ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ) – ਲਗਭਗ ਅੱਧੀ ਸਦੀ ਤੋਂ ਰੋਜ਼ਾਨਾ ਅੰਮ੍ਰਿਤ ਵੇਲੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਿਆਦਾ ਅਨੁਸਾਰ ਭੱਟਾਂ ਦੇ ਸਵਈਏ ਪੜਨ ਦੀ ਸੇਵਾ ਕਰਨ ਵਾਲੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦੇ ਜਲਦ ਤੁਰ ਜਾਣ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ।ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਤੇ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਦੇ ਗ੍ਰਹਿ ਗੱਲਬਾਤ ਕਰਦਿਆਂ ਕੀਤਾ ।
ਰੰਧਾਵਾ ਨੇ ਕਿਹਾ ਕਿ ਉਹ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸਿੱਖ ਸੰਸਥਾਵਾਂ ਨਾਲ ਨੇੜਿਓਂ ਜੁੜੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਸਿੱਖਾਂ ਦੀ ਪੁਰਾਣੀ ਧਾਰਮਿਕ ਤੇ ਵਿੱਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ, ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸਕੱਤਰ, ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਦੇ ਮੈਂਬਰ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂ ਵਾਲੇ ਦੇ ਮੈਂਬਰ ਇੰਚਾਰਜ਼ ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ‘ਚ ਆਪਣੀਆਂ ਸੇਵਾ ਨਿਭਾਅ ਰਹੇ ਸਨ।
ਰੰਧਾਵਾ ਨੇ ਕਿਹਾ ਕਿ ਪਿਛਲੇ ਦਿਨੀਂ ਸਿੱਖ ਬੁੱਧੀਜੀਵੀ ਹਰਚਰਨ ਸਿੰਘ, ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ, ਭਾਈ ਹਰਨਾਮ ਸਿੰਘ, ਜੋਗਿੰਦਰ ਸਿੰਘ ਭਸੀਣ ਦਾ ਚਲਾਣਾ ਵੀ ਅਸਹਿ ਹੈ।ਉਨਾਂ ਕਿਹਾ ਕਿ 1947 ‘ਚ ਹੋਈ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ 1948 ਵਿੱਚ ਜੋਗਿੰਦਰ ਸਿੰਘ ਭਸੀਣ ਨੇ ਸਿੱਖਾਂ ਵਲੋਂ ਰੋਜ਼ਾਨਾ ਗੁਰੂ ਘਰਾਂ ’ਚ ਕੀਤੀ ਜਾਂਦੀ ਅਰਦਾਸ ਵਿੱਚ ‘ਪੰਥ ਤੋਂ ਵਿਛੜ ਗਏ ਧਾਰਮਿਕ ਸਥਾਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ਼ ਦਾ ਦਾਨ’ ਬੇਨਤੀ ਸ਼ਾਮਲ ਕਰਵਾਈ ਸੀ।ਚੱਲ ਰਹੀ ਮਹਾਮਾਰੀ ਕਾਰਨ ਉਹ ਜਾਤੀ ਤੌਰ ‘ਤੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਨਹੀਂ ਪੁੱਜ ਸਕੇ।ਇਸ ਲਈ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਵਿੱਛੜੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਅਤੇ ਪਿੱਛੇ ਪਰਿਵਾਰ ਤੇ ਕੌਮ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …