Friday, September 20, 2024

ਅੰਮ੍ਰਿਤਸਰ ‘ਚ ਏਮਜ਼ ਦੀ ਸਥਾਪਨਾ ਸਬੰਧੀ ਭਾਜਪਾ ਕੌਮੀ ਪ੍ਰਧਾਨ ਨੱਢਾ ਨੂੰ ਮਿਲਿਆ ਅੰਮ੍ਰਿਤਸਰ ਵਿਕਾਸ ਮੰਚ ਦਾ ਵਫਦ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ ਬਿਊਰੋ) – ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਗੁਰੁ ਨਗਰੀ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਕੌਮੀ Ankhi Naddaਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨਾਲ ਮੁਲਾਕਾਤ ਕਰ ਕੇ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂਆਂ ਨੇ ਅੰਮ੍ਰਿਤਸਰ ‘ਚ ਏਮਜ਼ ਸਥਾਪਿਤ ਕਰਨ ਦੀ ਮੰਗ ਕੀਤੀ ਹੈ।ਵਫਦ ਵਿੱਚ ਸ਼ਾਮਲ ਮੰਚ ਦੇ ਸਰਪ੍ਰਸਤ ਪਿ੍ਰੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਧਾਨ ਮਨਮੋਹਣ ਸਿੰਘ ਬਰਾੜ, ਜਰਨਲ ਸਕੱਤਰ ਨਿਸ਼ਾਨ ਸਿੰਘ ਅਤੇ ਮਾਇਕਲ ਆਦਿ ਨੇ ਨੱਢਾ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਉਹ ਭਾਜਪਾ ਵਿੱਚ ਆਪਣੇ ਰੁਤਬੇ ਅਤੇ ਅਹੁੱਦੇ ਦਾ ਇਸਤੇਮਾਲ ਕਰਕੇ ਅੰਮ੍ਰਿਤਸਰ ਵਿਖੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ਼) ਦੀ ਸਥਾਪਨਾ ਕਰਵਾਉਣ ਲਈ ਸੁਹਿਰਦ, ਸੰਜ਼ੀਦਾ ਅਤੇ ਠੋਸ ਯਤਨ ਕਰਨ।ਵਫਦ ਨੇ ਨੱਢਾ ਦੇ ਧਿਆਨ ਵਿਚ ਇਹ ਲਿਆਂਦਾ ਕਿ ਅੰਮ੍ਰਿਤਸਰ ਵਿਚ ਕੌਮੀ ਪੱਧਰ ਦਾ ਕੇਂਦਰੀ ਹਸਪਤਾਲ ਅਤੇ ਸੰਸਥਾ ਨਾ ਹੋਣ ਕਾਰਨ ਮਰੀਜ਼ਾਂ ਨੂੰ ਵਿੱਤੋਂ-ਬਾਹਰੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ‘ਤੇ ਨਿਰਭਰ ਹੋਣਾ ਪੈਂਦਾ ਹੈ।ਕਈ ਗਰੀਬ ਮਰੀਜ਼ ਤਾਂ ਵਸੀਲਿਆਂ ਦੀ ਘਾਟ ਕਾਰਨ ਆਪਣੇ ਕੀਮਤੀ ਜੀਵਨ ਤੋਂ ਹੱਥ ਧੋਅ ਬਹਿੰਦੇ ਹਨ।
ਮੰਚ ਦੇ ਆਗੂਆਂ ਨੇ ਨੱਢਾ ਦੇ ਧਿਆਨ ਵਿੱਚ ਲਿਆਂਦਾ ਕਿ ਸਾਲ 2021 ਦੌਰਾਨ ’ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਸਰਕਾਰੀ ਤੌਰ ‘ਤੇ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ।ਸ਼੍ਰੀ ਤੇਗ ਬਹਾਦੁਰ ਜੀ ਦਾ ਪ੍ਰਕਾਸ਼ ਅਸਥਾਨ ‘ਗੁਰਦੁਆਰਾ ਗੁਰੂ ਕੇ ਮਹਿਲ’ ਅੰਮ੍ਰਿਤਸਰ ਵਿਖੇ ਹੀ ਸੁਸ਼ੋਭਿਤ ਹੈ।ਸੋ ਨੋਵੇਂ ਗੁਰੂ ਦੇ 400 ਸਾਲਾ ਪ੍ਰਕਾਸ਼ ਉਤਸਵ ਮੌਕੇ ਅੰਮ੍ਰਿਤਸਰ ਵਿਖੇ ਏਮਜ਼ ਦੀ ਸਥਾਪਨਾ ਮਹਾਨ ਗੁਰੂ ਸਾਹਿਬਾਨ ਨੂੰ ਸੱਚੀ ਅਤੇ ਢੁੱਕਵੀਂ ਸ਼ਰਧਾਂਜਲੀ ਹੋਵੇਗੀ।ਸਾਰਾ ਜਗਤ ਜਾਣਦਾ ਹੈ ਕਿ ਨੌਵੇਂ ਗੁਰੂ ਸਾਹਿਬ ਨੇ ਧਾਰਮਿਕ ਅਜਾਦੀ ਦੇ ਰਾਖੇ ਹੁੰਦਿਆਂ ਹਿੰਦੂ ਧਰਮ ਅਤੇ ਸੰਸਕ੍ਰਿਤੀ ਦੀ ਰਾਖੀ ਲਈ, ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਤੋ ਸਤਾਏ ਕਸ਼ਮੀਰੀ ਪੰਡਿਤਾਂ ਦੀ ਪੁਕਾਰ ‘ਤੇ ਆਪਣਾ ਸੀਸ ਵਾਰ ਦਿੱਤਾ ਸੀ।
              ਆਗੂਆਂ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਵਰਗੀ ਅਰੂਨ ਜੇਤਲੀ ਨੇ ਵੀ ਅੰਮ੍ਰਿਤਸਰ ਵਿੱਚ ਏਮਜ਼ ਦੀ ਸਥਾਪਨਾ ਦੀ ਮੰਗ ਦੀ ਹਮਾਇਤ ਅਤੇ ਵਕਾਲਤ ਕੀਤੀ ਸੀ।ਨੱਢਾ ਨੂੰ ਇਹ ਵੀ ਦੱਸਿਆ ਗਿਆ ਕਿ ਅੰਮ੍ਰਿਤਸਰ ਸਥਿਤ ਸਰਕਾਰੀ ਮੈਡੀਕਲ ਕਾਲਜ ਉਤਰੀ ਭਾਰਤ ਦਾ ਸਭ ਤੋਂ ਪੁਰਾਣਾ ਕਾਲਜ ਹੈ।ਜਿਸ ਦੀ ਸਥਾਪਨਾ ਲਾਹੌਰ ਵਿਖੇ 1864 ਈਸਵੀ ਵਿੱਚ ਹੋਈ ਸੀ।ਇਸ ਕਾਲਜ ਨੂੰ 1920 ਈ: ਵਿੱਚ ਅੰਮ੍ਰਿਤਸਰ ਵਿਖੇ ਤਬਦੀਲ ਕੀਤਾ ਗਿਆ ਸੀ।ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ 165 ਏਕੜ ਜਮੀਨ ਵਿੱਚ ਸਥਾਪਿਤ ਹੈ।ਸਹੂਲਤਾਂ ਪੱਖੋਂ ਇਸ ਕਾਲਜ ਵਿਚ ਸੰਕਟ-ਕਾਲੀਨ (ਐਮਰਜੈਂਸੀ) ਦਿਲ ਦੇ ਦੌਰੇ ਅਤੇ ਸਿਰ ਦੀ ਗੰਭੀਰ ਸੱਟ ਦਾ ਪ੍ਰਭਾਵਸ਼ਾਲੀ ਇਲਾਜ਼ ਨਹੀਂ ਹੈ।ਸੋ ਇਸ ਕਾਲਜ ਨੂੰ ਵੀ ਏਮਜ਼ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਏਮਜ਼ ਦੀ ਸਥਾਪਨਾ ਸਦਕਾ ਸਮੁੱਚੇ ਮਾਝੇ ਅਤੇ ਦੁਆਬੇ ਦੇ 8 ਜਿਲਿਆਂ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਮਰੀਜ਼ ਵੀ ਸੱਸਤੇ ਅਤੇ ਮਿਆਰੀ ਇਲਾਜ਼ ਦੀ ਸਹੂਲਤ ਲੈ ਸਕਣਗੇ।ਇਸ ਨਾਲ ਗੁਰੂ ਨਗਰੀ ਦੇ ਮੈਡੀਕਲ ਟੂਰਿਜ਼ਮ ਵਿੱਚ ਵੀ ਕਾਫੀ ਇਜ਼ਾਫਾ ਹੋਵੇਗਾ, ਕਿਉਂਕਿ ਸ਼ਹਿਰ ਹਵਾਈ, ਰੇਲ ਅਤੇ ਸੜਕੀ ਆਵਾਜਾਈ ਨਾਲ ਜੁੜਿਆ ਹੈ।ਗੁਆਂਢੀ ਮੁਲਕ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਮਰੀਜ਼ਾਂ ਵਲੋਂ ਇੱਥੇ ਆ ਕੇ ਇਲਾਜ਼ ਕਰਵਾਉਣ ਦੀਆਂ ਕਾਫੀ ਸੰਭਾਵਨਾਵਾਂ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …