ਉਘੇ ਫੋਟੋਗ੍ਰਾਫਰ ਡਾ. ਬਰੁਣ ਸਿਨਹਾ ਕਰਨਗੇ ਪ੍ਰਦਰਸ਼ਨੀ ਦਾ ਉਦਘਾਟਨ
ਚੰਡੀਗੜ੍ਹ, 18 ਅਗਸਤ (ਪੰਜਾਬ ਪੋਸਟ ਬਿਊਰੋ) – ਟ੍ਰਾਈਸਿਟੀ ਫੋਟੋ ਆਰਟ ਸੁਸਾਇਟੀ ਚੰਡੀਗੜ੍ਹ (ਤਪਸ) ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵਿਸ਼ਵ ਫੋਟੋਗ੍ਰਾਫੀ ਦਿਵਸ `ਤੇ ਸੰਗਠਨ ਦੇ ਮੈਂਬਰਾਂ ਦੀ ਸਾਲਾਨਾ ਫੋਟੋ ਪ੍ਰਦਰਸ਼ਨੀ `ਦ੍ਰਿਸ਼ਟੀ -2020` ਆਨਲਾਈਨ ਆਯੋਜਿਤ ਕਰ ਰਹੀ ਹੈ।ਸੰਸਥਾ ਦੇ ਪ੍ਰੈਸ ਸਕੱਤਰ ਹੇਮੰਤ ਚੌਹਾਨ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਆਨਲਾਈਨ ਪ੍ਰਦਰਸ਼ਨੀ ਅਤੇ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ 18 ਤੋਂ 20 ਅਗਸਤ ਤੱਕ ਕੀਤਾ ਜਾਵੇਗਾ।ਜਿਸ ਦਾ ਉਦਘਾਟਨ ਉਘੇ ਫੋਟੋਗ੍ਰਾਫਰ ਅਤੇ ਭਾਰਤੀ ਫੋਟੋਗ੍ਰਾਫੀ ਫੈਡਰੇਸ਼ਨ ਦੇ ਸਕੱਤਰ ਜਨਰਲ ਡਾ: ਬਰੁਣ ਸਿਨਹਾ ਅੱਜ ਕਰਨਗੇ।ਜਦਕਿ ਫੈਡਰੇਸ਼ਨ ਆਫ਼ ਇੰਡੀਅਨ ਫੋਟੋਗ੍ਰਾਫੀ ਦੇ ਮੀਤ ਪ੍ਰਧਾਨ ਅਦਿਤ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਦੱਸਣਯੋਗ ਹੈ ਕਿ ਤਪਸ ਪਿਛਲੇ 6 ਸਾਲਾਂ ਤੋਂ ਵਿਸ਼ਵ ਫੋਟੋਗ੍ਰਾਫੀ ਦਿਵਸ `ਤੇ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕਰ ਰਹੀ ਹੈ।ਇਸ ਵਾਰ ਇਸ ਪ੍ਰਦਰਸ਼ਨੀ ਵਿੱਚ 27 ਫੋਟੋ-ਕਲਾਕਾਰਾਂ ਦੀਆਂ 135 ਫੋਟੋਆਂ ਈ-ਬੁੱਕ ਰੂਪ `ਚ ਪੇਸ਼ ਕੀਤੀਆਂ ਗਈਆਂ ਹਨ, ਜਿਹੜੀਆਂ ਸੁਸਾਇਟੀ ਦੀ ਵੈਬਸਾਈਟ ਅਤੇ ਫੇਸਬੁੱਕ `ਤੇ ਵੇਖੀਆਂ ਜਾ ਸਕਦੀਆਂ ਹਨ।
ਤਪਸ ਦੇ ਪ੍ਰਧਾਨ ਵਿਨੋਦ ਚੌਹਾਨ ਅਤੇ ਪ੍ਰਦਰਸ਼ਨੀ ਦੇ ਚੇਅਰਮੈਨ ਪ੍ਰਵੀਨ ਜੱਗੀ ਨੇ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ 18, 19 ਅਤੇ 20 ਅਗਸਤ ਨੂੰ ਤਿੰਨ ਓਪਨ ਵਰਕਸ਼ਾਪਾਂ ਵੀ ਆਯੋਜਿਤ ਕੀਤੀਆਂ ਜਾਣਗੀਆਂ।ਜਿੰਨਾਂ ਨੂੰ ਸਾਈਪ੍ਰਸ ਤੋਂ ਅੰਤਰਰਾਸ਼ਟਰੀ ਪੱਧਰ ਦੇ ਫੋਟੋਗ੍ਰਾਫਰ ਬੁਕੇਟ ਓਜਾਤੇ ਤੋਂ ਇਲਾਵਾ ਉਘੇ ਫੋਟੋਗ੍ਰਾਫਰ ਸੀ.ਆਰ ਸਥਿਯਾਨਰਾਇਣ ਅਤੇ ਅਰੁਣ ਖੰਨਾ ਸੰਬੋਧਨ ਕਰਨਗੇ।