ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤ ਕਾਰਵਾਈ ਦੀ ਚਿਤਾਵਨੀ
ਚੰਡੀਗੜ, 23 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੌਜੂਦਾ ਸਮੇਂ ਪੈਦਾ ਹੋਏ ਜੰਗ ਵਰਗੇ ਹਾਲਾਤ ਨਾਲ ਨਿਪਟਣ ਵਾਸਤੇ ਲਾਏ ਗਏ ਕਰਫਿਊ ਦੀ ਸਵੈ-ਇੱਛਾ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਸੂਬੇ ਦੇ ਵਡੇਰੇ ਹਿੱਤ ਵਿੱਚ ਲਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਕ ਵੀਡੀਓ ਸੰਦੇਸ਼ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੁਖ਼ਾਤਬ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਿੱਤਾਂ ਅਤੇ ਤੁਹਾਡੇ ਭਲੇ ਲਈ ਮੈਨੂੰ ਮਜ਼ਬੂਰਨ ਕਰਫਿਊ ਲਾਉਣ ਦਾ ਸਿਖਰਲਾ ਕਦਮ ਚੁੱਕਣਾ ਪਿਆ।ਕਿਉਂਕਿ ਅੱਜ ਸਵੇਰ ਤੋਂ ਸੂਬੇ ਵਿੱਚ ਮੁਕੰਮਲ ਬੰਦ (ਲੌਕਡਾਊਨ) ਦੇ ਅਮਲ ਵਿੱਚ ਆਉਣ ਦੇ ਬਾਵਜੂਦ ਸ਼ਹਿਰਾਂ, ਮੁਹੱਲਿਆਂ ਅਤੇ ਕਸਬਿਆਂ ਵਿੱਚ ਲੋਕਾਂ ਦੇ ਆਮ ਵਾਂਗ ਇਧਰ-ਉਧਰ ਫਿਰਨ ਦੀਆਂ ਰਿਪੋਰਟਾਂ ਹਾਸਲ ਹੋਈਆਂ ਸਨ।ਸਹਿਯੋਗ ਦੀ ਮੰਗ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਬੰਦ ਦੀ ਉਲੰਘਣਾ ਕਰਨਾ ਨਾ-ਸਵਿਕਾਰਨਯੋਗ ਹੈ।ਉਨ੍ਹਾਂ ਕਿਹਾ,`ਇਕ ਮੁਖੀ ਹੋਣ ਦੇ ਨਾਤੇ ਪੰਜਾਬ ਨੂੰ ਬਚਾਉਣਾ ਮੇਰੀ ਅਤੇ ਮੇਰੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।“
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਕਰਫਿਊ ਪੂਰੇ ਦਿਨ 24 ਘੰਟਿਆਂ ਲਈ ਲਾਗੂ ਰਹੇਗਾ ਅਤੇ ਹੰਗਾਮੀ ਲੋੜਾਂ ਪੈਦਾ ਹੋਣ `ਤੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਪਾਸੋਂ ਬਕਾਇਦਾ ਇਜਾਜ਼ਤ ਲੈ ਕੇ ਹੀ ਬਾਹਰ ਜਾਣ ਦੀ ਆਗਿਆ ਹੋਵੇਗੀ ਅਤੇ ਡਿਪਟੀ ਕਮਿਸ਼ਨਰਾਂ ਦੇ ਮੋਬਾਈਲ ਨੰਬਰ ਲੋਕਾਂ ਨਾਲ ਸਾਂਝੇ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਔਖੇ ਸਮਿਆਂ ਵਿੱਚ ਔਖੇ ਫੈਸਲੇ ਲੈਣ ਦੀ ਲੋੜ ਹੁੰਦੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਮੁਸ਼ਕਲ ਸਮਿਆਂ `ਚੋਂ ਨਿਕਲਣ ਲਈ ਕਰਫਿਊ ਲਾਉਣਾ ਜ਼ਰੂਰੀ ਹੋ ਗਿਆ ਸੀ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕ੍ਰਿਪਾ ਕਰਕੇ ਗੱਲ ਧਿਆਨ ਨਾਲ ਸੁਣੋ ਅਤੇ ਸਹਿਯੋਗ ਕਰੋ।ਉਨ੍ਹਾਂ ਹੋਰ ਕਿਹਾ ਕਿ ਉਹ ਸਾਰੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਸੰਕਟ ਵਿਚੋਂ ਨਿਕਲਣ ਲਈ ਸਾਨੂੰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਣੇ ਸੂਬੇ ਅਤੇ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ ਜਿੱਥੇ ਸਾਡੇ ਬੱਚੇ ਹਨ ਅਤੇ ਪਰਿਵਾਰ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਕ ਛੋਟਾ ਰਾਜ ਹੋਣ ਦੇ ਨਾਤੇ ਪੰਜਾਬ ਦੀ ਆਪਣੀ ਵਸੋਂ ਨੂੰ ਸੁਰੱਖਿਅਤ ਰੱਖਣ ਅਤੇ ਆਉਣ ਵਾਲੇ ਸਾਲਾਂ ਲਈ ਖੁਸ਼ੀ ਭਰੇ ਜੀਵਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦਾ ਸਭ ਤੋਂ ਵੱਧ ਕਾਰਨ ਹੈ।