ਕਣਕ ਦੀ ਕਟਾਈ ਲਈ ਕੇਵਲ ਕਿਸਾਨ ਤੇ ਮਜ਼ਦੂਰਾਂ ਨੂੰ ਮਿਲੇਗੀ ਛੋਟ
ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਿਲ੍ਹੇ ਵਿਚ 3 ਮਈ ਤੱਕ ਕਰਫਿਊ ਵਿਚ ਕਿਸੇ ਕਿਸਮ ਦੀ ਢਿੱਲ ਨੂੰ ਰੱਦ ਕਰ ਦਿੱਤਾ ਹੈ।ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ 3 ਮਈ ਨੂੰ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਹੀ ਢਿੱਲ ਬਾਰੇ ਵਿਚਾਰ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਢਿੱਲੋਂ ਨੇ ਕਿਹਾ ਕਿ ਕਰਫਿਊ ਦੌਰਾਨ ਕੇਵਲ ਕਣਕ ਦੀ ਫਸਲ ਲਈ ਸਾਂਭ-ਸੰਭਾਲ ਵਾਸਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਛੋਟ ਦਿੱਤੀ ਗਈ ਹੈ ਅਤੇ ਉਹ ਵੀ ਕੋਵਿਡ 19 ਦੀਆਂ ਜ਼ਰੂਰੀ ਸਾਵਧਾਨੀਆਂ, ਜਿਸ ਵਿਚ ਆਪਸੀ ਦੂਰੀ, ਹੱਥਾਂ ਨੂੰ ਵਾਰ-ਵਾਰ ਧੋਣਾ, ਮਾਸਕ ਲਗਾਉਣੇ, ਭੀੜ ਇਕੱਠੀ ਨਾ ਕਰਨੀ ਆਦਿ ਨੂੰ ਅਪਣਾ ਕੇ ਆਪਣਾ ਕੰਮ ਕਰਨਗੇ ਅਤੇ ਮੰਡੀਆਂ ਵਿਚ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਇਸ ਤੋਂ ਇਲਾਵਾ ਕਰਿਆਨਾ ਅਤੇ ਹੋਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਉਤੇ ਭੀੜ ਇਕੱਤਰ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਠੋਸ ਕਦਮ ਚੁੱਕੇ ਜਾਣਗੇ।
ਪਿੰਡਾਂ ਵਿਚ ਚੱਲਦੀ ਛੋਟੀ ਸਨਅਤ ਬਾਰੇ ਉਨਾਂ ਸਪੱਸ਼ਟ ਕੀਤਾ ਕਿ ਜੇਕਰ ਉਹ ਆਪਣੇ ਮੁਲਾਜ਼ਮਾਂ ਨੂੰ ਕੰਮ ਵਾਲੇ ਸਥਾਨ ਉਤੇ ਰੱਖ ਸਕਦਾ ਹੈ ਜਾਂ 10 ਮੁਲਾਜ਼ਮਾਂ ਲਈ 30 ਸੀਟਾਂ ਵਾਲੀ ਬੱਸ ਆਉਣ-ਜਾਣ ਲਈ ਦੇ ਸਕਦਾ ਹੈ ਅਤੇ ਸਾਰੇ ਮੁਲਾਜ਼ਮਾਂ ਦਾ ਮੈਡੀਕਲ ਬੀਮਾ ਕਰਵਾਉਂਦਾ ਹੈ ਤਾਂ ਉਸ ਨੂੰ ਇੰਡਸਟਰੀ ਵਿਭਾਗ ਵੱਲੋਂ ਪਰਮਿਟ ਦਿੱਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਇੱਥੇ ਵੀ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਨਅਤ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਹੋਵੇਗੀ।