`ਵਿਸਮਾਦ` ਨਾਲ ਸਿਖਰਾਂ ਨੂੰ ਛੂਹਿਆ ਰੰਗਮੰਚ ਉਤਸਵ
ਅੰਮ੍ਰਿਤਸਰ, 24 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੰਗਮੰਚ ਮੇਲੇ ਦੇ ਆਖ਼ਰੀ ਦਿਨ `ਵਿਸਮਾਦ` ਨਾਟਕ ਦੇ ਮੇਲਾ ਸਿਖਰਾਂ ਨੂੰ ਛੂੰਹਦਾ ਹੋਇਆ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਕਰਵਾਏ ਗਏ।ਇਸ ਤਿੰਨ ਰੋਜ਼ਾ ਰੰਗਮੰਚ ਮੇਲੇ ਨੇ ਯੂਨੀਵਰਸਿਟੀ ਦੇ ਦਰਸ਼ਕਾਂ ਦੇ ਮਨਾਂ ਵਿੱਚ ਕਈ ਸਵਾਲ ਪੈਦਾ ਕਰ ਦਿੱਤੇ ਜੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਦਿਸ਼ਾਵਾਂ ਨੂੰ ਨਵੇਂ ਰਾਹ ਦੇ ਸਕਦੇ ਹਨ।
ਦਸਮੇਸ਼ ਆਡੀਟੋਰੀਅਮ ਵਿੱਚ ਖੇਡੇ ਗਏ ਅੱਜ ਦੇ ਨਾਟਕ `ਵਿਸਮਾਦ` ਤੇ ਪੰਜਾਬ ਦੇ ਉੱਘੇ ਨਾਟਕਕਾਰ ਡਾਇਰੈਕਟਰ ਅਤੇ ਲੇਖਕ ਜਤਿੰਦਰ ਬਰਾੜ ਨੇ ਇਸ ਨਾਟਕ ਦੀ ਪੇਸ਼ਕਾਰੀ ਨੂੰ ਪੰਜਾਬੀ ਰੰਗਮੰਚ ਤੇ ਇਤਿਹਾਸ ਦਾ ਇਕ ਹਾਸਿਲ ਦੱਸਦਿਆਂ ਕਿਹਾ ਕਿ ਇਹ ਪੰਜਾਬੀ ਰੰਗਮੰਚ ਨੂੰ ਨਵੀਂ ਸੇਧ ਦੇਣ ਦਾ ਲਖਾਇਕ ਬਣੇਗਾ।ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਦੇ ਮੰਚ `ਤੇ ਹੁਣ ਤਕ ਪੈਦਾ ਹੋਏ ਵੱਡੇ ਵੱਡੇ ਕਲਾਕਾਰਾਂ ਦੇ ਹਵਾਲੇ ਨਾਲ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਚੇਰੀ ਸਿੱਖਿਆ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਨੂੰ ਸਾਂਭਣ ਦਾ ਕੰਮ ਕੀਤਾ ਹੈ।ਉਨ੍ਹਾਂ ਯੂਨੀਵਰਸਿਟੀ ਵਲੋਂ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਹੋਰ ਉਪਰਾਲਿਆਂ ਦੇ ਨਾਲ ਨਾਲ ਹੋਰਨਾਂ ਖੇਤਰਾਂ ਵਿਚ ਮਾਰੀਆਂ ਗਈਆਂ ਮੱਲਾਂ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਮਨੱਖ ਨੂੰ ਇੱਕ ਚੰਗੀ ਸੋਚ ਦੇਣ ਲਈ ਕਿਸੇ ਨਾ ਕਿਸੇ ਕਲਾ ਦਾ ਸਹਾਰਾ ਲਿਆ ਜਾਂਦਾ ਹੈ ਜਿਸ ਵਿਚੋਂ ਥੀਏਟਰ ਇੱਕ ਪ੍ਰਮੁੱਖ ਸਰੋਤ ਹੈ।ਉਨ੍ਹਾਂ ਯੂਨੀਵਰਸਿਟੀ ਦੇ ਵਿੱਚ ਥੀਏਟਰ ਵਿਭਾਗ ਖੋਲ੍ਹਣ ਦੀ ਪੁਰਜੋਰ ਸਿਫ਼ਾਰਸ਼ ਕੀਤੀ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹ ਹੈ ਜਿਸ ਦੇ ਵਿਚ ਕਲਾ ਦੀ ਕੋਈ ਵੀ ਘਾਟ ਨਹੀਂ ਹੈ ਬੱਸ ਇੱਥੋਂ ਦੇ ਵਿਦਿਆਰਥੀਆਂ ਨੂੰ ਇਕ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਯੂਨੀਵਰਸਿਟੀ ਵਿੱਚ ਹੋਰ ਪ੍ਰੋਗਰਾਮਾਂ ਦੇ ਨਾਲ ਨਾਲ ਰੰਗ-ਮੰਚ ਮੇਲਾ ਕਰਵਾਉਣ ਦੀ ਕੀਤੀ ਗਈ ਸ਼ੁਰੁਆਤ ਨੂੰ ਸ਼ੁੱਭ ਸੰਕੇਤ ਦੱਸਿਆ। ਉਨ੍ਹਾਂ ਪ੍ਰੋ ਦਵਿੰਦਰ ਸਿੰਘ ਉਨ੍ਹਾਂ ਦੇ ਲਿਖੇ ਅਤੇ ਇਮੈਨੂਅਲ ਸਿੰਘ ਦੇ ਡਾਇਰੈਕਟ ਕੀਤੇ ਅਤੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਇਸ ਨਾਟਕ `ਵਿਸਮਾਦ` ਦੇ ਕਈ ਪੱਖਾਂ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਸ ਨਾਟਕ ਨੇ ਜੋ ਸਵਾ ਘੰਟਾ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਕੇ ਰੱਖਣ ਦਾ ਕੰਮ ਕੀਤਾ ਹੈ ਉਹ ਬਾ ਕਮਾਲ ਹੈ।
ਉਚੇਚੇ ਤੌਰ `ਤੇ ਪੁੱਜੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਯੂਨੀਵਰਸਿਟੀ ਦੇ ਵਿਚ ਕਰਵਾਏ ਗਏ ਇਸ ਪਹਿਲੇ ਨਾਟਕ ਮੇਲੇ ਦੇ ਲਈ ਜਿਥੇ ਸਾਰੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਦੇਣ ਹੈ ਕਿ ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਚ ਉਚੇਰੀ ਸਿਖਿਆ ਦੇ ਖੇਤਰ ਦੇ ਨਾਲ ਨਾਲ ਹੋਰ ਖੇਤਰਾਂ `ਤੇ ਵੀ ਬਰਾਬਰ ਧਿਆਨ ਦਿੱਤਾ ਜਿਸ ਕਰਕੇ ਇਹ ਰੰਗਮੰਚ ਮੇਲਾ ਇਤਿਹਾਸਕ ਹੋ ਨਿਬੜਿਆ ਹੈ।
ਯੂਨੀਵਰਸਿਟੀ ਦੇ ਓ.ਐਸ.ਡੀ (ਵਾਈਸ ਚਾਂਸਲਰ) ਪ੍ਰੋ. ਹਰਦੀਪ ਸਿੰਘ ਨੇ ਨਾਟਕ ਦੇ ਸਫਲ ਮੰਚਨ `ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿਚ ਵੀ ਇਸ ਪਿਰਤ ਨੂੰ ਜਾਰੀ ਰੱਖੇਗੀ। ਉਨ੍ਹਾਂ ਡਰਾਮਾ ਕਲੱਬ ਦੇ ਇਸ ਉਪਰਾਲੇ ਨੂੰ ਸਾਕਾਰਤਮਕ ਦੱਸਿਆ ਅਤੇ ਕਿਹਾ ਕਿ ਵਿਦਿਆਰਥੀ ਅਤੇ ਹਾਜਰ ਦਰਸ਼ਕ ਬਹੁਤ ਕੁੱਝ ਸਿੱਖ ਕੇ ਜਾਣਗੇ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਅਸੀਂ ਬਚਪਨ ਤੋਂ ਸੁਣਨਾ ਸ਼ੁਰੂ ਕਰ ਦਿੰਦੇ ਹਾਂ ਪਰ ਅੱਜ ਜਿਸ ਤਰੀਕੇ ਨਾਲ ਸਟੇਜ `ਤੇ ਪੇਸ਼ ਕੀਤਾ ਗਿਆ ਏਨਾ ਦਿਲਚਸਪ ਸੀ ਕਿ ਕਿਸੇ ਵੀ ਸੀਨ ਤੋਂ ਅੱਖ ਵੀ ਝਪਕਣ ਨਹੀਂ ਸੀ ਦਿੱਤੀ ਜਾ ਰਹੀ।
ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਨੇ ਸ਼ਾਇਰਾਨਾ ਅੰਦਾਜ਼ ਵਿਚ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਨਾਟਕੀ ਰੂਪ ਵਿਚ ਪੇਸ਼ ਕਰਨ, ਡਾਇਰੈਕਟਰ ਕਰਨ ਅਤੇ ਕਲਾਕਾਰਾਂ ਵੱਲੋਂ ਖੁਭ ਕੇ ਉਸ ਦਾ ਮੰਚਨ ਕਰਨ ਨੂੰ ਪੰਜਾਬੀ ਰੰਗਮੰਚ ਜਗਤ ਵਿਚ ਨਿਵੇਕਲਾ ਤਜ਼ਰਬਾ ਦੱਸਿਆ ਉਥੇ ਉਨ੍ਹਾਂ ਨੇ ਕਿਹਾ ਕਿ ਬਿਨਾ ਕਹਾਣੀ ਤੋਂ ਦਰਸ਼ਕਾਂ ਨੂੰ ਸਵਾ ਘੰਟੇ ਕਰੀਬ ਆਪਣੇ ਵੱਲ ਖਿੱਚੀ ਰੱਖਣਾ ਇਸ ਨਾਟਕ ਦਾ ਉਹ ਹਾਸਲ ਹੈ ਜਿਹੜਾ ਦਰਸ਼ਕਾਂ ਨੂੰ ਆਪਣੇ ਨਾਲ ਰੱਖੇਗਾ।
ਇਸ ਤੋਂ ਪਹਿਲਾਂ ਆਏ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੈਂਪਸ ਇਸ ਮੇਲੇ ਦੀ ਇਸ ਸਿਖਰ ਦੀ ਪੇਸ਼ਕਾਰੀ ਨਾਲ ਸੋਹਣਾ ਅਤੇ ਸੁੱਚਾ ਹੋ ਗਿਆ ਹੈ ਜੋ ਹਮੇਸ਼ਾ ਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਸਮਝਣ ਵਿਚ ਸਹਾਈ ਹੋਵੇਗਾ। ਉਨ੍ਹਾਂ ਨੇ ਇਸ ਸਮੇਂ ਤਿੰਨ ਦਿਨਾ ਫੈਸਟੀਵਲ ਦੇ ਸਫਰ ਜ਼ਿਕਰ ਕਰਦਿਆਂ ਕਿਹਾ ਕਿ ਪਿਛਲ਼ੇ ਦਿਨ ਹੋਈ ਸੋਲੋ ਨਾਟਕ `ਜੂਠ` ਦੀ ਪੇਸ਼ਕਾਰੀ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਅੱਜ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਅਜਿਹਾ ਬੰਨ੍ਹ ਕੇ ਰੱਖਿਆ ਹੈ ਜਿਸ ਤੋਂ ਉਨ੍ਹਾਂ ਨੂੰ ਇੰਝ ਲਗਦਾ ਰਿਹਾ ਕਿ ਜਿਵੇਂ ਉਹ ਕਿਸੇ ਸਤਸੰਗ ਵਿਚ ਬੈਠੇ ਵਿਸਮਾਦ ਨੂੰ ਛੂਹ ਰਹੇ ਹਨ।
ਡਰਾਮਾ ਕਲੱਬ ਦੇ ਇੰਚਾਰਜ ਡਾ. ਸੁਨੀਲ ਕੁਮਾਰ ਨੇ ਡਰਾਮਾ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਿੰਨ ਦਿਨਾਂ ਦੇ ਰੰਗਮੰਚ ਮੇਲੇ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਦੇ ਲਈ ਇਸ ਕਰਕੇ ਸਫਲਤਾ ਪ੍ਰਾਪਤ ਹੋਈ ਕਿਉਂਕਿ ਇਸ ਵਿਚ ਦਰਸ਼ਕਾਂ ਦੀ ਭਰਪੂਰ ਹਾਜ਼ਰੀ ਤੋਂ ਇਲਾਵਾ ਪੂਰੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦਿਲ ਖੋਲ੍ਹ ਕੇ ਮਦਦ ਕੀਤੀ ਗਈ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …