Monday, December 23, 2024

ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ

ਨਵਾਂਸ਼ਹਿਰ, 15 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਾਇਮਰੀ ਸਿਹਤ ਕੇਂਦਰ ਮੁਜੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਕਮਿਊਨਿਟੀ ਸਿਹਤ ਕੇਂਦਰ, ਰਾਹੋਂ ਵਿਖੇ ਲੰਘੇ ਕੱਲ੍ਹ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ।ਇਸ ਸਾਲ ਵਿਸ਼ਵ ਸ਼ੂਗਰ ਦਿਵਸ ਦਾ ਥੀਮ “ਸ਼ੂਗਰ ਦੀ ਕੇਅਰ ਤੱਕ ਪਹੁੰਚ, ਜੇ ਹੁਣ ਨਹੀਂ ਤਾਂ ਫੇਰ ਕਦੋਂ” ਹੈ।
            ਡਾ. ਗੀਤਾਂਜਲੀ ਸਿੰਘ ਨੇ ਆਪਣੇ ਜਾਗਰੂਕਤਾ ਸੰਦੇਸ਼ ਵਿੱਚ ਦੱਸਿਆ ਕਿ ਹਰੇਕ ਸਾਲ 14 ਨਵੰਬਰ ਨੂੰ `ਵਿਸ਼ਵ ਸ਼ੂਗਰ ਦਿਵਸ` ਮਨਾਇਆ ਜਾਂਦਾ ਹੈ, ਜਿਸ ਦਾ ਮੰਤਵ ਸ਼ੂਗਰ ਦੀ ਬਿਮਾਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।
                ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ 42 ਕਰੋੜ ਤੋਂ ਵੱਧ ਵਿਅਕਤੀ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੇ ਹਨ, ਜਿਨ੍ਹਾਂ ਵਿਚੋਂ ਅੰਦਾਜ਼ਨ 40 ਲੱਖ ਸ਼ੂਗਰ ਰੋਗੀਆਂ ਦੀ ਮੌਤ ਹਰ ਸਾਲ ਹੋ ਜਾਂਦੀ ਹੈ।ਵਿਸ਼ਵ ਵਿੱਚ ਸ਼ੂਗਰ ਦੇ ਸਭ ਤੋਂ ਵੱਧ ਮਾਮਲੇ ਭਾਰਤ ਵਿੱਚ ਪਾਏ ਗਏ ਹਨ ਅਤੇ ਭਾਰਤ ਵਿੱਚ 7 ਕਰੋੜ ਤੋਂ ਵੱਧ ਲੋਕ ਸ਼ੂਗਰ ਨਾਲ ਜੂਝ ਰਹੇ ਹਨ, ਜੋ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 8.7 ਫੀਸਦੀ ਹੈ।
            ਡਾ. ਸਿੰਘ ਨੇ ਅੱਗੇ ਦੱਸਿਆ ਕਿ ਸ਼ੂਗਰ ਦੋ ਪ੍ਰਕਾਰ ਦੀ ਹੁੰਦੀ ਹੈ।ਟਾਇਪ-1 ਸ਼ੂਗਰ ਜ਼ਿਆਦਾਤਰ ਜਨਮ ਤੋਂ ਹੁੰਦੀ ਹੈ, ਜਦੋਂ ਕਿ ਟਾਇਪ 2 ਸ਼ੂਗਰ ਦਾ ਕਾਰਨ ਮਾੜੀ ਜੀਵਨ ਸ਼ੈਲੀ ਹੈ।ਟਾਈਪ-2 ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਦੇ ਮੁੱਖ ਕਾਰਨ ਮੋਟਾਪਾ, ਕਸਰਤ ਘੱਟ ਕਰਨਾ, ਗੈਰ-ਸੰਤੁਲਿਤ ਭੋਜਨ, ਤਣਾਅ ਅਤੇ ਪਰਿਵਾਰਕ ਇਤਿਹਾਸ ਹਨ।ਇਸ ਲਈ ਜ਼ਰੂਰੀ ਹੈ ਸੁੰਤਲਿਤ ਭੋਜਨ ਦੀ ਵਰਤੋਂ ਕੀਤੀ ਜਾਵੇ ਅਤੇ ਬਾਹਰੀ ਡੱਬਾਬੰਦ ਭੋਜਨ ਦੀ ਵਰਤੋਂ ਘੱਟ ਤੋਂ ਘੱਟ ਅਤੇ ਹਰ ਰੋਜ਼ ਘੱਟ ਤੋਂ ਘੱਟ ਅੱਧਾ ਘੰਟਾ ਕਸਰਤ ਵੀ ਕੀਤੀ ਜਾਵੇ।
                  ਰੂਰਲ ਮੈਡੀਕਲ ਅਫਸਰ ਡਾ. ਰਣਜੀਤ ਹਰੀਸ਼ ਨੇ ਦੱਸਿਆ ਕਿ ਸ਼ੂਗਰ ਨੂੰ ਕੰਟਰੋਲ ਕਰਕੇ ਮੌਤ ਦੇ ਖਤਰੇ ਨੂੰ ਸਿਹਤਮੰਦ ਖੁਰਾਕਾਂ ਨਾਲ ਘਟਾਇਆ ਜਾ ਸਕਦਾ ਹੈ।ਚੰਗੀ ਨੀਂਦ ਲੈਣਾ ਅਤੇ ਰੋਟੀ, ਪਾਸਟਾ, ਜੰਕ ਅਤੇ ਪ੍ਰੋਸੈਸਡ ਭੋਜਨ ਵਿੱਚ ਰਿਫਾਇੰਡ ਦੀ ਵਰਤੋਂ ਨਾ ਕਰਨਾ ਅਤੇ ਆਹਾਰ ਵਿੱਚ ਤਾਜ਼ੇ ਫਲਾਂ, ਸਬਜ਼ੀਆਂ, ਦਾਲਾਂ, ਨਟਸ ਨੂੰ ਸ਼ਾਮਲ ਕਰਨਾ, ਚਾਹੀਦਾ ਹੈ।
            ਬਲਾਕ ਐਜੂਕੇਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਵਾਰ-ਵਾਰ ਪਿਸ਼ਾਬ ਆਉਣਾ, ਅਚਾਨਕ ਭਾਰ ਘਟ ਜਾਣਾ, ਜ਼ਿਆਦਾ ਭੁੱਖ-ਪਿਆਸ ਲੱਗਣਾ, ਜ਼ਖਮ ਦਾ ਠੀਕ ਨਾ ਹੋਣਾ, ਥਕਾਵਟ ਆਦਿ ਸ਼ੂਗਰ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ।
               ਇਸ ਮੌਕੇ ਮੈਡੀਕਲ ਅਫਸਰ ਡਾ. ਭਵਨੀਤ ਸ਼ਾਰਦਾ, ਡਾ. ਗੁਰਪਿੰਦਰ, ਨਰਸਿੰਗ ਅਫਸਰ ਊਸ਼ਾ ਰਾਣੀ, ਫਾਰਮੇਸੀ ਅਫ਼ਸਰ ਰਾਜਵਿੰਦਰ ਕੌਰ ਸਮੇਤ ਹੋਰ ਸਟਾਫ ਅਤੇ ਆਮ ਲੋਕ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …