3 ਅਕਤੂਬਰ ਤੋਂ ਦੂਰਦਰਸ਼ਨ ਰਾਹੀਂ ਸ਼ੁਰੂ ਹੋਣਗੀਆਂ ਵਿਸ਼ੇਸ਼ ਜਮਾਤਾਂ
ਪਠਾਨਕੋਟ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਕੀਤੀਆਂ ਜਾ ਰਹੀਆਂ ਵਿਸ਼ੇਸ਼ ਪਹਿਲਕਦਮੀਆਂ ਤਹਿਤ ਰਾਜ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਜ਼ਿੰਦਗੀ ਜਿਊਣ ਦੇ ਹੁਨਰ ਸਿਖਾਉਣ ਦੀ ਮੁਹਿੰਮ 3 ਅਕਤੂਬਰ ਤੋਂ ਆਰੰਭ ਕੀਤੀ ਜਾ ਰਹੀ ਹੈ।
ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਰਾਜ ਹੈ, ਜਿਸ ਅੰਦਰ ਸਕੂਲੀ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਵਿਸ਼ਾ ਸ਼ੁਰੂ ਕੀਤਾ ਗਿਆ ਹੈ।ਇਸ ਵਿਸ਼ੇ ਲਈ ‘ਸਵਾਗਤ ਜ਼ਿੰਦਗੀ‘ ਸਿਰਲੇਖ ਅਧੀਨ ਵਿਸ਼ੇਸ਼ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ।ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਅਨੁਸਾਰ 3 ਅਕਤੂਬਰ ਤੋਂ ਦੂਰਦਰਸ਼ਨ ਜਲੰਧਰ ‘ਤੇ ਹਫਤੇ ‘ਚ ਇੱਕ ਘੰਟੇ ਦਾ ਵਿਸ਼ੇਸ਼ ਲੈਕਚਰ ਚਲਾਇਆ ਜਾਵੇਗਾ।ਜੋ ਵੱਖ-ਵੱਖ ਜਮਾਤਾਂ ਨਾਲ ਸਬੰਧਤ ਹੋਵੇਗਾ। ਇਸ ਤੋਂ ਇਲਾਵਾ ਸਵਾਗਤ ਜਿੰਦਗੀ ਵਿਸ਼ੇ ਨਾਲ ਸਬੰਧਤ ਪੁਸਤਕਾਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਵੱਖ-ਵੱਖ ਜਮਾਤਾਂ ਲਈ ਤਿਆਰ ਕੀਤੀਆਂ ਗਈਆਂ ਹਨ।ਇਸ ਦੇ ਨਾਲ ਹੀ ਸਿੱਖਿਆ ਵਿਭਾਗ ‘ਚ ਸੇਵਾਵਾਂ ਨਿਭਾ ਰਹੇ ਨਾਮਵਰ ਲਿਖਾਰੀਆਂ ਦੇ ਲੇਖਾਂ ‘ਤੇ ਅਧਾਰਤ ਚਾਰ ਪੁਸਤਕਾਂ ਲਾਇਬਰੇਰੀਆਂ ਲਈ ‘ਜਿਉਣ ਦਾ ਹੁਨਰ‘ ਸਿਰਲੇਖ ਹੇਠ ਤਿਆਰ ਕੀਤੀਆਂ ਗਈਆਂ ਹਨ।ਜੋ ਰਾਜ ਦੇ ਹਰੇਕ ਸਰਕਾਰੀ ਸਕੂਲ ਦੀ ਲਾਇਬਰੇਰੀ ‘ਚ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜਸ਼ਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣੀਆਂ ਵੀ ਬਹੁਤ ਜਰੂਰੀ ਹਨ।ਅਜੋਕੇ ਸਮੇਂ ‘ਚ ਬੱਚਿਆਂ ਨੂੰ ਜੀਵਨ ਜਾਚ ਸਿਖਾਉਣ ਲਈ ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਉਦਮ ਕੀਤਾ ਗਿਆ ਹੈ, ਜਿਸ ਤਹਿਤ ‘ਸਵਾਗਤ ਜ਼ਿੰਦਗੀ‘ ਨਾਮ ਦਾ ਵਿਸ਼ਾ ਆਰੰਭ ਕੀਤਾ ਗਿਆ ਹੈ।
ਇਸ ਮੌਕੇ ਡੀ.ਐਮ ਸੰਜੀਵ ਸ਼ਰਮਾ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।