ਸਰਕਾਰ ਨੇ ਸੁਸਾਇਟੀ ਨੂੰ ਸਪਲਾਈ ਜਲਦ ਬਹਾਲ ਨਾ ਕੀਤੀ ਤਾਂ ਹੋਵੇਗਾ ਤਿੱਖਾ ਸੰਘਰਸ਼- ਪ੍ਰਧਾਨ ਗਿਆਸਪੁਰਾ
ਸਮਰਾਲਾ, 16 ਦਸੰਬਰ (ਇੰਦਰਜੀਤ ਸਿੰਘ ਕੰਗ) -ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਅੱਜ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਦੀਪ ਸਿੰਘ
ਗਿਆਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ।ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਇਲਾਕੇ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਿੰਡਾਂ ਦੀਆਂ ਖੇਤੀਬਾੜੀ ਸੁਸਾਇਟੀਆਂ ਵਿੱਚ ਯੂਰੀਆ ਖਾਦ ਕਿਸਾਨਾਂ ਨੂੰ ਨਹੀਂ ਮਿਲ ਰਹੀ ਅਤੇ ਪ੍ਰਾਈਵੇਟ ਦੁਕਾਨਾਂ ‘ਤੇ ਜੋ ਯੂਰੀਆ ਆਉਂਦਾ ਹੈ, ਉਸ ਵਿੱਚ ਵੀ ਵੱਡਾ ਸਕੈਂਡਲ ਕੀਤਾ ਜਾ ਰਿਹਾ ਹੈ।ਕੰਪਨੀਆਂ ਧੱਕੇ ਨਾਲ ਦੁਕਾਨਦਾਰਾਂ ਨੂੰ ਯੂਰੀਆ ਖਾਦ ਦੇ ਨਾਲ ਨਾਲ ਫਾਲਤੂ ਸਮਾਨ ਦੇ ਰਹੀਆਂ ਹਨ।ਦੁਕਾਨਦਾਰ ਵੀ ਕਿਸਾਨਾਂ ਨੂੰ ਯੂਰੀਏ ਨਾਲ ਵਾਧੂ ਸਮਾਨ ਮੁੱਲ ਦੇਈ ਜਾ ਰਹੇ ਹਨ।ਜਿਸ ਨਾਲ ਕਿਸਾਨ ਦੂਹਰੀ ਲੁੱਟ ਦਾ ਸ਼ਿਕਾਰ ਰਿਹਾ ਹੈ।ਪ੍ਰੰਤੂ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਅੱਖਾਂ ਮੀਚੀ ਕਿਸਾਨਾਂ ਦੀ ਲੁੱਟ ਕਰਵਾ ਰਹੀ ਹੈ।ਗਿਆਸਪੁਰਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਯੂਰੀਆ ਖਾਦ ਦੀ ਸਪਲਾਈ ਸੁਸਾਇਟੀਆਂ ਵਿੱਚ ਪਹਿਲ ਦੇ ਆਧਾਰ ’ਤੇ ਸ਼ੁਰੂ ਨਾ ਕਰਵਾਈ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਬੀ.ਕੇ.ਯੂ ਕਾਦੀਆਂ ਇੱਕ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੋਹਣ ਸਿੰਘ ਬਾਲਿਓਂ ਪ੍ਰਧਾਨ ਬਲਾਕ ਮਾਛੀਵਾੜਾ, ਨਵਰੋਜ਼ ਸਿੰਘ ਰੋਜ਼ੀ ਬਲਾਕ ਪ੍ਰਧਾਨ ਸਮਰਾਲਾ, ਕੁਲਦੀਪ ਸਿੰਘ ਗੜ੍ਹੀ ਮੀਤ ਪ੍ਰਧਾਨ, ਬਲਜਿੰਦਰ ਹਰਿਓਂ ਖੁਰਦ ਜਨਰਲ ਸਕੱਤਰ, ਬਹਾਦਰ ਸਿੰਘ ਰੋਹਲਾ ਮੀਤ ਪ੍ਰਧਾਨ, ਮਨਪ੍ਰੀਤ ਰੋਹਲਾ ਸਕੱਤਰ, ਗੁਰਮੁੱਖ ਸਿੰਘ ਢੰਡੇ, ਉਜਾਗਰ ਸਿੰਘ ਚਹਿਲਾਂ, ਸ਼ਾਨ ਮਾਂਗਟ, ਲਵਪ੍ਰੀਤ ਸਿੰਘ ਬਾਲਿਓਂ, ਤੇਜਵੰਤ ਬਾਲਿਓਂ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।
Punjab Post Daily Online Newspaper & Print Media