Sunday, July 19, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਡਰੈਂਕ ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 19 ਅਪ੍ਰੈਲ (ਖੁਰਮਣੀਆਂ) – ਉਘੇ ਸਭਿਅਚਾਰ ਵਿਗਿਆਨੀ, ਮਾਹਿਰ ਅਨੁਵਾਦਕ ਅਤੇ ਸਾਹਿਤ ਸਿਧਾਂਤ ਤੇ ਪੰਜਾਬੀ ਆਲੋਚਨਾ ਦੇ ਪ੍ਰਬੱਧ ਵਿਦਵਾਨ, ਡਾ. ਗੁਰਬਖਸ਼ ਸਿੰਘ ਫਰੈਂਕ ਸਾਬਕਾ ਮੁੱਖੀ ਤੇ ਪ੍ਰੋਫੈਸਰ, ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਜੀਵਨ-ਯਾਤਰਾ ਸੰਪਰਨ ਕਰ ਗਏ ਹਨ। ਉਹਨਾਂ ਦੇ ਅਕਾਲ ਚਲਾਣੇ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਮਨਜਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਫਰੈਂਕ ਪੰਜਾਬੀ ਦੇ ਉਹਨਾਂ ਮੁੱਢਲੇ ਵਿਦਵਾਨਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਪੰਜਾਬੀ ਅਧਿਐਨ ਅਤੇ ਅਧਿਆਪਨ ਨੂੰ ਵਿਗਿਆਨਕ ਲੀਹਾਂ ‘ਤੇ ਤੋਰਿਆ।
ਉਨ੍ਹਾਂ ਕਿਹਾ ਕਿ 1935 `ਚ ਜਨਮੇ ਡਾ. ਫਰੈਂਕ ਨੇ ਆਪਣੀ ਉਚੇਰੀ ਸਿੱਖਿਆ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਅਤੇ ਪੀਐਚ.ਡੀ ਦੀ ਡਿਗਰੀ ਇੰਸਟੀਚਿਊਟ ਆਫ਼ ਓਰੀਐਂਟਲ ਸਟੱਡੀਜ਼ ਮਾਸਕੋ ਤੋਂ ਉੱਘੇ ਸਿੱਖਿਆ ਸ਼ਾਸਤਰੀ ਯੇ.ਪਿ ਚੈਲੀਸ਼ੇਵ ਦੀ ਨਿਗਰਾਨੀ ਹੇਠ ਹਾਸਲ ਕੀਤੀ।ਉਹ ਪੰਜਾਬੀ ਅਧਿਐਨ ਅਤੇ ਅਧਿਆਪਨ ਦੇ ਖੇਤਰ ਵਿਚ ਸਭਿਆਚਾਰ ਵਿਗਿਆਨ ਦਾ ਮੁੱਢ ਬੰਨ੍ਹਣ ਵਾਲੇ ਵਿਦਵਾਨ ਸਨ।ਉਹਨਾਂ ਨੇ ਪੰਜਾਬੀ ਚਿੰਤਨ ਜਗਤ ਵਿੱਚ ਆਪਣੀ ਪਹਿਲੀ ਮੌਲਿਕ ਪੁਸਤਕ `ਸਭਿਆਚਾਰ: ਮੁੱਢਲੀ ਜਾਣ-ਪਛਾਣ` (1984) ਨਾਲ ਪ੍ਰਵੇਸ਼ ਕੀਤਾ।ਇਸ ਉਪਰੰਤ `ਸਭਿਆਚਾਰ ਅਤੇ ਪੰਜਾਬੀ ਸਭਿਆਚਾਰ` (1987) ਪੁਸਤਕ ਦੀ ਰਚਨਾ ਕਰਕੇ ਉਹਨਾਂ ਨੇ ਪਹਿਲੀ ਵਾਰ ਪੰਜਾਬੀ ਵਿਚ ਸਭਿਆਚਾਰ ਵਿਗਿਆਨ ਦੇ ਪ੍ਰਮਾਣਿਕ ਸਿਧਾਂਤਾਂ ਨੂੰ ਸੂਤਰਬੱਧ ਕੀਤਾ।ਮਨੱਖੀ ਕਿਰਤ ਦੀ ਕਦਰ ‘ਤੇ ਕੇਂਦਰਿਤ ਮਾਰਕਸਵਾਦੀ ਸੁਹਜ਼ ਸ਼ਾਸਤਰ ਨੂੰ ਦਰਸਾਉਂਦਾ ਪ੍ਰਮਾਣਿਕ ਦਸਤਾਵੇਜ਼ ਉਹਨਾਂ ਦੀ ਪੁਸਤਕ `ਵਿਰੋਧ ਵਿਕਾਸ ਅਤੇ ਸਾਹਿਤ` (1985) ਦੇ ਰੂਪ ਵਿਚ ਸਾਕਾਰ ਹੋਇਆ।
                  ਪੰਜਾਬੀ ਅਕਾਦਮਿਕ ਜਗਤ ਵਿਚ ਡਾ. ਫ਼ਰੈਂਕ ਦੀ ਪਛਾਣ ਇਕ ਪ੍ਰਬੁੱਧ ਸਾਹਿਤ ਚਿੰਤਕ ਅਤੇ ਸਭਿਆਚਾਰ ਵਿਗਿਆਨੀ ਵਜੋਂ ਹੈ, ਪਰ ਪੰਜਾਬੀ ਸਿਰਜਣਾਤਮਕ ਸਾਹਿਤ ਦੇ ਸੁਹਿਰਦ ਪਾਠਕਾਂ ਵਿੱਚ ਉਹਨਾਂ ਦੀ ਪ੍ਰਾਥਮਿਕ ਪਛਾਣ ਅਨੁਵਾਦ ਕਲਾ ਦੇ ਮਾਹਿਰ ਵਜੋਂ ਹੈ।ਉਹ ਮਾਸਕੋ ਵਿਚ 1969 ਤੋਂ 1976 ਤੱਕ ਪੰਜਾਬੀ ਵਿਭਾਗ, ਪ੍ਰਗਤੀ ਪ੍ਰਕਾਸ਼ਨ ਵਿੱਚ ਅਨੁਵਾਦਕ ਅਤੇ ਸੰਪਾਦਕ ਰਹੇ।ਉਹਨਾਂ ਦੁਆਰਾ ਕੀਤੇ ਅਨੁਵਾਦ `ਗੁਰੂਬਖਸ਼`, `ਜੀ. ਸਿੰਘ`, `ਗੁਰਬਖਸ਼ ਸਿੰਘ` ਅਤੇ `ਗੁਰਬਖ਼ਸ਼ ਸਿੰਘ ਫ਼ਰੈਂਕ` ਨਾਵਾਂ ਹੇਠ ਛਪਦੇ ਰਹੇ।ਉਹਨਾਂ ਨੇ ਮਨੁੱਖ ਦੇ ਸਦੀਵੀ ਅਸਤਿੱਤਵੀ ਸਰੋਕਾਰਾਂ ਨੂੰ ਦਰਸਾਉਂਦੀਆਂ ਵਿਸ਼ਵ ਕਲਾਸਕੀ ਸਾਹਿਤ ਦੀਆਂ ਮਹਾਨ ਰਚਨਾਵਾਂ ਦਾ ਪੰਜਾਬੀ ਵਿਚ ਬਾਖੂਬੀ ਅਨੁਵਾਦ ਕੀਤਾ। ਉਹ ਅਨੁਵਾਦ ਕਲਾ ਦੇ ਇੰਨੇ ਮਾਹਿਰ ਸਨ ਕਿ ੳਹਨਾਂ ਦੁਆਰਾ ਅਨੁਵਾਦਤ ਰਚਨਾਵਾਂ ਮੌਲਿਕ ਸਾਹਿਤਕ ਲਿਖਤਾਂ ਪ੍ਰਤੀਤ ਹੁੰਦੀਆਂ ਹਨ।ਰੂਸੀ ਭਾਸ਼ਾ ਦਾ ਮੌਲਿਕ ਗਿਆਨ ਹੋਣ ਕਾਰਨ ਉਹਨਾਂ ਵਲੋਂ ਰੂਸੀ ਦੇ ਮੂਲ ਸੋਮਿਆਂ ਤੋਂ ਪੰਜਾਬੀ ਵਿੱਚ ਕੀਤੇ ਗਏ ਅਨੁਵਾਦ ਉਹਨਾਂ ਦੀ ਅਨੁਵਾਦ ਕਲਾ ਦੇ ਕਮਾਲ ਨੂੰ ਦਰਸਾਉਂਦੇ ਹਨ।ਉਹਨਾਂ ਨੇ ਰਸੂਲ ਹਮਜ਼ਾਤੋਵ ਦੀ ਮਹਾਨ ਪੁਸਤਕ ਦਾ ਪੰਜਾਬੀ ਅਨੁਵਾਦ `ਮੇਰਾ ਦਾਗਿਸਤਾਨ` ਦੇ ਰੂਪ ਵਿਚ ਇੰਨੀ ਪ੍ਰਬੀਨਤਾ ਨਾਲ ਕੀਤਾ ਕਿ ਇਹ ਪੁਸਤਕ ਪੰਜਾਬੀ ਦੇ ਹਰੇਕ ਸੰਜ਼ੀਦਾ ਪਾਠਕ ਦੀ ਚੇਤਨਾ ਵਿੱਚ ਸਦੀਵੀ ਥਾਂ ਬਣਾ ਲੈਂਦੀ ਹੈ।ਉਹਨਾਂ ਨੇ ਲਿਓ ਤਾਲਸਤਾਏ, ਐਂਤੋਨ ਚੈਖ਼ਵ, ਮੈਕਸਿਮ ਗੋਰਕੀ, ਚੰਗੇਜ਼ ਆਇਤਮਾਤੋਵ, ਬੋਰਿਸ ਪੋਲੇਵੋਈ ਅਤੇ ਵ. ਬਰੋਦੋਵ ਜਿਹੇ ਰੂਸੀ ਲੇਖਕਾਂ ਅਤੇ ਮਹਾਮਤਾ ਗਾਂਧੀ, ਜਵਾਹਰ ਲਾਲ ਨਹਿਰੂ ਤੇ ਆਬਿਦ ਹੁਸੈਨ ਵਰਗੇ ਭਾਰਤੀ ਲੇਖਕਾਂ ਦੀਆਂ ਰਚਨਾਵਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ।ਉਹਨਾਂ ਨੇ ਇਹ ਸਾਰੇ ਅਨੁਵਾਦ ਮੂਲ ਸੋਮਿਆਂ ਤੋਂ ਕੀਤੇ।ਉਹਨਾਂ ਦੀ ਪ੍ਰਬੀਨ ਅਨੁਵਾਦ ਕਲਾ ਸਦਕਾ ਸਾਲ 2012 ਵਿਚ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ।
                 ਡਾ. ਗੁਰਬਖਸ਼ ਸਿੰਘ ਫਰੈਂਕ ਦੇ ਅਕਾਲ ਚਲਾਣੇ ‘ਤੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਰਮਿੰਦਰ ਕੌਰ, ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ ਸੋਹਲ ਡਾ. ਬਲਜੀਤ ਕੌਰ ਅਤੇ ਡਾ. ਪਵਨ ਕੁਮਾਰ ਸਹਿਤ ਸਮੂਹ ਅਧਿਆਪਕ ਸਾਹਿਬਾਨ, ਖੋਜ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Check Also

DAV Public School celebrates outstanding success in NEET UG 2026

Amritsar, July 18 (Punjab Post Bureau) – DAV Public School Lawrence Road is proud to …