ਸੰਗਰੂਰ, 3 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ’ਤੇ ਅੱਜ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਸੰਗਰੂਰ ਦੇ ਸਕੱਤਰ ਕਰਨਬੀਰ ਸਿੰਘ ਛੀਨਾ ਵਲੋਂ ਸਥਾਨਕ ਬੱਸ ਅੱਡੇ ਨੇੜੇ ਬੱਸਾਂ ਦੀ ਚੈਕਿੰਗ ਕੀਤੀ ਗਈ।ਜਿਸ ਦੌਰਾਨ ਕਰਨਬੀਰ ਸਿੰਘ ਛੀਨਾ ਵਲੋਂ ਇੱਕ ਨਾਜਾਇਜ਼ ਬੱਸ ਨੂੰ ਇੰਪਾਉਡ ਕੀਤਾ ਗਿਆ, ਜਦਕਿ ਲੋੜੀਂਦੇ ਕਾਗਜ਼ਾਤ ਦੀ ਅਣਹੋਂਦ ਕਾਰਨ ਦੂਜੀ ਬੱਸ ਦਾ ਚਾਲਾਨ ਕੀਤਾ ਗਿਆ।
ਸਕੱਤਰ ਛੀਨਾ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਦੀਆਂ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ ਅਤੇ ਨਿਯਮਤ ਤੌਰ ’ਤੇ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਨਾਜਾਇਜ਼ ਬੱਸਾਂ ਨੂੰ ਸੜਕਾਂ ’ਤੇ ਚੜਨ ਤੋਂ ਰੋਕਿਆ ਜਾ ਸਕੇ।ਚੈਕਿੰਗ ਦੌਰਾਨ ਉਨਾਂ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਅਪੀਲ ਕੀਤੀ ਕਿ ਬੱਸਾਂ ਸੜਕਾਂ ’ਤੇ ਉਤਾਰਨ ਤੋਂ ਪਹਿਲਾਂ ਉਹ ਇਹ ਯਕੀਨੀ ਬਣਾਉਣ ਕਿ ਬੱਸਾਂ ਦਾ ਟੈਕਸ ਭਰਿਆ ਹੋਣ ਦੇ ਨਾਲ-ਨਾਲ ਬਾਕੀ ਕਾਗਜ਼ਾਤ ਵੀ ਪੂਰੇ ਹੋਣ।ਉਨਾਂ ਕਿਹਾ ਕਿ ਅਜਿਹੀ ਜਾਂਚ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਬੱਸ ਆਪ੍ਰੇਟਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਰੀਜ਼ਨਲ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਨੇ ਦੂਜੇ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਆਪੋ-ਆਪਣੇ ਵਾਹਨਾਂ ਨੂੰ ਚਲਾਉਣ ਮੌਕੇ ਉਹ ਨਿਯਮਾਂ ਮੁਤਾਬਕ ਲੋੜੀਂਦੇ ਕਾਗਜ਼ਾਤ ਪੂਰੇ ਰੱਖਣ ਦੇ ਨਾਲ-ਨਾਲ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਉਣ।ਉਨਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਲਿਆਉਣ-ਲਿਜਾਣ ਵਾਲੇ ਵਾਹਨ ਆਪਰੇਟਰ ਵੀ ‘ਸੇਫ਼ ਸਕੂਲ ਵਾਹਨ ਪਾਲਿਸੀ’ ਤਹਿਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ।
Check Also
ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …