Wednesday, May 7, 2025
Breaking News

ਸਟੈਂਸਟਡ ਹਵਾਈ ਅੱਡੇ ਦੀ ਜਗ੍ਹਾ ਹੀਥਰੋ ਹਵਾਈ ਅੱਡੇ ਲਈ ਅੰਮ੍ਰਿਤਸਰ ਤੋਂ ਸ਼ੁਰੂ ਹੋਵੇ ਸੇਵਾ – ਔਜਲਾ

ਅੰਮ੍ਰਿਤਸਰ-ਲੰਡਨ ਹਵਾਈ ਸੇਵਾ ਸ਼ੁਰੂ ਹੋਣ ਦਾ ਐਮ.ਪੀ  ਨੇ ਕੀਤਾ ਸਵਾਗਤ
ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ ਬਿਊਰੋ)- ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜੀ ਮੰਤਰਾਲੇ ਵਲੋਂ ਅੰਮ੍ਰਿਤਸਰ ਤੋਂ Gurjeet Singh Aujlaਸਟੈਂਸਟਡ ਦਰਮਿਆਨ ਹਫਤੇ ਵਿੱਚ ਤਿੰਨ ਦਿਨ ਹਵਾਈ ਸੇਵਾ ਸ਼ੁਰੂ ਕਰਨ ਦੇ ਐਲਾਨ ਦਾ ਸਵਾਗਤ ਕਰਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਅਧੂਰੀ ਹਵਾਈ ਸੇਵਾ ਨਾਲ ਪੰਜਾਬੀਆਂ ਨੂੰ ਫਾਇਦਾ ਘੱਟ ਤੇ ਇਸ ਹਵਾਈ ਸੇਵਾ ਨੂੰ ਜਾਰੀ ਰੱਖਣ ਵਿੱਚ ਪੰਜਾਬੀਆਂ ਦਾ ਇਮਤਿਹਾਨ ਜਿਆਦਾ ਹੋਵੇਗਾ।
          ਮੈਂਬਰ ਪਾਰਲੀਮੈਂਟ ਬਨਣ ਉਪਰੰਤ ਸੰਸਦ ਵਿੱਚ ਦਿੱਤੇ ਪਲੇਠੇ ਭਾਸ਼ਣ ਵਿੱਚ ਵੀ ਅੰਮ੍ਰਿਤਸਰ ਤੋਂ ਲੰਡਨ ਸਮੇਤ ਹੋਰਨਾਂ ਦੇਸ਼ਾਂ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਮੁੱਦਾ ਉਠਾਉਣ ਤੇ ਸੰਸਦ ਵਿੱਚ ਵਾਰ-ਵਾਰ ਅੰਮ੍ਰਿਤਸਰ ਤੋਂ ਵੱਖ-ਵੱਖ ਦੇਸ਼ਾਂ ਲਈ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਕਰਨ ਵਾਲੇ ਔਜਲਾ ਨੇ ਇਸ ਹਵਾਈ ਸੇਵਾ ਦੇ ਸ਼ੁਰੂ ਹੋਣ `ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਨੀਤੀ ਤੇ ਚਲਦਿਆਂ ਸ਼ਹਿਰੀ ਹਵਾਬਾਜੀ ਮੰਤਰਾਲੇ ਨੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੀ ਥਾਂ ਤੇ ਅੰਮ੍ਰਿਤਸਰ-ਸਟੈਂਸਟਡ ਹਵਾਈ ਅੱਡੇ ਲਈ ਹਫਤੇ ਦੇ ਤਿੰਨ ਦਿਨ (ਸੋਮਵਾਰ, ਮੰਗਲਵਾਰ ਤੇ ਵੀਰਵਾਰ) ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਸ਼ੁਰੂ ਹੋਣ ਦਾ ਫਾਇਦਾ ਸਿਰਫ ਲੰਡਨ ਵਾਸੀਆਂ ਨੂੰ ਹੀ ਮਿਲੇਗਾ।ਜਿਸ ਨਾਲ ਕੇਂਦਰ ਸਰਕਾਰ ਨੂੰ ਇਸ ਹਵਾਈ ਸੇਵਾ ਘਾਟੇ ਦਾ ਸੌਦਾ ਦੱਸਦਿਆਂ ਬੰਦ ਕਰਨ ਦਾ ਬਹਾਨਾ ਮਿਲ ਜਾਵੇਗਾ।
                ਔਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੀਂ ਜਨਮ ਸ਼ਤਾਬਦੀ ਸੰਬੰਧੀ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਲਈ ਲਾਹੌਰ ਤੇ ਸਿਆਲਕੋਟ ਦੇ ਹਵਾਈ ਅੱਡਿਆਂ ਤੋਂ ਰੋਜਾਨਾ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਲੱਖਾਂ ਸਿੱਖ ਮਜਬੂਰੀ ਵੱਸ ਪਾਕਿਸਤਾਨ ਦੀ ਧਰਤੀ `ਤੇ ਉਤਰਣਗੇ।
          ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਜਨਮ ਸ਼ਤਾਬਦੀ ਸੰਬੰਧੀ ਗੰਭੀਰਤਾ ਦਿਖਾਉਂਦਿਆਂ ਅੰਮ੍ਰਿਤਸਰ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਨਾਲ ਨਾਲ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਦਰਮਿਆਨ ਚਲਦੀ ਹਵਾਈ ਉਡਾਨ ਨੂੰ ਅੰਮ੍ਰਿਤਸਰ-ਟੋਰਾਂਟੋ ਸਿੱਧੀ ਹਵਾਈ ਉਡਾਨ ਵਿੱਚ ਤਬਦੀਲ ਕਰਨ ਦਾ ਐਲਾਣ ਕਰੇ।ਉਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਿਸ਼ਵ ਪੱਧਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਨਾਈ ਜਾ ਰਹੀ 550 ਸਾਲਾ ਜਨਮ ਸ਼ਤਾਬਦੀ ਨੂੰ ਲੈ ਕੇ ਅੰਮ੍ਰਿਤਸਰ ਤੋਂ ਵੱਖ-ਵੱਖ ਦੇਸ਼ਾਂ ਲਈ ਵਿਸੇਸ਼ ਸਿੱਧੀਆਂ ਹਵਾਈ ਉਡਾਨਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਸ਼ਤਾਬਦੀ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਸਿੱਖ ਸ਼ਰਧਾਲੂ ਪੰਜਾਬ ਦੀ ਧਰਤੀ ਤੇ ਪੁੱਜ ਸਕਣ ਤੇ ਇਥੋਂ ਸ੍ਰੀ ਦਰਬਾਰ ਸਾਹਿਬ, ਰਮਦਾਸ, ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਤੇ ਬਾਅਦ ਵਿੱਚ ਮੁਨਾਫੇ ਵਾਲੀਆਂ ਉਡਾਨਾਂ ਨੂੰ ਨਿਰੰਤਰ ਜਾਰੀ ਰੱਖਣ `ਤੇ ਵਿਚਾਰ ਕੀਤੀ ਜਾਵੇ।ਔਜਲਾ ਨੇ ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਅੰਮ੍ਰਿਤਸਰ-ਪਟਨਾ ਸਾਹਿਬ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ `ਤੇ ਵੀ ਧੰਨਵਾਦ ਕੀਤਾ।
 

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …

Leave a Reply