Thursday, December 12, 2024

ਝੋਨੇ ਦੀ ਫਸਲ ਨੂੰ ਯੂਰੀਆ ਖਾਦ ਦੀ ਦੂਸਰੀ ਤੇ ਤੀਜੀ ਵਾਰੀ ਸਮੇਂ ਖੇਤ ‘ਚ ਪਾਣੀ ਖੜਾ ਨਹੀਂ ਹੋਣਾ ਚਾਹੀਦਾ – ਡਾ. ਅਮਰੀਕ ਸਿੰਘ

ਕਿਸੇ ਕਿਸਮ ਦੀ ਸਮੱਸਿਆ ਆਉਣ ‘ਤੇ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ਼

ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਯੂਰੀਆ ਖਾਦ ਦੀ ਕਾਰਜਕੁਸ਼ਲਤਾ ਵਧਾਉਣ ਲਈ ਜ਼ਰੂਰੀ ਹੈ ਕਿ ਯੂਰੀਆ ਝੋਨੇ ਦੀ ਫਸਲ ਨੂੰ ਪਾਉਣ ਸਮੇਂ ਖੇਤ ਵਿੱਚ ਪਾਣੀ ਨਾ ਹੋਵੇ ਅਤੇ ਯੂਰੀਆ ਪਾਉਣ ਤੋਂ ਬਾਅਦ ਤੀਜੇ ਦਿਨ ਪਾਣੀ ਲਾਉ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਪਿੰਡ ਝਲੋਆ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਹੇ।ਉਨਾਂ ਦੇ ਨਾਲ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਅਰਮਾਨ ਮਹਾਜਨ ਸਹਾਇਕ ਤਕਨੀਕੀ ਪ੍ਰਬੰਧਕ (ਆਤਮਾ), ਜੀਵਨ ਲਾਲ, ਸਰਪੰਚ ਝਲੋਆ ਯੁੱਧਵੀਰ ਸਿੰਘ ਮੌਜੂਦ ਸਨ।ਉਨਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਵਲੋਂ ਕੋਵਿਡ -19 ਦੇ ਅਗਾਹ ਪਸਾਰ ਨੂੰ ਰੋਕਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
               ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ 90 ਕਿਲੋ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।90 ਕਿਲੋ ਯੂਰੀਆ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਉਣੀ ਚਾਹੀਦੀ ਹੈ।ਉਨਾਂ ਕਿਹਾ ਕਿ ਯੂਰੀਆ ਦੀ ਦੂਜੀ ਕਿਸ਼ਤ ਲਵਾਈ ਤੋਂ 21 ਅਤੇ ਤੀਜੀ ਕਿਸ਼ਤ 42 ਦਿਨ ਬਾਅਦ ਪਾਉਣੀ ਚਾਹੀਦੀ ਹੈ ।ਯੂਰੀਆ ਦੀ ਦੂਜੀ ਅਤੇ ਤੀਜੀ ਕਿਸ਼ਤ ਪਾਉਣ ਸਮੇਂ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਅਤੇ ਪਾਣੀ, ਯੂਰੀਆ ਖਾਦ ਪਾਉਣ ਤੋਂ ਤੀਜੇ ਦਿਨ ਲਾਉਣਾ ਚਾਹੀਦਾ। ਉਨਾਂ ਕਿਹਾ ਕਿ ਜੇਕਰ ਪੀ.ਆਰ 126 ਕਿਸਮ ਦੀ ਕਾਸ਼ਤ ਕੀਤੀ ਗਈ ਹੈ ਤਾਂ ਤੀਜੀ ਕਿਸ਼ਤ 35 ਦਿਨਾਂ ਬਾਅਦ ਪਾ ਦੇਣੀ ਚਾਹੀਦੀ ਹੈ।ਡਾ. ਮਨਦੀਪ ਕੌਰ ਨੇ ਕਿਹਾ ਕਿ ਸਾਉਣੀ ਦੀਆਂ ਫਸਲਾਂ ਨੂੰ ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਹੀ ਕਰੋ, ਜੇਕਰ ਮਿੱਟੀ ਪਰਖ ਦੇ ਆਧਾਰ ਤੇ ਇਸ ਦੀ ਘਾਟ ਹੋਵੇ।ਉਨਾਂ ਕਿਹਾ ਕਿ ਜਿਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਥੇ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਜ਼ਰੂਰਤ ਨਹੀਂ। ਉਨਾਂ ਕਿਹਾ ਕਿ ਜੇਕਰ ਮਿੱਟੀ ਪਰਖ ਰਿਪੋਰਟ ਵਿੱਚ ਫਾਸਫੋਰਸ ਤੱਤ ਦੀ ਘਾਟ ਹੈ ਤਾਂ ਫ਼ਾਸਫ਼ੋਰਸ ਵਾਲੀ ਖਾਦ, ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ।ਉਨਾਂ ਕਿਹਾ ਕਿ ਫ਼ਾਸਫ਼ੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜੇਕਰ 27 ਕਿਲੋ ਡੀ.ਏ.ਪੀ ਵਰਤੀ ਹੋਵੇ ਗਈ ਹੈ ਤਾਂ 10 ਕਿਲੋ ਯੂਰੀਆ ਪ੍ਰਤੀ ਏਕੜ ਘੱਟ ਪਾਉੇ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …