Thursday, January 9, 2025

ਪੰਜਾਬ ਸਰਕਾਰ ਵਲੋਂ ਭਾਰਤ ਸਰਕਾਰ ਦੇ ਸੋਧੇ ਦਿਸ਼ਾ ਨਿਰਦੇਸ਼ 20 ਅਪ੍ਰੈਲ ਤੋਂ ਲਾਗੂ ਕਰਨ ਦੇ ਹੁਕਮ

ਸਕੂਲਾਂ ਤੇ ਕਾਲਜਾਂ ਦੀਆਂ ਕਿਤਾਬਾਂ ਦੀਆਂ ਦੁਕਾਨਾਂ, ਏ.ਸੀ, ਕੂਲਰਾਂ ਤੇ ਪੱਖਿਆਂ ਦੀ ਵਿਕਰੀ ਨੂੰ ਮਨਜ਼ੂਰੀ

ਚੰਡੀਗੜ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ -19 ਜੰਗ ਵਿਰੁੱਧ ਇਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਅੰਦਰ ਕਿਸੇ ਵੀ Punjab Govt. 1ਤਰਾਂ ਦੀਆਂ ਗਤੀਵਿਧੀਆਂ `ਤੇ ਸਖ਼ਤੀ ਨਾਲ ਪਾਬੰਦੀ ਲਗਾ ਦਿੱਤੀ ਹੈ।ਹਾਲਾਂਕਿ ਜ਼ਿਲਾ ਮੈਜਿਸਟ੍ਰੇਟਾਂ ਨੂੰ ਸਥਾਨਕ ਜ਼ਰੂਰਤਾਂ ਅਤੇ ਸਮਾਜਿਕ ਵਿੱਥ ਦੇ ਨਿਯਮਾਂ ਦੇ ਅਧਾਰ ‘ਤੇ ਉਦਯੋਗਾਂ ਅਤੇ ਹੋਰ ਸਬੰਧਤ ਗਤੀਵਿਧੀਆਂ ਸਮੇਤ ਵੱਖ-ਵੱਖ ਅਦਾਰਿਆਂ ਦੇ ਸਮੇਂ ਨੂੰ ਨਿਯਮਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
           ਇਹ ਫੈਸਲਾ ਲਿਆ ਗਿਆ ਹੈ ਕਿ ਸੂਬਾ 3 ਮਈ 2020 ਤੱਕ ਕਰਫਿਊ ਦਾ ਪੂਰਾ ਪਾਲਣ ਕਰੇਗਾ ਅਤੇ ਕਰਫਿਊ ਦੌਰਾਨ ਗਤੀਵਿਧੀਆਂ ਕਰਨ ਲਈ ਲੋੜ ਮੁਤਾਬਕ ਕਰਫਿਊ ਪਾਸ ਜਾਰੀ ਕਰਨਾ ਕਾਇਮ ਰੱਖਿਆ ਜਾਵੇਗਾ।
              ਸੂਬਾ ਸਰਕਾਰ ਨੇ ਓਪਰੇਟਰਾਂ ਨੂੰ ਫੈਕਟਰੀ ਵਿਚ ਠਹਿਰਣ ਦੇ ਪ੍ਰਬੰਧਾਂ ਜਾਂ ਕਰਮਚਾਰੀਆਂ ਦੇ ਆਉਣ-ਜਾਣ ਦੀ ਦੇਖਭਾਲ ਕਰਨ ਲਈ ਆਗਿਆ ਦਿੱਤੀ ਹੈ, ਜਿਹਨਾਂ ਫੈਕਟਰੀਆਂ ਵਿੱਚ 10 ਜਾਂ ਇਸ ਤੋਂ ਵੱਧ ਵਿਅਕਤੀ ਨੌਕਰੀ ਕਰ ਰਹੇ ਹਨ। ਕਰਫਿਊ ਦੌਰਾਨ ਗਤੀਵਿਧੀਆਂ ਕਰਨ ਲਈ ਲੋੜ ਮੁਤਾਬਕ ਕਰਫਿਊ ਪਾਸ ਜ਼ਰੂਰੀ ਹੋਵੇਗਾ।
                ਸੂਬਾ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਿਰਦੇਸ਼ ਭਾਰਤ ਸਰਕਾਰ ਦੀਆਂ ਸੋਧੀਆਂ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ 20 ਅਪ੍ਰੈਲ ਤੋਂ ਲਾਗੂ ਕਰਨ ਲਈ ਜਾਰੀ ਕੀਤੇ ਗਏ ਹਨ।
           ਅਗਾਮੀ ਗਰਮੀ ਦੇ ਮੌਸਮ ਅਤੇ ਨਵੇਂ ਅਕਾਦਮਿਕ ਸੈਸ਼ਨ ਦੇ ਮੱਦੇਨਜ਼ਰ, ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੀਆਂ ਦੁਕਾਨਾਂ ਵਲੋਂ ਕਿਤਾਬਾਂ ਦੀ ਵੰਡ ਅਤੇ ਏਅਰ ਕੰਡੀਸ਼ਨਰਾਂ, ਏਅਰ ਕੂਲਰਾਂ, ਪੱਖਿਆਂ ਦੀ ਉਪਲੱਬਧਤਾ ਤੇ ਮੁਰੰਮਤ ਲਈ ਬਿਜਲੀ ਵਾਲੀਆਂ ਦੁਕਾਨਾਂ ਨੂੰ ਜ਼ਰੂਰੀ ਸਮਾਨ/ਸੇਵਾਵਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।ਹੁਣ ਇਨਾਂ ਦੁਕਾਨਾਂ ਨੂੰ ਖੁੱਲੀਆਂ ਰੱਖਣ ਦੀ ਆਗਿਆ ਹੋਵੇਗੀ। ਬੁਲਾਰੇ ਨੇ ਅਗੇ ਦੱਸਿਆ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਮੁਤਾਬਕ ਢਾਬੇ ਖੁੱਲੇ ਰਹਿਣਗੇ, ਪਰ ਉਹ ਸਿਰਫ਼ ਪੈਕ ਕੀਤਾ ਭੋਜਨ ਹੀ ਮੁਹੱਈਆ ਕਰਵਾਉਣਗੇ।

Check Also

ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …