ਹੋਲੀ ਦਾ ਤਿਓਹਾਰ ਸਰਦੀ ਤੋਂ ਗਰਮੀ ਦੀ ਸ਼ੁਰੂਆਤ ਵਿੱਚ ਫਸਲਾਂ ਦੇ ਹੁਲੇ ਹਲਾਰੇ ਦੀ ਆਮਦ ‘ਤੇ ਮਨਾਇਆ ਜਾਂਦਾ ਹੈ।ਇਹਨਾਂ ਦਿਨਾਂ ਵਿੱਚ ਛੋਲਿਆਂ ਦੀ ਫਸਲ ਕੱਚੀ-ਪੱਕੀ ਹੁੰਦੀ ਹੈ ਤੇ ਇਸ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ।ਇਸ ਤਿਓਹਾਰ ਨੂੰ ਹੋਲਕਾ ਨਾਲ ਵੀ ਜੋੜਿਆ ਜਾਂਦਾ ਹੈ, ਰਾਮ ਸੀਤਾ ਨਾਲ ਵੀ ਤੇ ਕ੍ਰਿਸ਼ਨ ਮਹਾਰਾਜ ਨਾਲ ਵੀ।ਵੱਖ-ਵੱਖ ਬੋਲੀਆਂ ਤੇ ਸਭਿਆਚਾਰਾਂ ਦੇ ਦੇਸ਼ ਭਾਰਤ ਵਿੱਚ ਹੋਲੀ ਵੀ ਅਲੱਗ-ਅਲੱਗ ਰਵਾਇਤਾਂ ਤੇ ਢੰਗ ਤਰੀਕਿਆਂ ਨਾਲ ਮਨਾਈ ਜਾਂਦੀ ਹੈ।ਜੋ ਇਸ ਗੀਤ ਤੋਂ ਪ੍ਰਤੱਖ ਹੈ।
ਹੋਲੀ ਖੇਲੇ ਰਘੂਵੀਰਾ ਅਵਧ ਮੇਂ, ਹੋਲੀ ਖੇਲੇ ਰਘੂਵੀਰ…..
ਲੱਠ ਮਾਰ ਹੋਲੀ ਭਗਵਾਨ ਕ੍ਰਿਸ਼ਨ ਦੇ ਪਿੰਡ ਨੰਦਗਾਂਵ ਦੇ ਪੁਰਸ਼ ਰਾਧਾ ਦੇ ਮੰਦਰ ਤੇ ਝੰਡਾ ਝੁਲਾਉਣ ਦੀ ਕੋਸ਼ਿਸ਼ ਕਰਦੇ ਹਨ ਬਰਸਾਨੇ ਦੀਆਂ ਔਰਤਾਂ ਇੱਕਠੀਆਂ ਹੋ ਕੇ ਸੱਜ-ਧੱਜ ਕੇ ਲੱਠ ਮਾਰਦੀਆਂ ਉਹਨਾਂ ਨੂੰ ਰੋਕਦੀਆਂ ਹਨ।ਇਸ ਵਿੱਚ ਗੁਲਾਲ ਵੀ ਖੂਬ ਉੱਡਦਾ ਹੈ ਤੇ ਡਾਂਡੀਆ ਵੀ ਖੇਡਿਆ ਜਾਂਦਾ ਹੈ।ਪਰ ਲੱਠਾਂ ਦਾ ਪੁਰਸ਼ ਵਿਰੋਧ ਨਹੀਂ ਕਰ ਸਕਦੇ। ਉਹ ਲੱਠਾਂ ਖਾਂਦੇ, ਬੱਚਦੇ ਬਚਾਉਂਦੇ ਝੰਡਾ ਝੁਲਾ ਦੇਂਦੇ ਹਨ।ਨਾਲ ਹੀ ਗੀਤ ਸੰਗੀਤ ਵੀ ਚੱਲਦਾ ਹੈ:-
ਆਜ ਬਰਿਜ ਮੈਂ ਹੋਲੀ ਹੈ ਰਸੀਆ, ਹੋਲੀ ਰੇ ਰਸੀਆ ਬਰਜੋਰੀ ਰੇ ਰਸੀਆ।
ਉੜਤ ਗੁਲਾਲ ਲਾਲ ਭਏ ਬਾਦਰ, ਕੇਸ ਰੰਗ ਮੇਂ ਬਚੀ ਰੇ ਰਸੀਆ।
ਫੈਂਕ ਗੁਲਾਲ ਹਾਥ ਪਿਚਕਾਰੀ, ਮਾਰਤ ਭਰ ਭਰ ਪਿਚਕਾਰੀ ਰੇ ਰਸੀਆ।
ਇਤਨੇ ਆਏ ਕੰਵਾਰੇ ਕਨ੍ਹੀਆ, ਔਰਤੋਂ ਕੰਵਾਰੀ ਕਿਸ਼ੋਰੀ ਰੇ ਰਸੀਆ।
ਨੰਦ ਗਰਾਮ ਕੇ ਜੁੜੇ ਹੈ ਸਖਾ ਸੱਭ, ਬਰਸਾਨੇ ਕੌ ਗੋਰੀ ਰੇ ਰਸੀਆ।
ਦੋਨੋਂ ਮਿਲ ਭਾਗ ਪਰਸਪਰ ਖੇਲੇਂ, ਕਹਿ ਕਹਿ ਹੋਲੀ ਹੋਲੀ ਰੇ ਰਸੀਆ।
ਇਸ ਦਿਨ ਹਰ ਘਰ ਹੋਲੀ ਖੇਡੀ ਜਾਂਦੀ ਹੈ।ਫਿਲਮੀਂ ਹਸਤੀਆਂ ਵੀ ਹੋਲੀ ਖੇਡਦੀਆਂ ਹਨ।ਕਈ ਫਿਲਮਾਂ ਵਿੱਚ ਹੋਲੀ ਦੇ ਗਾਣੇ ਵੀ ਪਾਏ ਜਾਂਦੇ ਹਨ।ਸਾਡੇ ਰਾਜਸੀ ਲੀਡਰ ਵੀ ਹੋਲੀ ਦੇ ਤਿਉਹਾਰ ਨੂੰ ਮਨਾਉਂਦੇ ਹਨ।
ਖੁਸ਼ੀਆਂ ਦੇ ਇਸ ਤਿਓਹਾਰ ਸਮੇਂ ਕੁੱਝ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ।ਹੋਲੀ ਖੇਡਣ ਤੋਂ ਪਹਿਲਾਂ ਸਰੀਰਾਂ ‘ਤੇ ਸਰੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾ ਲਿਆ ਜਾਵੇ।ਅੱਖਾਂ ‘ਤੇ ਚਸਮੇਂ ਲਗਾ ਲਏ ਜਾਣ।ਚਾਇਨਾਂ ਦੇ ਰੰਗ ਨਾ ਵਰਤੇ ਜਾਣ।ਕੁਦਰਤੀ ਰੰਗ ਜੋ ਕੇਸੂ ਦੇ ਫੁੱਲਾਂ ਤੋਂ ਤਿਆਰ ਹੁੰਦਾ ਹੈ ਵਰਤਿਆ ਜਾਵੇ।ਖਾਣ ਵਾਲੇ ਰੰਗ ਮਿਲਾ ਕੇ ਆਪ ਹੀ ਸੁੱਕੇ ਗਿੱਲੇ ਰੰਗ ਤਿਆਰ ਕਰ ਲਏ ਜਾਣ।ਕਾਲਾ ਤੇਲ, ਗਰੀਸ, ਚਿੱਕੜ, ਗੰਦੇ ਪਾਣੀ ਦੀ ਵਰਤੋਂ ਨਾ ਕੀਤੀ ਜਾਵੇ।ਮੋਟਰਸਾਈਕਲਾਂ ‘ਤੇ ਗਲੀਆਂ ਬਜ਼ਾਰਾਂ ਵਿੱਚ, ਰਾਹ ਜਾਂਦੇ ਰਾਹੀਆਂ ਤੇ ਰੰਗ ਸੁੱਟਣ ਤੋਂ ਪਰਹੇਜ਼ ਕੀਤਾ ਜਾਵੇ।ਰੰਗ ਉਤਾਰਨ ਲਈ ਨਹਾਉਣ ਵਾਲੇ ਸਾਬਣ ਦੀ ਹੀ ਵਰਤੋਂ ਕੀਤੀ ਜਾਵੇ।ਚਮੜੀ ਨੂੰ ਖਰੋਚ ਆੳੇਣ ਤੋਂ ਬਚਾਇਆ ਜਾਵੇ। ਹੋਲੀ ਦੀ ਆੜ ਵਿੱਚ ਪਰਾਈਆਂ ਔਰਤਾਂ ਨਾਲ ਛੇੜ-ਛਾੜ ਕਰਨ ਤੋਂ ਬਚਿਆ ਜਾਵੇ।

ਮਨਜੀਤ ਸਿੰਘ ਸੌਂਦ
ਟਾਂਗਰਾ। ਮੋ – 98037 61451
Punjab Post Daily Online Newspaper & Print Media