ਪਾਣੀਪਤ ‘ਚ ਮਨਾਇਆ ਜਾਵੇਗਾ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਪੁਰਬ
ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ) – ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਪਵਿੱਤਰ ਜਲ ਹਰਿਆਣਾ ਲਿਆਇਆ ਗਿਆ ਹੈ।ਖੇਡ ਮੰਤਰੀ ਸੰਦੀਪ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਪਹੁੰਚੇ ਦਲ ਨੇ ਪਹਿਲਾਂ ਗੁਰੂ ਘਰ ਸੀਸ ਨਿਵਾਇਆ ਅਤੇ ਫਿਰ ਪਾਣੀਪਤ ਵਿਚ ਆਯੋਜਿਤ ਪ੍ਰਕਾਸ਼ ਉਤਸਵ ਦੇ ਪ੍ਰੋਗਰਾਮ ਦਾ ਸੱਦਾ ਸ੍ਰੀ ਦਰਬਾਰ ਸਾਹਿਬ ‘ਚ ਦਿੱਤਾ।ਇਸ ਦੌਰਾਨ ਕਰਨਾਲ ਦੇ ਸੰਸਦ ਮੈਂਬਰ ਸੰਜੈ ਭਾਟਿਆ ਅਤੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਡਾ. ਅਮਿਤ ਅਗਰਵਾਲ ਵੀ ਉਨਾਂ ਦੇ ਨਾਲ ਰਹੇ।
ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ 24 ਅਪ੍ਰੈਲ ਨੂੰ ਪਾਣੀਪਤ ਦੇ ਸੈਕਟਰ-13, 17 ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ।ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਇਹ ਪਵਿੱਤਰ ਜਲ ਨੂੰ ਲੈ ਕੇ ਜਾਣ ਦਾ ਮੌਕਾ ਮਿਲ ਰਿਹਾ ਹੈ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਸਾਰੇ ਧਰਮਾਂ ਦੇ ਗੁਰੂਆਂ ਦੀ ਜਨਮ ਤੇ ਬਰਸੀ ਨੂੰ ਸ਼ਾਨਦਾਰ ਢੰਗ ਨਾਲ ਮਨਾਉਂਦੀ ਰਹੀ ਹੈ।ਇਸੇ ਲੜੀ ‘ਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਪ੍ਰੋਗਰਾਮ ਦਾ ਸੱਦਾ ਭੇਜਿਆ ਜਾਵੇਗਾ।ਇਸ ਪ੍ਰੋਗਰਾਮ ਵਿਚ ਸੰਤ-ਮਹਾਤਮਾ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ।
ਕਰਨਾਲ ਦੇ ਸੰਸਦ ਮੈਂਬਰ ਸੰਜੈ ਭਾਟਿਆ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਅੱਜ ਉਹ ਹਰਿਆਣਾ ਸਰਕਾਰ ਵਲੋਂ ਪੂਰੇ ਪੰਜਾਬ ਦੀ ਸੰਗਤ ਨੂੰ ਇਸ ਪਵਿੱਤਰ ਉਤਸਵ ਦਾ ਸੱਦਾ ਦੇਣ ਲਈ ਸ੍ਰੀ ਦਰਬਾਰ ਸਾਹਿਬ ਆਏ ਹਨ।ਪਾਣੀਪਤ ਵਿਚ ਪ੍ਰਕਾਸ਼ ਉਤਸਵ `ਚ ਪਹੁੰਚਣ ਵਾਲੀ ਸੰਗਤ ਨੂੰ ਦਰਬਾਰ ਸਾਹਿਬ ਤੋਂ ਲਿਆਂਦਾ ਜਾਣ ਵਾਲਾ ਪਵਿੱਤਰ ਜਲ ਵੀ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਗੁਰੂਆਂ ਦੇ ਇਤਿਹਾਸ ਨਾਲ ਜੁੜੀ ਇਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।
ਹਰਿਆਣਾ ਤੋਂ ਪੁੱਜਾ ਇਹ ਦਲ ਸ਼੍ਰੀ ਗੁਰੂ ਤੇਗ ਬਹਾਦੁਰ ਦੇ ਜਨਮ ਸਥਾਨ ਗੁ. ਗੁਰੂ ਕੇ ਮਹਿਲ ਵੀ ਪਹੁੰਚਿਆ।ਸਾਰਿਆਂ ਨੇ ਗੁਰੂਦੁਆਰੇ ਵਿਚ ਸੀਸ ਨਿਵਾਇਆ ਅਤੇ ਸੂਬੇ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ।
ਪ੍ਰੋਗਰਾਮ ਵਿਚ ਪਹੁੰਚਣਗੇ ਵਿਸ਼ਵ ਦੇ ਮੰਨੇ-ਪ੍ਰਮੰਨੇ ਰਾਗੀ ਅਤੇ ਢਾਡੀ
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਮੌਕੇ `ਤੇ ਵਿਸ਼ਵ ਦੇ ਮੰਨੇ-ਪ੍ਰਮੰਨੇ ਰਾਗੀ ਅਤੇ ਢਾਡੀ ਪਹੁੰਚਣਗੇ।ਪੰਥ ਦੇ ਸਿਰਮੌਰ ਰਾਗੀ ਭਾਈ ਚਮਨਜੀਤ ਸਿੰਘ ਲਾਲ, ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਗਗਨਦੀਪ ਸਿੰਘ ਸ੍ਰੀਗੰਗਾਨਗਰ ਵਾਲੇ ਸ਼ਿਰਕਤ ਕਰਣਗੇ।ਢਾਡੀ ਭਾਈ ਨਿਰਮਲ ਸਿੰਘ ਨੂਰ ਵੀ ਪਹੁੰਚ ਕੇ ਅਮ੍ਰਿਤਮਈ ਕੀਰਤਨ ਤੇ ਵਿਚਾਰਾਂ ਨਾਲ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਣਗੇ।
ਪਾਣੀਪਤ ਵਿਚ ਮਨਾਏ ਜਾ ਰਹੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਮੌਕੇ `ਤੇ ਸੂਬੇ ਹੀ ਨਹੀਂ ਪੂਰੇ ਦੇਸ਼ ਤੋਂ ਸ਼ਰਧਾਲੂ ਪਹੁੰਚਣਗੇ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੁੱਦ ਆਪਣੇ ਜਨਤਕ ਪ੍ਰੋਗਰਾਮਾਂ ‘ਚ ਲੋਕਾਂ ਸਮਾਗਮਾ ਵਿੱਚ ਵੱਧ ਤੋਂ ਵੱਧ ਗਿਣਤੀ ‘ਚ ਪਹੁੰਚਣ ਦਾ ਸੱਦਾ ਦੇ ਰਹੇ ਹਨ।ਹਰਿਆਣਾ ਸਰਕਾਰ ਦੇ ਮੰਤਰੀ ਵੀ ਇਸ ਪ੍ਰੋਗਰਾਮ ਦਾ ਸੱਦਾ ਸ਼ਹਿਰ-ਸ਼ਹਿਰ ਪਹੁੰਚ ਕੇ ਦੇ ਰਹੇ ਹਨ।
ਗੁਰੂ ਦੇ ਲੰਗਰ ਅਤੁੱਟ ਵਰਤਣਗੇ
ਪਾਣੀਪਤ ਦੇ ਸੈਕਟਰ-13, 17 ਵਿਚ ਆਯੋਜਿਤ ਪ੍ਰਕਾਸ਼ ਉਤਸਵ ਦੇ ਪ੍ਰੋਗਰਾਮ ਦੇ ਲਈ 60 ਏਕੜ ਤੋਂ ਵੱਧ ਥਾਂ
‘ਚ ਮੰਚ ਅਤੇ ਸ਼ਰਧਾਲੂਆਂ ਦੇ ਲਈ ਬੈਠਣ ਦੀ ਥਾਂ ਤਿਆਰ ਕੀਤੀ ਗਈ ਹੈ।ਲੰਗਰ ਦੀ ਸੇਵਾ ਸੰਤ-ਮਹਾਪੁਰਸ਼ ਅਤੇ ਖੇਤਰੀ ਸੰਗਤ ਕਰੇਗੀ।