Thursday, November 21, 2024

ਨਕਲੀ ਸ਼ਰਾਬ ਘਟਨਾ ਦੀ ਹਾਈਕੋਰਟ ਦੇ ਕਿਸੇ ਮੋਜੂਦਾ ਜੱਜ ਤੋਂ ਕਰਵਾਈ ਜਾਵੇ ਉਚ ਪੱਧਰੀ ਜਾਂਚ – ਖਹਿਰਾ

ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ) – ਸਾਬਕਾ ਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਕਲੀ ਸ਼ਰਾਬ ਘਟਨਾ ‘ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚ ਹੋ ਰਹੇ ਹਾਦਸਿਆਂ ਸਬੰਧੀ ਜਵਾਬਦੇਹੀ ਤੋਂ ਬਚਣ ਲਈ ਛੋਟੇ ਅਫਸਰਾਂ ਨੂੰ ਬਲੀ ਦਾ ਬੱਕਰਾ ਬਣਾਉਣ ਦੇ ਆਦੀ ਹੋ ਗਏ ਹਨ।ਇਥੇ ਈਮੇਲ ਰਾਹੀਂ ਭੇਜੇ ਪ੍ਰੈਸ ਬਿਆਨ ਵਿੱਚ ਖਹਿਰਾ ਨੇ ਕਿਹਾ ਕਿ ਮੋਜੂਦਾ ਨਕਲ਼ੀ ਸ਼ਰਾਬ ਹਾਦਸੇ ਵਿੱਚ ਮੁੱਖ ਮੰਤਰੀ ਨਕਲੀ ਸ਼ਰਾਬ ਸਪਲਾਈ ਕਰਨ ਵਾਲੇ ਅਸਲ ਸਰੋਤਾਂ ਤੱਕ ਪਹੁੰਚਣ ਅਤੇ ਅਸਲ ਦੋਸ਼ੀਆਂ ਨੂੰ ਫੜਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ।ਉਹ ਛੋਟੇ ਅਫਸਰਾਂ ਨੂੰ ਸਜ਼ਾ ਦੇ ਕੇ ਲੋਕਾਂ ਦੇ ਗੁੱਸੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
                  ਖਹਿਰਾ ਨੇ ਕਿਹਾ ਕਿ ਕੈਪਟਨ ਮੁੱਖ ਮੰਤਰੀ ਵਜੋਂ ਸਾਰੇ ਫਰੰਟਾਂ ਉਪਰ ਨਾ ਸਿਰਫ ਫੇਲ ਹੋ ਗਏ ਹਨ, ਬਲਕਿ ਐਕਸਾਈਜ ਅਤੇ ਟੈਕਸ ਮੰਤਰੀ ਵਜੋਂ ਪੰਜਾਬ ਵਿੱਚ ਸ਼ਰਾਬ ਮਾਫੀਆ ਨੂੰ ਕਾਬੂ ਕਰਨ ਵਿੱਚ ਅਸਫਲ ਰਹੇ ਹਨ। ਖਹਿਰਾ ਨੇ ਕਿਹਾ ਕਿ ਇਸ ਬਾਰੇ ਸੰਕੇਤ ਲੋਕਡਾਊਨ ਕਰਫਿਊ ਦੌਰਾਨ ਹੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜਦ ਸੂਬੇ ਭਰ ਵਿੱਚ ਨਕਲੀ ਡਿਸਟਲਰੀਆਂ ਸਮੇਤ ਵੱਡੇ ਪੱਧਰ ‘ਤੇ ਗੈਰਕਾਨੂੰਨੀ ਸ਼ਰਾਬ ਵਪਾਰ ਦੇ ਮਾਮਲੇ ਸਾਹਮਣੇ ਆਏ ਸਨ।ਖਹਿਰਾ ਨੇ ਕਿਹਾ ਕਿ ਕਿਸੇ ਵੀ ਛੋਟੇ ਸਮੱਗਲਰ ਜਾਂ ਵਿਅਕਤੀ ਵਿੱਚ ਇੰਨੀ ਜੁਰੱਅਤ ਨਹੀਂ ਹੋ ਸਕਦੀ ਕਿ ਇੰਨੇ ਵੱਡੇ ਪੱਧਰ ‘ਤੇ ਨਕਲੀ ਸ਼ਰਾਬ ਬਣਾਵੇ ਅਤੇ ਮਾਝਾ ਖੇਤਰ ਦੇ ਅਨੇਕਾਂ ਜਿਲਿਆਂ ਵਿੱਚ ਸਪਲਾਈ ਕਰੇ।
                 ਖਹਿਰਾ ਨੇ ਮੰਗ ਕੀਤੀ ਕਿ ਹਾਈਕੋਰਟ ਦੇ ਕਿਸੇ ਮੋਜੂਦਾ ਜੱਜ ਤੋਂ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ, ਕਿਉਂਕਿ ਜਲੰਧਰ ਡਵੀਜਨ ਦੇ ਕਮਿਸ਼ਨਰ ਦੀ ਅਗਵਾਈ ਵਿੱਚ ਕਰਵਾਈ ਜਾਣ ਵਾਲੀ ਮੈਜਿਸਟਰੇਟੀ ਜਾਂਚ ਹੋਰ ਕੁੱਝ ਨਹੀਂ, ਬਲਕਿ ਅੱਖਾਂ ਵਿੱਚ ਘੱਟਾ ਪਾਉਣ ਤੇ ਜਿੰਮੇਵਾਰ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੈ।
               ਖਹਿਰਾ ਨੇ ਮੁੱਖ ਮੰਤਰੀ ਕੋਲੋਂ ਇਹ ਵੀ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੀ ਐਕਸ ਗਰੇਸ਼ੀਆ ਗਰਾਂਟ ਵਧਾ ਕੇ 25 ਲੱਖ ਰੁਪਏ ਕੀਤੀ ਜਾਵੇ, ਕਿਉਂਕਿ ਇਹ ਵੱਡਾ ਹਾਦਸਾ ਸੂਬਾ ਸਰਕਾਰ ਦੀ ਅਣਗਹਿਲੀ ਅਤੇ ਢਿੱਲੇ ਮੱਠੇ ਰਵੱਈਏ ਕਰਕੇ ਹੋਇਆ ਹੈ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …