ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਸੇਵਮੁਕਤ ਨੌਸੈਨਾ ਦੇ ਅਧਿਕਾਰੀ
ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਨੌਸੈਨਾ ਐਵਿਏਸਨ ਵੈਟਰਨਸ ਐਸੋਸੀਏਸ਼ਨ (ਨਾਵਾ) ਦੀ ਸਲਾਨਾ ਜਨਰਲ ਹਾਊਸ ਦੀ ਬੈਠਕ ਅੰਮਿ੍ਤਸਰ ਵਿਖੇ ਹੋਈ, ਜਿਸ ਵਿਚ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਇਲਾਵਾ ਯੂ.ਕੇ, ਕਨੇਡਾ, ਆਸਟ੍ਰੇਲੀਆ, ਸਵੀਡਨ ਆਦਿ ਮੁਲਕਾਂ ਤੋਂ ਨੌਸੈਨਾ ਦੇ ਰਿਟਾਇਰਡ ਕਰਮਚਾਰੀਆਂ ਨੇ ਵੱਡੀ ਸੰਖਿਆ ਵਿਚ ਹਿੱਸਾ ਲੈ ਕੇ ਆਪਸੀ ਵਿਚਾਰ ਵਟਾਂਦਰਾ ਕੀਤਾ ਅਤੇ ਦੇਸ਼ ਦੀ ਸੇਵਾ ਵਿਚ ਮਰਦੇ ਦਮ ਤੱਕ ਹਾਜ਼ਰ ਰਹਿਣ ਦਾ ਪ੍ਰਣ ਲਿਆ।ਨੌਸੈਨਾ ਦੇ ਸ਼ਹੀਦ ਹੋਏ ਕਰਮਚਾਰੀਆਂ ਦੀਆਂ ਵੀਰ ਨਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਐਲ.ਸੀ ਰਾਓ ਪ੍ਰਧਾਨ, ਐਸ.ਸੀ ਸ਼ਰਮਾ, ਮੀਤ ਪ੍ਰਧਾਨ, ਲਛਮਣ ਸਿੰਘ ਜਨਰਲ ਸਕੱਤਰ, ਕਰਮ ਚੰਦ ਸੈਣੀ, ਗੁਰਨਾਮ ਸਿੰਘ ਹੋਠੀ, ਹਰਜਿੰਦਰ ਸਿੰਘ ਹੈਰੀ ਕਨੇਡਾ, ਆਰ.ਐਸ ਸੇਖੋ ਕਨਾਡਾ (ਤਿੰਨੋ ਸਰਪ੍ਰਸਤ) ਨੇ ਕਿਹਾ ਕਿ ਭਾਰਤੀ ਨਵਲ ਐਵੀਏਸ਼ਨ ਵੈਟਰਨਜ਼ ਐਸੋਸੀਏਸ਼ਨ ਦਾ ਹਰ ਮੈਂਬਰ ਦੇਸ਼ ਵਿਚ ਆਉਣ ਵਾਲੀਆਂ ਆਫਤਾਂ ਵਿਚ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੁੰਦਾ ਹੈ ਦੇਸ਼ ਵਿਚ ਕਿਤੇ ਵਿਚ ਭੂਚਾਲ, ਹੜ੍ਹ ਜਾਂ ਕੋਈ ਬਿਪਤਾ ਆਉਂਦੀ ਹੈ, ਅਸੀ ਹਰ ਦਮ ਤਿਆਰ ਰਹਿੰਦੇ ਹਾਂ। ਉਨ੍ਹਾ ਦੱਸਿਆ ਕਿ ਅੱਜ ਦੀ ਜਨਰਲ ਹਾਊਸ ਦੀ ਬੈਠਕ ਵਿਚ ਅਸੀ ਸਹੁੰ ਖਾਂਦੇ ਹਾਂ ਕਿ ਅਸੀ ਭਾਵੇਂ ਰਿਟਾਇਰਡ ਹੋ ਗਏ ਹਾਂ।ਸਾਡੇ ਵਿਚੋ ਕਈਆਂ ਦੀ ਉਮਰ 80-90 ਸਾਲ ਹੈ।ਪਰ ਫਿਰ ਵੀ ਇਸ ਉਮਰ ਵਿਚ ਵੀ ਦੇਸ਼ ਦੀ ਸੇਵਾ ਕਰਨ ਨੂੰ ਪੂਰੀ ਤਰ੍ਹਾ ਤਿਆਰ ਹਾਂ ਅਤੇ ਕੋਈ ਵੀ ਕੁਰਬਾਨੀ ਦੇਣ ਤੋਂ ਪਿਛੇ ਨਹੀਂ ਹਟਾਂਗੇ।
ਉਦੇਵੀਰ ਸਿੰਘ, ਸਲਾਹਕਾਰ ਅਜੇ ਕੁਮਾਰ, ਕਮਾਡਰ ਬੀ.ਐਸ ਹੋਠੀ, ਐਸ.ਕੇ ਪਰਾਸ਼ਰ, ਹਰਦੀਪ ਸਿੰਘ ਸ਼ਾਸਨ, ਰਾਮ ਲੁਬਾਇਆ ਅਤੇ ਜੇ.ਕੇ ਚੌਹਾਨ ਨੇ ਕਿਹਾ ਕਿ ਰਿਟਾਇਰਡ ਨੌਸੈਨਾ ਦੇ ਕਰਮਚਾਰੀ ਹਰ ਸਾਲ ਵੱਖ ਵੱਖ ਸੂਬਿਆਂ ਵਿਚ ਹੁੰਦੀ ਜਨਰਲ ਹਾਊਸ ਦੀ ਬੈਠਕ ਵਿਚ ਪਹੁੰਚ ਕੇ ਜਿਥੇ ਆਪਸੀ ਵਿਚਾਰ ਵਟਾਂਦਰਾ, ਦੁੱਖ-ਸੁੱਖ ਸਾਂਝਾ ਕਰਦੇ ਹਨ, ਪਰਿਵਾਰਾਂ ਦਾ ਮਿਲਣ ਕਰਦੇ ਹਨ, ਉਥੇ ਹੀ ਵੱਖ-ਵੱਖ ਸੂਬਿਆਂ ਵਿਚ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਬਾਰੇ ਗੱਲਬਾਤ ਹੁੰਦੀ ਹੈ।