Thursday, December 12, 2024

ਸਰਬੱਤ ਦਾ ਭਲਾ ਟਰੱਸਟ ਵਲੋਂ ਅੰਤਿਮ ਰਸਮਾਂ ਨਿਭਾਉਣ ਵਾਲੀ ਪ੍ਰਸ਼ਾਸਨ ਦੀ ਟੀਮ ਨੂੰ ਲੋੜੀਂਦਾ ਸਮਾਨ ਭੇਟ

ਕਰੋਨਾ ਪੀੜਤਾਂ ਦੇ ਅੰਤਿਮ ਸਸਕਾਰ ਕਰਨ ਵਾਲੇ ਮੁਲਾਜ਼ਮ ਤਰਜੀਤ ਸਿੰਘ ਢਿੱਲੋਂ ਨੂੰ ਵੀ ਕੀਤਾ ਸਨਮਾਨਿਤ

ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਜੂਝ ਰਹੇ ਪ੍ਰਸ਼ਾਸਨ ਤੇ ਆਮ ਲੋਕਾਂ ਦੀ ਮਦਦ

ਲਈ ਇੱਕ ਵੱਡੀ ਧਿਰ ਬਣੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਕਰੋਨਾ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਵਾਲੀ ਸਿਵਲ ਪ੍ਰਸ਼ਾਸਨ ਦੀ ਟੀਮ ਨੂੰ ਵੱਡੀ ਮਾਤਰਾ ‘ਚ ਸਿਹਤ ਸੁਰੱਖਿਆ ਨਾਲ਼ ਸਬੰਧਤ ਲੋੜੀਂਦਾ ਸਮਾਨ ਦੇਣ ਤੋਂ ਇਲਾਵਾ ਮ੍ਰਿਤਕ ਸਰੀਰਾਂ ਦਾ ਅੰਤਿਮ ਸਸਕਾਰ ਕਰਨ ਦੀ ਸੇਵਾ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਮੁਲਾਜ਼ਮ ਤਰਜੀਤ ਸਿੰਘ ਢਿੱਲੋਂ ਨੂੰ ਵੀ ਸਨਮਾਨਿਤ ਕੀਤਾ ਗਿਆ।
            ਟਰੱਸਟ ਦੇ ਮੀਡੀਆ ਸਲਾਹਕਾਰ ਰਵਿੰਦਰ ਸਿੰਘ ਰੌਬਿਨ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ ਨੇ ਦੱਸਿਆ ਕਿ ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ ਹੁਰਾਂ ਨੇ ਟਰੱਸਟ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਗੁਰੂ ਨਗਰੀ ਅੰਮਿ੍ਰਤਸਰ ਵਿਖੇ ਕਰੋਨਾ ਕਾਰਨ ਜਾਨ ਗੁਆਉਣ ਵਾਲੇ ਬਦਕਿਸਮਤ ਲੋਕਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਵਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਸਿਹਤ ਸੁਰੱਖਿਆ ਨਾਲ ਸਬੰਧਤ ਲੋੜੀਂਦੇ ਸਮਾਨ ਦੀ ਜ਼ਰੂਰਤ ਹੈ।ਜਿਸ ਨੂੰ ਵੇਖਦਿਆਂ ਹੋਇਆਂ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 100 ਪੀ.ਪੀ.ਈ ਕਿੱਟਾਂ, 50 ਐਨ-95 ਮਾਸਕ, 2 ਹਜ਼ਾਰ ਸਰਜੀਕਲ ਦਸਤਾਨੇ ਅਤੇ ਵੱਖ-ਵੱਖ ਤਰ੍ਹਾਂ ਦਾ 40 ਲੀਟਰ ਸੈਨੇਟਾਈਜ਼ਰ ਭੇਜਿਆ ਗਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ‘ਚ ਮਹਰੂਮ ਪਦਮ ਭਾਈ ਨਿਰਮਲ ਸਿੰਘ ਖਾਲਸਾ ਤੋਂ ਇਲਾਵਾ ਬਾਕੀ ਕਰੋਨਾ ਪੀੜਤਾਂ ਦੇ ਮ੍ਰਿਤਕ ਸਰੀਰਾਂ ਦਾ ਅੰਤਿਮ ਸਸਕਾਰ ਕਰਨ ‘ਚ ਮੋਹਰੀ ਭੂਮਿਕਾ ਨਿਭਾਅ ਕੇ ਇਨਸਾਨੀਅਤ ਦੀ ਇੱਕ ਵੱਖਰੀ ਮਿਸਾਲ ਪੇਸ਼ ਕਰਨ ਵਾਲੇ ਡਿਪਟੀ ਕਮਿਸ਼ਨਰ ਦਫਤਰ ਦੇ ਡਰਾਈਵਰ ਤਰਜੀਤ ਸਿੰਘ ਢਿੱਲੋਂ ਨੂੰ ਵੀ ਟਰੱਸਟ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ।
             ਇਸ ਦੌਰਾਨ ਮੌਜੂਦ ਐਸ.ਡੀ.ਐਮ ਅੰਮਿ੍ਤਸਰ ਸ਼ਿਵਰਾਜ ਸਿੰਘ ਬੱਲ ਨੇ ਡਾ.ਐਸ.ਪੀ ਸਿੰਘ ਓਬਰਾਏ ਵਲੋਂ ਹਰੇਕ ਵਰਗ ਦੀ ਸਭ ਤੋਂ ਪਹਿਲਾਂ ਅਤੇ ਦਿਲ ਖੋਲ ਕੇ ਕੀਤੀ ਜਾ ਰਹੀ ਵੱਡੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵੇਲੇ ਵੱਖ-ਵੱਖ ਸਮਿਆਂ ਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਾਥ ਦੇਣ ਤੋਂ ਇਲਾਵਾ ਅਜੋਕੇ ਹਲਾਤਾਂ ਕਾਰਨ ਪ੍ਰਭਾਵਿਤ ਹੋਏ ਆਮ ਲੋਕਾਂ ਦੀ ਮਦਦ ਕਰ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …