ਲੌਂਗੋਵਾਲ, 3 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ 5 ਫਰਵਰੀ ਨੂੰ ਕੈਬਨਿਟ ਮੰਤਰੀ ਵਿਜੇੈਇੰਦਰ ਸਿੰਗਲਾ ਦੇ ਘਰ ਦੇ ਕੀਤੇ ਜਾ ਰਹੇ ਘਿਰਾਓ ਦੀ ਤਿਆਰੀ ਸਬੰਧੀ ਲੌਂਗੋਵਾਲ ਦੀ ਪੱਤੀ ਰੰਧਾਵਾ, ਪੱਤੀ ਜੈਦ ਅਤੇ ਪਿੰਡ ਢੱਡਰੀਆਂ ਵਿਖੇ ਰੈਲੀਆਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ।ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ ਨੇ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ, ਪਰਾਲੀ ਫੂਕਣ ਦੇ ਕੀਤੇ ਨਜਾਇਜ਼ ਪਰਚੇ, ਕੰਬਾਈਨਾਂ ਨੂੰ ਕੀਤੇ ਜੁਰਮਾਨੇ ,ਆਵਾਰਾ ਡੰਗਰਾਂ ਦੀ ਸਮੱਸਿਆ, ਬੈਂਕਾਂ ਵਲੋਂ ਕਿਸਾਨਾਂ ‘ਤ ਖਾਲੀ ਚੈਕਾਂ ਸਬੰਧੀ ਕੀਤੇ ਕੇਸ, ਜ਼ਮੀਨਾਂ ਦੀਆਂ ਹੋ ਰਹੀਆਂ ਕੁਰਕੀਆਂ ਸਮੇਤ ਬਾਕੀ ਕਿਸਾਨ ਮਸਲਿਆਂ ਵੱਲ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ, ਬਲਕਿ ਸਾਰਾ ਧਿਆਨ ਕਾਰਪੋਰੇਟ ਸੈਕਟਰ ਨੂੰ ਫ਼ਾਇਦਾ ਪਹੁੰਚਾਉਣ ਵੱਲ ਹੈ।ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਵੇਲੇ ਤਾਂ ਸਰਕਾਰ ਦਾ ਖਜ਼ਾਨਾ ਖਾਲੀ ਹੈ, ਪਰ ਪ੍ਰਾਈਵੇਟ ਥਰਮਲਾਂ ਨੂੰ ਬਿਨਾਂ ਬਿਜਲੀ ਖ਼ਰੀਦੇ ਕਰੋੜਾਂ ਰੁਪਏ ਹਰੇਕ ਸਾਲ ਦਿੱਤੇ ਜਾ ਰਹੇ ਹਨ, ਕੈਬਨਿਟ ਮੰਤਰੀਆਂ ਲਈ ਕੈਮਰੀ ਗੱਡੀਆਂ ਖ਼ਰੀਦਣ ਵੇਲੇ ਪੈਸੇ ਹਨ ਅਤੇ ਇਸੇ ਤਰ੍ਹਾਂ ਪਹਿਲਾਂ ਤੋਂ ਹੀ ਮੋਟੀਆਂ ਤਨਖਾਹਾਂ ਅਤੇ ਭੱਤੇ ਲੈ ਰਹੀ ਆਈ.ਏ.ਐਸ ਅਫਸਰਾਂ ਦੀ ਲਾਬੀ ਲਈ ਪ੍ਰਾਈਵੇਟ ਨੌਕਰ ਰੱਖਣ ਵਾਸਤੇ 15000 ਹਰੇਕ ਮਹੀਨੇ ਉਨ੍ਹਾਂ ਨੂੰ ਦੇਣ ਦਾ ਫੈਸਲਾ ਵੀ ਇਹ ਸਾਬਤ ਕਰਦਾ ਹੈ ਕਿ ਇਹ ਸਰਕਾਰ ਕਿਸਾਨ ਪੱਖੀ ਨਹੀਂ ਬਲਕਿ ਸਰਮਾਏਦਾਰਾਂ ਪੱਖੀ ਹੈ।ਇਸੇ ਕਰਕੇ ਕਿਰਤੀ ਕਿਸਾਨ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੋ ਪੰਜਾਬ ਵਿਧਾਨ ਸਭਾ ਦਾ ਆਉਣ ਵਾਲਾ ਬਜ਼ਟ ਇਜਲਾਸ ਹੈ ਉਸ ਸਮੇਂ ਕਿਸਾਨੀ ਮਸਲੇ ਚੁੱਕਣ ਲਈ ਸਰਕਾਰ ਨੂੰ ਮਜ਼ਬੂਰ ਕਰਨ ਲਈ ਸਾਰੇ ਪੰਜਾਬ ਵਿੱਚ ਕੈਬਨਿਟ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ । ਜਿਸ ਲਈ ਕਿਸਾਨਾਂ ਦੀ ਵੱਡੀ ਲਾਮਬੰਦੀ ਕੀਤੀ ਜਾਵੇਗੀ।ਆਗੂਆਂ ਨੇ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਦੀਆਂ 2200 ਅਸਾਮੀਆਂ ਖ਼ਤਮ ਕਰਨ ਦੇ ਫ਼ੈਸਲੇ ਦੀ ਵੀ ਨਿਖੇਧੀ ਕਰਦਿਆਂ ਕਿਸਾਨਾਂ ਨੂੰ 5 ਫਰਵਰੀ ਦੇ ਘਿਰਾਓ ‘ਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਦੇਵ ਸਿੰਘ ਦੁੱਲਟ, ਬਲਵਿੰਦਰ ਸਿੰਘ ਜੱਗੀ, ਭੋਲਾ ਸਿੰਘ, ਰਾਜਾ ਸਿੰਘ, ਕਰਮ ਸਿੰਘ, ਮੁਕੰਦ ਸਿੰਘ, ਜਗੀਰ ਸਿੰਘ ਢੱਡਰੀਆਂ, ਇਕਬਾਲ ਸਿੰਘ ਤੇ ਸੁਰਜੀਤ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …