ਸਰਕਾਰੀ ਹਸਪਤਾਲਾਂ ‘ਚ ਕੋਰੋਨਾ ਮਰੀਜ਼ਾਂ ਦਾ ਕੀਤਾ ਜਾਂਦਾ ਹੈ ਮੁਫਤ ਇਲਾਜ਼
ਪਠਾਨਕੋਟ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਹੋਣ ਤੇ ਬਿਨ੍ਹਾਂ ਦੇਰੀ ਕੀਤਿਆਂ ਸਰਕਾਰੀ ਹਸਪਤਾਲ ਵਿੱਚ ਕਰੋਨਾ ਦਾ ਟੈਸਟ ਕਰਵਾਓ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਪਠਾਨਕੋਟ ਨੇ ਕਿਹਾ ਹੈ ਕਿ ਬਿਨ੍ਹਾਂ ਲੱਛਣ ਵਾਲੇ ਕਰੋਨਾ ਪੀੜਤ ਲੋਕਾਂ ਨੂੰ ਹੁਣ ਆਪਣੇ ਹੀ ਘਰ੍ਹਾਂ ਵਿੱਚ ਇਕਾਂਤਵਾਸ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਇੱਕ ਖਤਰਨਾਕ ਮਹਾਂਮਾਰੀ ਹੈ ਇਸ ਲਈ ਜੇਕਰ ਕਿਸੇ ਵਿਅਕਤੀ ਵਿੱਚ ਕੋਰੋਨਾ ਸਬੰਧੀ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਆਪਣੇ ਟੈਸਟ ਲਈ ਖੁਦ ਸਰਕਾਰੀ ਸਿਹਤ ਸੰਸਥਾ ਵਿੱਚ ਜਾਣਾ ਚਾਹੀਦਾ ਹੈ ਤਾਂ ਜੋ ਉਸ ਦਾ ਮਾਹਰ ਡਾਕਟਰਾਂ ਵਲੋਂ ਸਹੀ ਇਲਾਜ਼ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਟੈਸਟ ਪਾਜ਼ਟਿਵ ਆਉਂਦਾ ਹੈ ਅਤੇ ਉਸ ਵਿੱਚ ਕੋਰੋਨਾ ਦੇ ਲੱਛਣ ਨਾਂਹ ਦੇ ਬਰਾਬਰ ਹਨ, ਉਹ ਆਪਣੇ ਘਰ ਵਿੱਚ ਹੀ ਇਕਾਂਤਵਾਸ ਹੋ ਸਕਦਾ ਹੈ।ਪ੍ਰੰਤੂ ਉਸ ਵਿਅਕਤੀ ਲਈ ਡਾਕਟਰਾਂ ਵਲੋਂ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਅਪਣਾਉਣਾ ਬਹੁਤ ਜਰੂਰੀ ਹੈ।