ਅਧਿਆਪਕ ਖਿਲਾਫ ਬਾਲ ਸ਼ੋਸ਼ਣ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ- ਐੱਸ. ਐੱਚ. ਓ
ਪੱਟੀ, 11 ਨਵੰਬਰ (ਰਣਜੀਤ ਸਿੰਘ ਮਹਲਾ )- ਸਥਾਨਕ ਵਾਰਡ ਨੰਬਰ 1 ਦੀ ਬਸਤੀ ਰਲਾ ਸਿੰਘ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਇਕ ਅਧਿਆਪਕ ਨੂੰ ਮੁਹੱਲਾ ਵਾਸੀਆਂ ਨੇ ਛੋਟੀਆਂ ਬੱਚੀਆਂ ਨਾਲ ਗਲਤ ਹਰਕਤਾਂ ਕਰਨ ‘ਤੇ ਕਾਬੂ ਕਰ ਲਿਆ।ਸਾਬਕਾ ਕੌਂਸਲਰ ਜਗੀਰੀ ਰਾਮ ਨੇ ਦੱਸਿਆ ਕਿ ਇਸ ਸਕੂਲ ਵਿਚ ਪੜ੍ਹਾਉਂਦੇ ਈ. ਟੀ. ਟੀ ਅਧਿਆਪਕ ਹਰਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪੱਟੀ ਨੂੰ ਇਸ ਸਕੂਲ ਦੀਆਂ ਤੀਸਰੀ ਅਤੇ ਚੌਥੀ ਕਲਾਸ ਵਿਚ ਪੜ੍ਹਨ ਵਾਲੀਆਂ ਛੋਟੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਕਰਕੇ ਮੁਹੱਲਾ ਵਾਸੀਆਂ ਨੇ ਕਾਬੂ ਕੀਤਾ ਹੈ। ਇਸ ਸੰਬਧੀ ਚਾਨਣ ਸਿੰਘ, ਪਰਮਜੀਤ ਸਿੰਘ, ਗੋਰਾ ਸਿੰਘ, ਅਮਰਜੀਤ ਕੌਰ, ਸਾਹਿਬ ਸਿੰਘ, ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਬੱਚੀਆਂ ਨੇ ਅਧਿਆਪਕ ਵਲੋਂ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ ਸੀ।
ਮੁਹੱਲਾ ਵਾਸੀਆਂ ਵਲੋਂ ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਬਲਵਿੰਦਰ ਕੁਮਾਰ ਅਤੇ ਐੱਸ. ਐੱਚ. ਓ. ਪੱਟੀ ਗੁਰਵਿੰਦਰ ਸਿੰਘ ਔਲਖ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।ਇਸ ਮੌਕੇ ਬੀ. ਈ. ਈ. ਓ. ਪੱਟੀ ਨੇ ਮੌਕੇ ‘ਤੇ ਜ਼ਿਲਾ ਸਿੱਖਿਆ ਅਫ਼ਸਰ ਤਰਨਤਾਰਨ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਨੇ ਮੌਕੇ ‘ਤੇ ਹੀ ਟੀਚਰ ਦਾ ਪੱਟੀ ਬਲਾਕ ਤੋਂ ਤਬਾਦਲਾ ਕਰਨ ਅਤੇ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ।ਐੱਸ. ਐੱਚ. ਓ. ਪੱਟੀ ਨੇ ਦੱਸਿਆ ਕਿ ਉਕਤ ਅਧਿਆਪਕ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਇਸ ਵਿਰੁੱਧ ਧਾਰਾ 354 ਤੇ ਬਾਲ ਸ਼ੋਸ਼ਣ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।