Thursday, August 7, 2025
Breaking News

ਸਿਹਤ ਬਲਾਕ ਮੁਜ਼ੱਫਰਪੁਰ ਵਿੱਚ “ਹਰ ਘਰ ਦਸਤਕ ਮੁਹਿੰਮ” ਦੀ ਸ਼ੁਰੂਆਤ

ਸਾਰੇ ਯੋਗ ਵਿਅਕਤੀਆਂ ਦੇ 100 ਫੀਸਦੀ ਟੀਕਾਕਰਨ ਦੇ ਟੀਚੇ ਨੂੰ ਹਾਸਲ ਕੀਤਾ ਜਾਵੇਗਾ – ਡਾ. ਗੀਤਾਂਜਲੀ ਸਿੰਘ

ਨਵਾਂਸ਼ਹਿਰ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਾਇਮਰੀ ਸਿਹਤ ਕੇਂਦਰ ਮਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਮੁਜ਼ੱਫਰਪੁਰ ਵਿੱਚ 100 ਫੀਸਦੀ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ “ਹਰ ਘਰ ਦਸਤਕ” ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
                      ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਅੱਜ ਮੈਡੀਕਲ ਅਫ਼ਸਰਾਂ, ਰੂਰਲ ਮੈਡੀਕਲ ਅਫਸਰਾਂ, ਐਲ.ਐਚ.ਵੀ ਅਤੇ ਆਸ਼ਾ ਸੁਪਰਵਾਈਜ਼ਰਾਂ ਨਾਲ ਮੀਟਿੰਗ ਵਿੱਚ ਹਦਾਇਤਾਂ ਦਿੰਦੇ ਹੋਏ ਦੱਸਿਆ ਕਿ “ਹਰ ਘਰ ਦਸਤਕ” ਮੁਹਿੰਮ ਤਹਿਤ ਆਸ਼ਾ ਵਰਕਰਾਂ ਨੇ ਬਲਾਕ ਵਿੱਚ ਘਰ-ਘਰ ਜਾ ਕੇ ਉਨ੍ਹਾਂ ਲੋਕਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜਾਂ ਤਾਂ ਹਾਲੇ ਤੱਕ ਪਹਿਲੀ ਡੋਜ਼ ਨਹੀਂ ਮਿਲੀ ਹੈ ਜਾਂ ਫਿਰ ਉਹ ਲੋਕ ਜੋ ਦੂਜ਼ੀ ਡੋਜ਼ ਲਗਵਾਉਣ ਲਈ ਯੋਗ ਹੋ ਗਏ ਹਨ, ਪਰ ਉਨ੍ਹਾਂ ਨੇ ਲਗਵਾਈ ਨਹੀਂ ਹੈ।
               ਡਾ. ਗੀਤਾਂਜਲੀ ਸਿੰਘ ਨੇ ਸਮੂਹ ਮੈਡੀਕਲ ਅਫਸਰਾਂ ਨੂੰ ਆਪਣੇ ਏਰੀਆ ਵਿਚ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ।ਪੂਰੇ ਨਵੰਬਰ ਮਹੀਨੇ ਚੱਲਣ ਵਾਲੀ ਹਰ ਘਰ ਦਸਤਕ ਮੁਹਿੰਮ ਦੇ ਤਹਿਤ ਬਲਾਕ ਦੇ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਨੂੰ 100 ਫੀਸਦੀ ਕਵਰ ਕੀਤਾ ਜਾਏਗਾ ਅਤੇ ਹਰ ਰੋਜ ਦੋ ਹਜ਼ਾਰ ਤੋਂ ਵੱਧ ਟੀਕੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ।
                 ਡਾ. ਸਿੰਘ ਨੇ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਚੱਲਦਿਆਂ ਸਿਹਤ ਵਿਭਾਗ ਵਲੋਂ ‘ਹਰ ਘਰ ਦਸਤਕ’ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਲਾਕ ਵਿੱਚ ਕੋਈ ਵੀ ਯੋਗ ਵਿਅਕਤੀ ਕੋਵਿਡ-19 ਟੀਕਾਕਰਨ ਤੋਂ ਖੁੰਝ ਨਾ ਜਾਵੇ।ਇਸ ਮੁਹਿੰਮ ਤਹਿਤ 18 ਸਾਲ ਤੋਂ ਵੱਧ ਉਮਰ ਦੇ ਉਹ ਲੋਕ ਜੋ ਟੀਕਾਕਰਨ ਦੀ ਪਹਿਲੀ ਡੋਜ ਤੋਂ ਖੁੰਝ ਗਏ ਹਨ ਜਾਂ ਜਿਨ੍ਹਾਂ ਨੇ ਦੂਜ਼ੀ ਡੋਜ ਸਮਾਂ ਪੂਰਾ ਹੋਣ `ਤੇ ਵੀ ਨਹੀਂ ਲਗਵਾਈ ਹੈ, ਉਨ੍ਹਾਂ ਨੂੰ ਟੀਕਾਕਰਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਬਲਾਕ ਵਿੱਚ ਵੱਡੀ ਗਿਣਤੀ ‘ਚ ਲੋਕ ਅਜਿਹੇ ਹਨ, ਜਿਨ੍ਹਾਂ ਨੇ ਸਮਾਂ ਬੀਤ ਜਾਣ ਦੇ ਬਾਵਜ਼ੂਦ ਦੂਜੀ ਖੁਰਾਕ ਨਹੀਂ ਲਈ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਨੂੰ ਚਲਾਉਣ ਦਾ ਉਦੇਸ਼ ਕੋਵਿਡ ਤੋਂ ਵੈਕਸੀਨੇਸ਼ਨ ਦੇ ਜ਼ਰੀਏ ਲੋਕਾਂ ਦਾ ਬਚਾਅ ਕਰਨਾ ਹੈ।
                   ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਅਫਸਰ ਡਾ. ਸੋਨੀਆ, ਡਾ. ਰਣਜੀਤ ਹਰੀਸ਼, ਡਾ. ਗੁਰਪ੍ਰੀਤ ਕੌਰ, ਡਾ. ਬਲਜੀਤ ਕੌਰ, ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਐਲ.ਐਚ.ਵੀ ਕੁਲਵੰਤ ਕੌਰ ਅਤੇ ਆਸ਼ਾ ਸੁਪਰਵਾਈਜਰਾਂ ਸਮੇਤ ਹੋਰ ਸਿਹਤ ਸਟਾਫ ਮੈਂਬਰ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …