Monday, December 23, 2024

ਬਲੱਡ ਮਨੀ ਖਰਚ ਕੇ ਡਾ. ਓਬਰਾਏ ਨੇ ਮੌਤ ਦੇ ਮੂਹੋਂ ਬਚਾਏ 9 ਨੌਜਵਾਨ – ਪੁੱਜੇ ਘਰ

ਬਾਕੀ ਰਹਿੰਦੇ 3 ਨੌਜਵਾਨ ਵੀ ਜਲਦ ਪਰਤਣ ਭਾਰਤ – ਡਾ. ਓਬਰਾਏ

ਪਟਿਆਲਾ, 10 ਜੂਨ (ਪੰਜਾਬ ਪੋਸਟ ਬਿਊਰੋ) – ਬਿਨਾਂ ਕੋਈ ਧਰਮ, ਜਾਤ ਤੇ ਦੇਸ਼ ਵੇਖਿਆਂ ਅਨੇਕਾਂ ਮਾਵਾਂ ਦੇ ਪੁੱਤ ਮੌਤ ਮੂੰਹ `ਚੋਂ ਬਚਾਅ ਕੇ ਲਿਆਉਣ ਕਾਰਨ ਪੂਰੀ ਦੁਨੀਆਂ ਅੰਦਰ ਸ਼ਾਂਤੀ ਦੇ ਦੂਤ ਵਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਆਪਣੀ ਨੇਕ ਕਮਾਈ `ਚੋਂ ਲੱਖਾਂ ਰੁਪਏ ਬਲੱਡ ਮਨੀ ਦੇ ਰੂਪ `ਚ ਖਰਚ ਕਰ ਕੇ ਦੁਬਈ ਅੰਦਰ ਮੌਤ ਦੇ ਮੂੰਹੋਂ ਬਚਾਏ ਗਏ 14 ਨੌਜਵਾਨਾਂ `ਚੋਂ ਅੱਜ 9 ਜਾਣੇ ਆਪਣੇ ਘਰਾਂ `ਚ ਪਹੁੰਚ ਗਏ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਡਾ. ਓਬਰਾਏ ਨੇ ਦੱਸਿਆ ਕਿ ਜੇਲ੍ਹ `ਚੋਂ ਰਿਹਾਅ ਹੋਏ 9 ਭਾਰਤੀ ਤੇ 2 ਪਾਕਿਸਤਾਨੀ ਨੌਜਵਾਨ ਕੁੱਝ ਸਮਾਂ ਪਹਿਲਾਂ ਵਿਸ਼ੇਸ਼ ਜਹਾਜ਼ਾਂ ਰਾਹੀਂ ਆਪਣੇ ਵਤਨ ਪੁੱਜ ਗਏ ਸਨ ਜਦ ਕਿ 3 ਭਾਰਤੀ ਨੌਜਵਾਨ ਜਹਾਜ਼ `ਚ ਸੀਟ ਨਾ ਮਿਲਣ ਕਾਰਨ ਅਜੇ ਦੁਬਈ ‘ਚ ਹਨ, ਜੋ ਜਲਦੀ ਹੀ ਵਾਪਸ ਆ ਜਾਣਗੇ।ਉਨ੍ਹਾਂ ਦੱਸਿਆ ਕਿ ਭਾਰਤ ਪਹੁੰਚੇ 9 ਨੌਜਵਾਨਾਂ ਨੂੰ ਕਰੋਨਾ ਵਾਇਰਸ ਕਾਰਨ ਮਿਲਟਰੀ ਹਸਪਤਾਲ ਚੇਨਈ ਅੰਦਰ ਤਿੰਨ ਹਫ਼ਤੇ ਲਈ ਰੱਖਿਆ ਗਿਆ ਸੀ।ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਟਰੱਸਟ ਨੇ ਆਪਣੇ ਖ਼ਰਚ ‘ਤੇ ਜਹਾਜ਼ ਰਾਹੀਂ ਚੇਨਈ ਤੋਂ ਦਿੱਲੀ ਲਿਆਂਦਾ ਤੇ ਫਿਰ ਟੈਕਸੀਆਂ ਰਾਹੀਂ ਉਨ੍ਹਾਂ ਨੂੰ ਅੱਜ ਆਪਣੇ ਪਰਿਵਾਰਾਂ ਕੋਲ ਘਰਾਂ `ਚ ਪਹੁੰਚਾ ਦਿੱਤਾ ਹੈ।
              ਪੰਜਾਬ ਪਹੁੰਚੇ ਨੌਜਵਾਨਾਂ ਨੇ ਨਮ ਅੱਖਾਂ ਨਾਲ ਡਾ. ਓਬਰਾਏ ਦਾ ਵਾਰ-ਵਾਰ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਲਈ ਘੁੱਪ ਹਨੇਰੇ `ਚ ਇੱਕ ਚਾਨਣ ਦੀ ਕਿਰਨ ਬਣ ਸਾਹਮਣੇ ਆਏ ਅਤੇ ਉਨ੍ਹਾਂ ਨੂੰ ਮੌਤ ਦੇ ਮੂੰਹ ਚੋਂ ਕੱਢ ਲਿਆਏ ਹਨ ਉਨ੍ਹਾਂ ਇਹ ਵੀ ਕਿਹਾ ਕਿ ਡਾ. ਓਬਰਾਏ ਦਾ ਇਹ ਪਰਉਪਕਾਰ ਉਨ੍ਹਾਂ ਲਈ ਇੱਕ ਸੁਨਿਹਰੀ ਸੁਪਨੇ ਵਾਂਗ ਹੈ ਅਤੇ ਸਾਰੀ ਉਮਰ ਯਾਦ ਰਹੇਗਾ।
             ਜਿਕਰਯੋਗ ਹੈ ਕਿ 31 ਦਸੰਬਰ 2015 ਨੂੰ ਸ਼ਾਰਜਾਹ `ਚ ਹੋਏ ਇੱਕ ਗਰੁੱਪ ਝਗੜੇ ਦੌਰਾਨ ਜਲੰਧਰ ਜ਼ਿਲ੍ਹੇ ਦੇ ਕਸਬਾ ਸਮਰਾਏ ਦੇ 23 ਸਾਲਾ ਅਸ਼ਿਵ ਅਲੀ ਪੁੱਤਰ ਯੂਸਫ ਅਲੀ ਅਤੇ ਕਪੂਰਥਲਾ ਦੇ ਪਿੰਡ ਪੰਡੋਰੀ ਦੇ 25 ਸਾਲਾ ਵਰਿੰਦਰਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਦੀ ਮੌਤ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਇਸ ਕੇਸ `ਚ ਕੁੱਲ 14 ਨੌਜਵਾਨ ਦੋਸ਼ੀ ਪਾਏ ਗਏ ਸਨ ਜਿਨ੍ਹਾਂ ਚੋਂ 12 ਭਾਰਤੀ ਅਤੇ 2 ਪਾਕਿਸਤਾਨੀ ਸਨ।ਇਨ੍ਹਾਂ ਸਾਰੇ ਨੌਜਵਾਨਾਂ ਨੂੰ 1 ਜਨਵਰੀ 2016 ਨੂੰ ਪੁਲਿਸ ਨੇ ਫ਼ੜ ਕੇ ਜੇਲ੍ਹ `ਚ ਬੰਦ ਕਰ ਦਿੱਤਾ ਸੀ।ਨੌਜਵਾਨਾਂ ਦੇ ਬਜ਼ੁਰਗ ਮਾਪਿਆਂ ਨੇ ਡਾ. ਓਬਰਾਏ ਨੂੰ ਮਿਲ ਕੇ ਆਪਣੇ ਘਰਾਂ ਦੇ ਚਿਰਾਗਾਂ ਨੂੰ ਬੇਕਸੂਰ ਮੌਤ ਦੀ ਸਜ਼ਾ ਹੋਣ ਦਾ ਹਵਾਲਾ ਦਿੰਦਿਆਂ ਰੋਂਦਿਆਂ ਆਪਣੇ ਘਰ ਉਜੜਨ ਤੋਂ ਬਚਾਉਣ ਦਾ ਵਾਸਤਾ ਦਿੱਤਾ ਸੀ।ਜਿਸ ਤੋਂ ਬਾਅਦ ਡਾ. ਓਬਰਾਏ ਨੇ ਮ੍ਰਿਤਕ ਵਰਿੰਦਰਪਾਲ ਦੇ ਦੁਬਈ ਰਹਿੰਦੇ ਇੱਕ ਕਰੀਬੀ ਰਿਸ਼ਤੇਦਾਰ ਦੀ ਮਦਦ ਨਾਲ ਪੀੜਤ ਪਰਿਵਾਰ ਨਾਲ ਰਾਜੀਨਾਮੇ ਤੇ ਸਹਿਮਤੀ ਕਰਨ ਉਪਰੰਤ ਬਲੱਡ ਮਨੀ ਦੇ ਪੈਸੇ ਦੇ ਕੇ ਸਮਝੌਤੇ ਦੇ ਅਸਲ ਕਾਗਜ਼ ਉਨ੍ਹਾਂ ਖੁਦ ਪੇਸ਼ ਹੋ ਕੇ ਕੋਰਟ ਨੂੰ ਸੌਂਪੇ ਸਨ।ਕਈ ਸੁਣਵਾਈਆਂ ਹੋਣ ਉਪਰੰਤ ਇਸ ਸਾਲ 8 ਅਪ੍ਰੈਲ ਨੂੰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਸਾਰੇ ਨੌਜਵਾਨਾਂ ਦੀ ਸਜ਼ਾ ਮੁਆਫ਼ ਕਰਦਿਆਂ ਜੇਲ੍ਹ ਚੋਂ ਬਰੀ ਕਰਨ ਦਾ ਐਲਾਨ ਕੀਤਾ ਸੀ।
                ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਕੇਸ ਤੇ ਸਾਰੇ ਖਰਚੇ ਪਾ ਕੇ 75 ਲੱਖ ਦੇ ਕਰੀਬ ਰੁਪਏ ਖਰਚ ਹੋਏ ਹਨ ਜਿਨ੍ਹਾਂ `ਚੋਂ ਕੁੱਝ ਪੈਸੇ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਦਿੱਤੇ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …