ ਕੰਮ ਕੀਤਾ।ਉਨ੍ਹਾਂ ਭਾਰਤ ਨੂੰ ਵੰਡ ਦੀ ਫੁੱਟ ਤੋਂ ਬਚਾਇਆ ਅਤੇ ਇੱਥੋਂ ਤੱਕ ਕਿ ਸਭ ਤੋਂ ਕਮਜ਼ੋਰ ਹਿੱਸਿਆਂ ਨੂੰ ਰਾਸ਼ਟਰੀ ਢਾਂਚੇ ਵਿੱਚ ਜੋੜਿਆ ।
ਅੱਜ ਅਸੀਂ 130 ਕਰੋੜ ਭਾਰਤੀ ਉਸ ਨਿਊ ਇੰਡੀਆ ਦੇ ਨਿਰਮਾਣ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਾਂ ਜੋ ਮਜ਼ਬੂਤ, ਖੁਸ਼ਹਾਲ ਅਤੇ ਸਮਾਵੇਸ਼ੀ ਹੋਵੇਗਾ।ਹਰ ਫ਼ੈਸਲਾ ਇਹ ਸੁਨਿਸ਼ਚਿਤ ਕਰਕੇ ਕੀਤਾ ਜਾ ਰਿਹਾ ਹੈ ਕਿ ਵਿਕਾਸ ਦਾ ਲਾਭ ਭ੍ਰਿਸ਼ਟਾਚਾਰ ਜਾਂ ਪੱਖਪਾਤ ਦੇ ਬਗ਼ੈਰ ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਤੱਕ ਪਹੁੰਚੇ, ਜਿਵੇਂ ਕਿ ਸਰਦਾਰ ਪਟੇਲ ਚਾਹੁੰਦੇ ਸਨ।
-ਨਰੇਂਦਰ ਮੋਦੀ
ਪ੍ਰਧਾਨ ਮੰਤਰੀ, ਭਾਰਤ।