ਸਕੂਲ ਸਿੱਖਿਆ ਮੰਤਰੀ ਸਿੰਗਲਾ ਨੇ ਪਠਾਨਕੋਟ ਜ਼ਿਲ੍ਹੇ ਦੇ ਜੇਤੂਆਂ ਨੂੰ ਫੋਨ ‘ਤੇ ਦਿੱਤੀ ਵਧਾਈ
ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ’ਤੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨਣ ਮਗਰੋਂ ਪਠਾਨਕੋਟ ਜ਼ਿਲ੍ਹੇ ’ਚੋਂ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਮੁਕਾਬਲੇ ’ਚ ਅੱਵਲ ਰਹਿਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ‘ਅੰਬੈਸਡਰਜ਼ ਆਫ਼ ਹੋਪ’ ਨਾਂ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ।ਜਿਸ ਨੂੰ ਪੰਜਾਬ ਭਰ ’ਚੋਂ ਭਰਪੂਰ ਹੁੰਗਾਰਾ ਮਿਲਿਆ ਸੀ।ਆਪਣੀ ਤਰ੍ਹਾਂ ਦੇ ਇਸ ਪਹਿਲੇ ਮੁਕਾਬਲੇ ’ਚ ਸਿਰਫ਼ ਅੱਠ ਦਿਨਾਂ ’ਚ ਸੂਬੇ ’ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ।ਹੁਣ ਸਿੰਗਲਾ ਵੱਲੋਂ ਇਸ ਮੁਕਾਬਲੇ ’ਚ ਹਰ ਜ਼ਿਲ੍ਹੇ ’ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।
ਪਠਾਨਕੋਟ ਜ਼ਿਲ੍ਹੇ ’ਚੋਂ ਇਸ ਮੁਕਾਬਲੇ ਲਈ 1605 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨ੍ਹਾਂ ’ਚੋਂ ਕ੍ਰਾਇਸਟ ਦ ਕਿੰਗ ਕਾਨਵੈਂਟ ਸਕੂਲ ’ਚ ਪੰਜਵੀਂ ਕਲਾਸ ’ਚ ਪੜ੍ਹਦੇ ਆਰਿਤ ਕੁਮਾਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ, ਜਦਕਿ ਸੈਂਟ ਜੋਸਫ਼ ਕਾਨਵੈਂਟ ਸਕੂਲ ’ਚ 8 ਕਲਾਸ ’ਚ ਪੜ੍ਹਦੀ ਯੇਤੀ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਹੈ।ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਣੀ ’ਚ 11ਵੀਂ ਜਮਾਤ ’ਚ ਪੜ੍ਹਦੀ ਭਾਰਤੀ ਨੇ ਤੀਸਰੇ ਸਥਾਨ ’ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ।
ਵਿਜੈ ਇੰਦਰ ਸਿੰਗਲਾ ਨਾਲ ਗੱਲਬਾਤ ਕਰਦਿਆਂ ਭਾਰਤੀ ਨੇ ਦੱਸਿਆ ਕਿ ਉਸ ਕੋਲ ਤਾਂ ਮੁਕਾਬਲੇ ’ਚ ਭਾਗ ਲੈਣ ਲਈ ਸਮਾਰਟਫੋਨ ਵੀ ਨਹੀਂ ਸੀ ਅਤੇ ਉਸ ਨੇ ਆਪਣੀ ਵੀਡਿਓ ਕਿਸੇ ਗੁਆਂਢੀ ਦੇ ਫੋਨ ਤੋਂ ਭੇਜ ਕੇ ਰਜਿਸਟਰ ਕਰਵਾਈ ਸੀ। ਉਸ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਭਾਗ ਲੈਣ ਲਈ ਉਸ ਦੇ ਮਾਪਿਆਂ ਦੇ ਨਾਲ-ਨਾਲ ਸਕੂਲ ਸਟਾਫ਼ ਨੇ ਵੀ ਉਸ ਨੂੰ ਉਤਸ਼ਾਹਿਤ ਕੀਤੀ ਤੇ ਲੋੜ ਪੈਣ ’ਤੇ ਹਰ ਮਦਦ ਕੀਤੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਵੈਲਡਿੰਗ ਦੀ ਦੁਕਾਨ ਕਰਦੇ ਹਨ ਅਤੇ ਜ਼ਿਆਦਾ ਕੰਮ ਨਾ ਹੋਣ ਕਰਕੇ ਉਸ ਦੀ ਉਚੇਰੀ ਸਿੱਖਿਆ ’ਚ ਰੁਕਾਵਟ ਆ ਸਕਦੀ ਹੈ।
ਸਕੂਲ ਸਿੱਖਿਆ ਮੰਤਰੀ ਨੇ ਉਸੇ ਵੇਲੇ ਭਾਰਤੀ ਦੇ ਮਾਪਿਆਂ ਨਾਲ ਆਪਣਾ ਮੋਬਾਇਲ ਨੰਬਰ ਸਾਂਝਾ ਕੀਤਾ ਅਤੇ ਉਚੇਰੀ ਸਿੱਖਿਆ ਲਈ ਲੋੜ ਪੈਣ ’ਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।
ਇਸੇ ਤਰ੍ਹਾਂ ਪਹਿਲੇ ਸਥਾਨ ’ਤੇ ਰਹਿਣ ਵਾਲੇ ਆਰਿਤ ਕੁਮਾਰ ਨੇ ਦੱਸਿਆ ਕਿ ਉਹ ਸਾਇੰਸਦਾਨ ਬਣਨਾ ਚਾਹੁੰਦਾ ਹੈ ਤੇ ਜ਼ਿਲ੍ਹੇ ’ਚੋਂ ਮੁਕਾਬਲਾ ਜਿੱਤਣ ਨਾਲ ਉਸ ਦਾ ਹੌਸਲਾ ਕਾਫ਼ੀ ਵਧਿਆ ਹੈ। ਆਰਿਤ ਅਤੇ ਉਸ ਦੇ ਮਾਪਿਆਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਬੱਚਿਆਂ ਨੂੰ ਚੰਗੇ ਪਾਸੇ ਜੋੜਨ ਲਈ ਇਹ ਮੁਕਾਬਲਾ ਸ਼ੁਰੂ ਕਰਨ ’ਤੇ ਉਹ ਵਿਜੈ ਇੰਦਰ ਸਿੰਗਲਾ ਦੇ ਬਹੁਤ ਧੰਨਵਾਦੀ ਹਨ।
ਸਿੰਗਲਾ ਨਾਲ ਗੱਲਬਾਤ ਦੌਰਾਨ ਦੂਸਰੇ ਸਥਾਨ ’ਤੇ ਰਹਿਣ ਵਾਲੀ ਵਿਦਿਆਰਥਣ ਯੇਤੀ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਫੈਕਟਰੀ ’ਚ ਆਈ.ਟੀ ਮੈਨੇਜਰ ਹਨ, ਜਦਕਿ ਮਾਂ ਸਥਾਨਕ ਕਾਲਜ ’ਚ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਅ ਰਹੇ ਹਨ। ਉਸ ਨੇ ਦੱਸਿਆ ਕਿ ਉਸ ਨੂੰ ਫੈਸ਼ਨ ਡਿਜਾਇਨਿੰਗ ਦੇ ਨਾਲ-ਨਾਲ ਰਾਜਨੀਤੀ ਦਾ ਵੀ ਸ਼ੌਕ ਹੈ।
ਇਹ ਸੁਣਨ ਤੋਂ ਬਾਅਦ ਕੈਬਨਿਟ ਮੰਤਰੀ ਨੇ ਯੇਤੀ ਨਾਲ ਰਾਜਨੀਤੀ ਦੇ ਕੁੱਝ ਨੁਕਤੇ ਵੀ ਸਾਂਝੇ ਕੀਤੇ ਅਤੇ ਉਸ ਨੂੰ ਲਗਾਤਾਰ ਕਿਤਾਬਾਂ ਪੜ੍ਹਨ, ਰੋਜ਼ਾਨਾ ਵਾਪਰਨ ਵਾਲੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਤੇ ਭਾਸ਼ਣ ਮੁਕਾਬਲਿਆਂ ’ਚ ਵੱਧ-ਚੜ੍ਹ ਕੇ ਭਾਗ ਲੈਣ ਦੀ ਸਲਾਹ ਦਿੱਤੀ।