Sunday, December 22, 2024

20 ਕਰੋੜ ਦੇ ਰੱਖਿਆ ਬਜ਼ਟ ਨਾਲ ਨਿਰੰਤਰ ਜਾਰੀ ਰਹਿਣਗੇ ਸੇਵਾ ਕਾਰਜ – ਡਾ. ਓਬਰਾਏ

ਕਰੋਨਾ ਜ਼ੰਗ ਦੀ ਮੋਹਰਲੀ ਕਤਾਰ ‘ਚ ਲੜਨ ਵਾਲੇ ਯੋਧਿਆਂ ਦਾ ਡਾ. ਓਬਰਾਏ ਨੇ ਵਧਾਇਆ ਹੌਂਸਲਾ

ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ ਬਿਊਰੋ) – ਆਪਣੀ ਨਿੱਜੀ ਕਮਾਈ ‘ਚੋਂ ਕਰੋੜਾਂ ਰੁਪਏ ਖਰਚ ਕੇ ਸਮਾਜ ਦੀ ਵੱਡੀ ਸੇਵਾ ਕਰਨ ਵਾਲੇ ਡਾ.ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅੱਜ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਨੂੰ ਫ਼ਿਰ ਵੱਡੀ ਗਿਣਤੀ ‘ਚ ਪੀ.ਪੀ.ਈ ਕਿੱਟਾਂ, ਸਰਜੀਕਲ ਮਾਸਕ, ਇਨਫਰਾਰੈਡ ਥਰਮਾਮੀਟਰ, ਸੈਨੀਟਾਈਜ਼ਰ ਸਮੇਤ ਸਿਹਤ ਸੁਰੱਖਿਆ ਨਾਲ ਸਬੰਧਤ ਹੋਰ ਲੋੜੀਂਦਾ ਸਾਮਾਨ ਸੌਂਪਿਆ ਗਿਆ ਹੈ।
                ਉਚੇਚੇ ਤੌਰ ‘ਤੇ ਅੰਮ੍ਰਿਤਸਰ ਪਹੁੰਚੇ ਡਾ. ਐਸ.ਪੀ ਸਿੰਘ ਓਬਰਾਏ ਨੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮੌਜੂਦਗੀ ‘ਚ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤਾਾਂ ਨਾਲ ਨਜਿੱਠਣ ਲਈ ਉਨਾਂ ਨੇ 50 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਸੁੱਕਾ ਰਾਸ਼ਨ ਦੇਣ ਤੋਂ ਇਲਾਵਾ ਸਾਰੇ ਮੈਡੀਕਲ ਕਾਲਜਾਂ, ਹਰੇਕ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ, ਏਅਰਪੋਰਟ ਅਥਾਰਟੀਆਂ ਅਤੇ ਸਿਵਲ ਤੇ ਪੁਲੀਸ ਪ੍ਰਸ਼ਾਸਨਾਂ ਆਦਿ ਨੂੰ ਮੋਹਰਲੀ ਕਤਾਰ ‘ਚ ਲੜਨ ਵਾਲੇ ਕਰਮਚਾਰੀਆਂ ਦੀ ਸਿਹਤ ਦੀ ਸੁਰੱਖਿਆ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਾਉਣ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।ਉਨ੍ਹਾ ਦੱਸਿਆ ਕਿ ਅੱਜ ਇੱਥੇ ਸਿਵਲ ਸਰਜਨ ਦਫ਼ਤਰ ਦੀ ਮੰਗ ‘ਤੇ ਉਨ੍ਹਾਂ ਨੂੰ 400 ਪੀ.ਪੀ.ਈ ਕਿੱਟਾਂ,100 ਐਨ 95 ਮਾਸਕ, 8 ਇਨਫਰਾਰੈਡ ਥਰਮਾਮੀਟਰ, 75 ਲੀਟਰ ਵੱਖ-ਵੱਖ ਤਰ੍ਹਾਂ ਦਾ ਸੈਨੀਟਾਈਜ਼ਰ, 4 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ, 1 ਹਜ਼ਾਰ ਦਸਤਾਨੇ ਅਤੇ 3 ਸੈਨੀਟਾਈਜ਼ਰ ਸਟੈਂਡ ਦਿੱਤੇ ਗਏ ਹਨ।ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾ ਚਿਰ ਤੱਕ ਇਹ ਬਿਪਤਾ ਟੱਲ ਨਹੀਂ ਜਾਂਦੀ, ਉਨਾ ਚਿਰ ਤੱਕ ਉਹ ਸਾਰੇ ਸੇਵਾ ਕਾਰਜ ਨਿਰੰਤਰ ਨਿਭਾਉਂਦੇ ਰਹਿਣਗੇ ਅਤੇ ਕਿਸੇ ਵੀ ਜ਼ਿਲ੍ਹੇ ਦੇ ਪ੍ਰਸ਼ਾਸਨ ਵਲੋਂ ਮੰਗ ਕਰਨ ਤੇ ਉਸ ਨੂੰ ਟਰੱਸਟ ਵਲੋਂ ਤੁਰੰਤ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।
ਕੈਬਨਿਟ ਮੰਤਰੀ ਓ.ਫ ਿਸੋਨੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਸਰਕਾਰ ਵਲੋਂ ਡਾ. ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ  ਅਜਿਹੇ ਨਾਜ਼ੁਕ ਹਾਲਾਤਾਂ ਦੌਰਾਨ ਉਨ੍ਹਾਂ ਵਲੋਂ ਹਰੇਕ ਖੇਤਰ ‘ਚ ਕੀਤੇ ਜਾ ਰਹੇ ਨਿਸ਼ਕਾਮ ਸੇਵਾ ਕਾਰਜਾਂ ਨੂੰ ਸ਼ਬਦਾਂ ‘ਚ ਬਿਆਨ ਕਰਨਾ ਔਖਾ ਹੈ।
                    ਸਿਵਲ ਸਰਜਨ ਅੰਮ੍ਰਿਤਸਰ ਡਾ. ਜੁਗਲ ਕਿਸ਼ੋਰ, ਪਿੰਸੀਪਲ ਸੁਜਾਤਾ ਸ਼ਰਮਾ ਅਤੇ ਉਨ੍ਹਾਂ ਦੇ ਸਮੁੱਚੇ ਸਟਾਫ਼ ਨੇ ਵੀ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵਲੋਂ ਖ਼ੁਦ ਆ ਕੇ ਕਰੋਨਾ ਜੰਗ ‘ਚ ਲੜ ਰਹੇ ਅੰਮ੍ਰਿਤਸਰ ਦੇ ਸਮੁੱਚੇ ਸਟਾਫ ਨੂੰ ਹੱੱਲਾਸ਼ੇਰੀ ਤੇ ਲੋੜੀਂਦਾ ਸਾਮਾਨ ਦੇਣ ਨਾਲ ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ।
ਇਸ ਸਮੇਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਿਕਾਸ ਸੋਨੀ, ਰਵਿੰਦਰ ਰੌਬਿਨ, ਟਰੱਸਟ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਵਿੱਤ ਸਕੱਤਰ ਨਵਜੀਤ ਘਈ, ਮੀਤ ਪ੍ਰਧਾਨ ਸ਼ਿਸ਼ਪਾਲ ਲਾਡੀ, ਸ਼ਿਵਦੇਵ ਸਿੰਘ ਬੱਲ ਤੋਂ ਇਲਾਵਾ ਮੁਲਾਜ਼ਮ ਆਗੂ ਬਾਬਾ ਸਮਸ਼ੇਰ ਸਿੰਘ ਕੋਹਰੀ, ਆਰ.ਕੇ ਦੇਵਗਨ, ਡਾ. ਮਨਜੀਤ ਸਿੰਘ, ਗੁਰਦੇਵ ਸਿੰਘ ਢਿੱਲੋਂ, ਅਸ਼ੋਕ ਕੁਮਾਰ ਆਦਿ ਵੀ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …