ਮਾੜੇ ਤੱਤਾਂ ਵਲੋਂ ਗਲਤ ਵਰਤੋਂ ਕੀਤੇ ਜਾਣ ਦੇ ਖਦਸ਼ੇ ਵਿਰੁੱਧ ਸਖ਼ਤ ਨਿਗਰਾਨੀ ਦੀ ਲੋੜ ਨੂੰ ਮੁੜ ਦੁਹਰਾਇਆ
ਚੰਡੀਗੜ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਿਨਕਰ ਗੁਪਤਾ ਨੇ 20 ਫਰਵਰੀ ਨੂੰ ਇੰਡੀਅਨ ਐਕਸਪ੍ਰੈਸ
ਵਿੱਚ ਵਿਚਾਰ-ਵਟਾਂਦਰਾ ਸਮਾਰੋਹ ਦੌਰਾਨ ਉਨਾਂ ਵਲੋਂ ਦਿੱਤੇ ਬਿਆਨ ਨੂੰ ਗਲਤ ਸਮਝੇ ਜਾਣ ਜਾਂ ਜਾਣਬੁੱਝ ਕੇ ਗ਼ਲਤ ਤਰੀਕੇ ਨਾਲ ਪੇਸ਼ ਕਰਨ `ਤੇ ਡੂੰਘਾ ਰੋਸ ਜਤਾਇਆ ਹੈ।
ਇਥੇ ਜਾਰੀ ਇਕ ਬਿਆਨ ਵਿੱਚ ਗੁਪਤਾ ਨੇ ਕਿਹਾ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ `ਤੇ ਬਹੁਤ ਖੁਸ਼ ਹੋਏ ਜਿਸ ਨੇ ਉਨਾਂ ਵਰਗੇ ਉਨਾਂ ਲੱਖਾਂ ਸ਼ਰਧਾਲੂਆਂ ਦੀਆਂ ਦਹਾਕਿਆਂ ਪੁਰਾਣੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ, ਜੋ ਗੁਰੂ ਨਾਨਕ ਦੇਵ ਜੀ ਅਤੇ ਉਨਾਂ ਦੀਆਂ ਸਿੱਖਿਆਵਾਂ `ਚ ਵਿਸ਼ਵਾਸ ਰੱਖਦੇ ਹਨ।ਉਨਾਂ ਵੱਲੋਂ ਰੋਜ਼ਾਨਾ ਕੀਤੀ ਜਾਂਦੀ ਅਰਦਾਸ, ਜਿਸ ਵਿਚ ਵੰਡ ਪਿਛੋਂ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਧਾਰਮਿਕ ਅਸਥਾਨਾਂ ਦੇ `ਖੁਲੇ ਦਰਸ਼ਨ-ਦੀਦਾਰ` ਮੰਗੇ ਜਾਂਦੇ ਸਨ, ਦੀ ਪੂਰਤੀ ਹੋਈ ਹੈ।ਇਹ ਹੋਰ ਵੀ ਖੁਸ਼ੀ ਦੀ ਗੱਲ ਸੀ ਕਿ ਇਹ ਸੁਭਾਗਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਵਾਲੇ ਦਿਨ ਹਾਸਲ ਹੋਇਆ।
ਉਨਾਂ ਕਿਹਾ ਕਿ ਰਾਜ ਸਰਕਾਰ ਅਤੇ ਇਸ ਦੀਆਂ ਸਾਰੀਆਂ ਏਜੰਸੀਆਂ, ਜਿਨਾਂ ਵਿੱਚ ਪੰਜਾਬ ਪੁਲਿਸ ਸ਼ਾਮਲ ਹੈ, ਨੇ ਇਤਿਹਾਸਕ ਸਮਾਗਮ ਨੂੰ ਸਫਲਤਾਪੂਰਵਕ ਮਨਾਉਣ ਲਈ ਬੜੀ ਸ਼ਰਧਾ ਅਤੇ ਵਚਨਬੱਧਤਾ ਨਾਲ ਕੰਮ ਕੀਤਾ। ਉਨਾਂ ਕਿਹਾ ਕਿ ਸੂਬੇ ਦੇ ਡੀ.ਜੀ.ਪੀ ਹੋਣ ਦੇ ਨਾਤੇ, ਉਹ ਭਰੋਸਾ ਦਿਵਾਉਂਦੇ ਹਨ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ `ਤੇ ਨਿਰਵਿਘਨ ਪਹੁੰਚ ਦੀ ਸਹੂਲਤ ਸਬੰਧੀ ਕੰਮ ਕਰਨਾ ਜਾਰੀ ਰੱਖਣਗੇ।
ਗੁਪਤਾ ਨੇ ਇਹ ਵੀ ਕਿਹਾ ਕਿ ਰਾਜ ਦੇ ਡੀ.ਜੀ.ਪੀ ਵਜੋਂ ਉਨਾਂ ਸੂਬਾ ਪੁਲਿਸ ਨੂੰ ਜੋ ਕਿ ਸਰਹੱਦ ਪਾਰੋਂ ਫੰਡ ਅਤੇ ਸਹਾਇਤਾ ਪ੍ਰਾਪਤ ਹਿੰਸਕ ਅੱਤਵਾਦ ਵਿਰੁੱਧ ਲਗਾਤਾਰ ਲੜਾਈ ਦਾ ਸਾਹਮਣਾ ਕਰ ਰਹੀ ਹੈ, ਨੂੰ ਚੌਕਸ ਰਹਿਣ ਦੀ ਜਰੂਰਤ ਹੈ।ਉਨਾਂ ਕਿਹਾ ਕਿ ਸਿਰਫ ਭਾਰਤ ਪ੍ਰਤੀ ਦੁਸ਼ਮਣੀ ਰੱਖਦੇ ਬਦਨਾਮ ਅਨਸਰਾਂ ਅਤੇ ਹਰ ਮੌਕੇ ਦਾ ਇਥੋਂ ਤੱਕ ਕਿ ਸਭ ਤੋਂ ਪਵਿੱਤਰ ਸਥਾਨਾਂ ਦਾ ਵੀ ਨਜਾਇਜ਼ ਲਾਭ ਉਠਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਚੌਕਸ ਰਹਿਣ ਲਈ ਕਿਹਾ ਹੈ ਜੋ ਕਿ ਦੇਸ਼ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਤਤਪਰ ਰਹਿੰਦੇ ਹਨ।
ਦਿਨਕਰ ਗੁਪਤਾ ਨੇ ਅਗੇ ਕਿਹਾ ਕਿ ਇੰਡੀਅਨ ਐਕਸਪ੍ਰੈਸ ਦੇ ਸਮਾਰੋਹ ਵਿਚ ਉਨਾਂ ਦੀਆਂ ਟਿੱਪਣੀਆਂ ਸਿਰਫ਼ ਪੰਜਾਬ ਅਤੇ ਭਾਰਤ ਦੀ ਸੁਰੱਖਿਆ ਅਤੇ ਰੱਖਿਆ ਨਾਲ ਸਬੰਧਤ ਸਨ।ਇਨਾਂ ਟਿੱਪਣੀਆਂ ਵਿੱਚ ਕਿਸੇ ਧਰਮ ਜਾਂ ਫਿਰਕੇ ਦਾ ਬਿਲਕੁੱਲ ਕੋਈ ਸੰਕੇਤ ਨਹੀਂ ਸੀ।ਪਰ ਬੱਸ ਇਹ ਸੀ ਕਿ ਗੁਆਂਢੀ ਦੁਸਮਣ ਦੇਸ਼ ਵਿੱਚ ਸਥਿਤ ਕੁੱਝ ਦੇਸ਼ ਵਿਰੋਧੀ ਤੱਤ ਇਸ ਅਵਸਰ ਦੀ ਦੁਰਵਰਤੋਂ ਕਰ ਸਕਦੇ ਹਨ ਅਤੇ ਇਸ ਲਈ ਸਾਨੂੰ ਦੇਸ਼ ਦੇ ਹਿੱਤ ਵਿਚ ਅਜਿਹੇ ਸੰਭਾਵਿਤ ਖਤਰਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਰਾਜ ਦੇ ਲੋਕਾਂ ਦੀ ਸ਼ਾਂਤੀ ਅਤੇ ਸੁਰੱਖਿਆ ਦਾ ਮੁੱਦਾ ਹੈ ਜਿਨਾਂ ਨੂੰ ਪਹਿਲਾਂ ਹੀ ਸਾਡੇ ਗੁਆਂਢੀ ਦੁਸ਼ਮਣ ਦੁਆਰਾ ਦਹਿਸ਼ਤਗਰਦੀ ਨੂੰ ਵਧਾਉਣ ਵਾਲੇ ਅੱਤਵਾਦ ਕਾਰਨ ਪਹਿਲਾਂ ਹੀ ਬਹੁਤ ਨੁਕਸਾਨ ਸਹਿਣਾ ਪਿਆ ਹੈ।
ਡੀ.ਜੀ.ਪੀ ਨੇ ਕਿਹਾ ਕਿ ਉਹ ਖੁਦ ਨਵੰਬਰ 2019 ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਪਹਿਲੇ ਯਾਤਰੀ ਜਥੇ ਮੌਕੇ ਉਥੇ ਸਨ, ਜਿਸ ਨੇ ਡੇਰਾ ਬਾਬਾ ਨਾਨਕ ਵਿਖੇ ਸਰਹੱਦ ਪਾਰ ਕੀਤੀ ਸੀ।ਉਨਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਪੰਜਾਬ ਪੁਲਿਸ ਨੇ 51000 ਤੋਂ ਵੱਧ ਸ਼ਰਧਾਲੂਆਂ ਦੀ ਸਹਾਇਤਾ ਕੀਤੀ ਹੈ ਅਤੇ ਅੱਗੋਂ ਵੀ ਉਹ ਇਸ ਨੂੰ ਯਕੀਨੀ ਬਣਾਉਣਾ ਜਾਰੀ ਰੱਖਣਗੇ।
Punjab Post Daily Online Newspaper & Print Media