Saturday, September 21, 2024

ਧੂਰੀ ਰਾਈਸ ਮਿਲਰਜ਼ ਐਸੋਸੀਏਸ਼ਨ ਨੇ ਵੇਅਰ ਹਾਊਸ ਦੇ ਮੈਨੇਜਰ ‘ਤੇ ਲਗਾਏ ਗੰਭੀਰ ਦੋਸ਼

ਚਹੇਤਿਆਂ ਦੇ ਸ਼ੈਲਰਾਂ ਵਿੱਚ ਵੱਧ ਜੀਰੀ ਕੀਤੀ ਭੰਡਾਰ – ਸੁਰੇਸ਼ ਜਿੰਦਲ
ਧੂਰੀ, 12 ਦਸੰਬਰ (ਪ੍ਰਵੀਨ ਗਰਗ) – ਧੂਰੀ ਰਾਈਸ ਮਿਲਰਜ਼ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸੁਰੇਸ਼ ਜਿੰਦਲ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮ: ਧੂਰੀ ਦੇ ਮੈਨੇਜਰ ‘ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਜੀਰੀ ਪਿੜਾਈ ਸੀਜ਼ਨ 2020-21 ਦੌਰਾਨ ਮੈਨੇਜਰ ਵੱਲੋਂ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਚਹੇਤਿਆਂ ਦੇ ਸ਼ੈਲਰਾਂ ਵਿੱਚ ਵੱਧ ਜੀਰੀ ਭੰਡਾਰ ਕੀਤੀ ਗਈ ਹੈ।ਜਿਸ ਦਾ ਨੁਕਸਾਨ ਕਈ ਸ਼ੈਲਰ ਮਾਲਕਾਂ ਨੂੰ ਪਹੁੰਚਿਆ ਹੈ। ਉਹਨਾਂ ਦੱਸਿਆ ਕਿ ਜਿਸ ਸ਼ੈਲਰ ਦੀ ਵੇਟ ਸ਼ੀਟ ਦਾ ਵਜ਼ਨ 10 ਕਿਲੋ ਘੱਟਦਾ ਹੈ, ਉਸ ਤੋਂ 50 ਕਿਲੋ ਅਤੇ ਜਿਸ ਦਾ 50 ਕਿਲੋ ਘੱਟਦਾ ਹੈ, ਉਸ ਦੀ 1 ਕੁਇੰਟਲ ਵੇਟ ਸ਼ੀਟ ਬਣਾਉਣ ਦਾ ਵੇਅਰ ਹਾਊਸ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਤਾਂ ਜੋ ਬਾਕੀ ਦਾ ਮਾਲ ਦੋ ਨੰਬਰ ਵਿੱਚ ਵੇਚਿਆ ਜਾ ਸਕੇ।ਇਸ ਦੀ ਆੜ ਵਿੱਚ ਹਰੇਕ ਸ਼ੈਲਰ ਮਾਲਕ ਤੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਜਦੋਂ ਇਸ ਸਬੰਧੀ ਐਸੋਸੀਏਸ਼ਨ ਦੇ ਆਗੂਆਂ ਨੇ ਵੇਅਰ ਹਾਊਸ ਦੇ ਮੈਨੇਜਰ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੋ ਮੇਰੇ ਦਿਮਾਗ ਵਿੱਚ ਆਏਗਾ, ਮੈਂ ਉਹੀ ਕਰਾਂਗਾ, ਤੁਸੀਂ ਮੇਰੀ ਸ਼ਿਕਾਇਤ ਉੱਪਰ ਕਰ ਸਕਦੇ ਹੋ।
                   ਇਸ ਸਬੰਧੀ ਜਦੋਂ ਵੇਅਰ ਹਾਊਸ ਦੇ ਮੈਨੇਜਰ ਗੁਰਪ੍ਰੀਤ ਸਿੰਘ ਨਾਲ ਟੈਲੀਫੋਨ ‘ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਉੱਪਰ ਲਗਾਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜੋ ਸਰਕਾਰ ਦੀਆਂ ਪਾਲਸੀਆਂ ਹਨ, ਉਸ ਮੁਤਾਬਿਕ ਹੀ ਜੀਰੀ ਦੀ ਵੰਡ ਕੀਤੀ ਗਈ ਹੈ, ਪਰ ਫਿਰ ਵੀ ਜੇਕਰ ਰਾਈਸ ਮਿਲਰਜ਼ ਐਸੋਸੀਏਸ਼ਨ ਨੂੰ ਲੱਗਦਾ ਹੈ ਕਿ ਕਿਤੇ ਜੀਰੀ ਵੱਧ-ਘੱਟ ਲੱਗੀ ਹੈ, ਅਸੀਂ ਉਸ ਦੀ ਜਾਂਚ ਕਰਵਾਉਣ ਲਈ ਤਿਆਰ ਹਾਂ ਅਤੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਵੇਅਰ ਹਾਊਸ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ।
                   ਇਸ ਮੌਕੇ ਵਿਜੈ ਕੁਮਾਰ, ਪ੍ਰੈਸ ਸਕੱਤਰ ਵਿਨੋਦ ਗਰਗ, ਜੀਵਨ ਕੁਮਾਰ ਅਤੇ ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …