ਨੀਲਾ ਕਾਰਡ ਧਾਰਕ ਪਰਿਵਾਰਾਂ ਦੀਆਂ 12ਵੀਂ ਪਾਸ ਲੜਕੀਆਂ ਲਈ ਵਿਸ਼ੇਸ਼ ਕੋਚਿੰਗ ਦਾ ਐਲਾਨ
ਲੌਂਗੋਵਾਲ, 3 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੀਲਾ ਕਾਰਡ ਧਾਰਕ ਪਰਿਵਾਰਾਂ ਨਾਲ ਸਬੰਧਤ ਲੜਕੀਆਂ ਨੂੰ ਅਜੋਕੇ ਸਮੇਂ ਵਿੱਚ ਬੈਂਕ, ਕਲੈਰੀਕਲ, ਸਰਕਾਰੀ ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ `ਚ ਵਧੀਆ ਅੰਕ ਹਾਸਿਲ ਕਰਨ ਦੇ ਸਮਰੱਥ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨਿਵੇਕਲਾ ਯਤਨ ਆਰੰਭਿਆ ਹੈ।ਬੇਟੀ ਬਚਾਓ ਬੇਟੀ ਪੜਾਓ ਯੋਜਨਾ ਦੇ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਲੜਕੀਆਂ ਨੂੰ ਵਿਸ਼ਾ ਮਾਹਿਰਾਂ ਦੁਆਰਾ ਸਕਾਲਰਸਿਪ ਆਧਾਰਿਤ ਕੋਚਿੰਗ ਸੁਵਿਧਾ ਉਪਲਬਧ ਕਰਵਾਉਣ ਦਾ ਫੈਸਲਾ ਕੀਤਾ ਹੈ ਜਿਹੜੀਆਂ ਲੜਕੀਆਂ ਕਮਜ਼ੋਰ ਵਿੱਤੀ ਸਾਧਨਾਂ ਕਾਰਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਮਿਆਰੀ ਕੋਚਿੰਗ ਸੰਸਥਾਵਾਂ ਤੋਂ ਹਾਸਲ ਕਰਨ ਵਿੱਚ ਅਸਮਰੱਥ ਹੁੰਦੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਚਿੰਗ ਤਹਿਤ ਜਿਹੜੀਆਂ ਲੜਕੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨਗੀਆਂ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦੇ ਸਕਾਲਰਸ਼ਿਪ ਤਹਿਤ ਸਿਖਲਾਈ ਦਿੱਤੀ ਜਾਵੇਗੀ।ਇਨ੍ਹਾਂ ਕੋਚਿੰਗ ਕਲਾਸਾਂ ਦੀ ਮਿਆਦ ਤਿੰਨ ਮਹੀਨਿਆਂ ਦੀ ਹੋਵੇਗੀ ਅਤੇ ਚੋਣ ਮੈਰਿਟ ਦੇ ਆਧਾਰ `ਤੇ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਬਾਰਵੀਂ ਪਾਸ ਲੜਕੀਆਂ ਇਸ ਲਈ ਯੋਗ ਹੋਣਗੀਆਂ ਅਤੇ ਪ੍ਰਾਰਥੀਆਂ ਨੂੰ ਇੱਕ ਹਜ਼ਾਰ ਰੁਪਏ ਸਕਿਓਰਟੀ ਵਜੋਂ ਜਮਾਂ ਕਰਵਾਉਣੇ ਪੈਣਗੇ ਤਾਂ ਜੋ ਪ੍ਰਾਰਥੀ ਕੋਰਸ ਵਿਚਾਲੇ ਨਾ ਛੱਡ ਸਕਣ ਅਤੇ ਇਹ ਸਕਿਓਰਟੀ ਕੋਚਿੰਗ ਮੁਕੰਮਲ ਹੋਣ ਤੋਂ ਬਾਅਦ ਵਾਪਸ ਮੋੜ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮਕਾਜ਼ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 5.00 ਤੱਕ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਦੇ ਸੰਪਰਕ ਨੰਬਰ 01672-235766 ਜਾਂ ਫੋਨ ਨੰ: 01672-232304 `ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਿਖਲਾਈ ਕੋਰਸ ਨਾਲ ਸਬੰਧਤ ਹੋਰ ਵੇਰਵੇ ਵੈਬਸਾਈਟ www.sangrur.nic.in`ਤੇ ਵੀ ਜਲਦੀ ਹੀ ਉਪਲਬਧ ਕਰਵਾ ਦਿੱਤੇ ਜਾਣਗੇ।