20 ਖਾਸ ਤਰ੍ਹਾਂ ਦੇ ਰੋਗਾਂ ਨਾਲ ਪੀੜ੍ਹਤ ਮਰੀਜ਼ਾਂ ਦੇ ਕੀਤੇ ਫ੍ਰੀ ਆਪ੍ਰੇਸ਼ਨ – ਡਾ. ਏ.ਪੀ ਸਿੰਘ
ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅੰਮ੍ਰਿਤਸਰ ਵਿਖੇ 5ਵੀਂ ਅੰਤਰਰਾਸ਼ਟਰੀ ਲਾਈਵ ਸਰਜੀਕਲ ਕਾਨਫਰੰਸ ‘ਈ.ਟੈਨ.ਟੀ ਕੋਨਕਲੇਵ 2022’ ਦਾ ਆਯੋਜਨ ਕੀਤਾ ਗਿਆ।ਕਾਨਫਰੰਸ ਵਿੱਚ ਡਾ. ਅਰੁਣ ਬੈਨਿਕ ਡਾਇਰੈਕਟਰ ਨੈਸ਼ਨਲ ਸੈਂਟਰ ਫਾਰ ਡਿਸਅਬਿਲਟੀ ਸਟੱਡੀਜ ਨਵੀਂ ਦਿੱਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਭਾਰਤ ਭਰ ਤੋਂ 300 ਤੋਂ ਵੱਧ ਈ.ਟੈਨ.ਟੀ ਡਾਕਟਰਾਂ ਨੇ ਹਿੱਸਾ ਲਿਆ।ਵਿਸ਼ਵ ਭਰ ਤੋਂ ਆਨਲਾਈਨ ਮਾਧਿਅਮ ਰਾਹੀਂ ਜੁੜੇ ਪ੍ਰਸਿੱਧ ਓਟੋਲਰੀਗੋਲੋਜਿਸਟਸ ਦੁਆਰਾ ਕੀਤੀਆਂ ਗਈਆਂ ਲਾਈਵ ਸਰਜਰੀਆਂ ਰਾਹੀਂ ਅਤੇ ਆਪ੍ਰੇਟਿੰਗ ਫੈਕਿਲਟੀ ਨਾਲ ਸਿੱਧੇ ਤੌਰ ‘ਤੇ ਗੱਲਕਰਕੇ ਆਪਣੇ ਗਿਆਨ ਵਿੱਚ ਹੋਰ ਵਾਧਾ ਕੀਤਾ।ਕਾਨਫਰੰਸ ਵਿੱਚ ਖਾਸ ਤੌਰ ‘ਤੇ ਕੋਵਿਡ ਮਹਾਂਮਾਰੀ ਤੋਂ ਬਾਅਦ ਕੰਨ, ਨੱਕ ਅਤੇ ਗਲੇ ਦੀਆਂ ਬਿਮਾਰੀਆਂ ਦੇ ਅਧਿਐਨ ਅਤੇ ਓਟੋਰਹਿਨੋਗੋਲੋਜੀ ਵਿੱਚ ਆ ਰਹੀਆਂ ਨਵੀਨਤਮ ਤਕਨੀਕਾਂ ਦੇ ਇਸਤੇਮਾਲ ‘ਤੇ ਜੋਰ ਦਿੱਤਾ ਗਿਆ। ਕਾਨਫਰੰਸ ਦਾ ਉਦੇਸ਼ ਦੁਨੀਆਂ ਭਰ ਦੀਆਂ ਉਚ ਕੋਟੀ ਦੀਆਂ ਯੂਨੀਵਰਸਿਟੀਆਂ ਦੇ ਨਾਮਵਰ ਸਰਜਨਾਂ ਦੇ ਨਾਲ-ਨਾਲ ਉਦਯੋਗਾਂ ਅਤੇ ਨਵੀਨਤਮ ਤਕਨੀਕਾ ਨੂੰ ਇਕੱਠਾ ਕਰਕੇ ਭਾਰਤ ਵਿੱਚ ਉੱਚ ਕੋਟੀ ਦੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਨਾ ਹੈ।
ਡਾ. ਅਰੁਣ ਬੈਨਿਕ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਸੰਮੇਲਨ ਦਾ ਹਿੱਸਾ ਬਨਣਾ ਉਨ੍ਹਾਂ ਲਈ ਬੜੇ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਲਾਈਵ ਸਰਜਰੀਆਂ ਆਪ੍ਰੇਟਿੰਗ ਫੈਕਿਲਟੀ ਨਾਲ ਸਿੱਧੇ ਰੂਹ-ਬ-ਰੂਹ ਹੋ ਕੇ ਸਿਖਲਾਈ ਲੈਣ ਦਾ ਦਿਲਚਸਪ ਸਾਧਨ ਹੈ।ਉਨ੍ਹਾਂ ਨੇ ਡਾ. ਏ.ਪੀ ਸਿੰਘ ਵੱਲੋਂ ਕੋਕਲੀਅਰ ਇੰਮਪਲਾਂਟ ਪ੍ਰੋਗਰਾਮ ਵਿੱਚ ਦਿੱਤੇ ਜਾ ਰਹੇ ਯੋਗਦਾਨ ਅਤੇ ਵਿਦਿਆਰਥੀਆਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਪਾਹਿਜ ਮਰੀਜ਼ਾਂ ਦੇ ਇਲਾਜ਼ ਕਰਕੇ ਉਨ੍ਹਾਂ ਨੂੰ ਮੁੜ ਸਮਾਜ ਵਿੱਚ ਆਮ ਲੋਕਾਂ ਵਾਂਗ ਵਿਚਰਨ ਯੋਗ ਬਣਾਉਣ ਲਈ ਇੱਕ ਨਵੀਂ ਯੋਜਨਾ ਬਾਰੇ ਜਾਣਕਾਰੀ ਦਿੱਤੀ।
ਅੰਤਰਰਾਸ਼ਟਰੀ ਲਾਈਵ ਸਰਜੀਕਲ ਕਾਨਫਰੰਸ ਹੋਣ ਕਾਰਨ, ਕਈ ਵੱਖ-ਵੱਖ ਲਾਈਵ ਸਰਜਰੀਆਂ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਡਾ. ਸਤਿਆ ਪ੍ਰਕਾਸ਼ ਦੂਬੇ ਡਾਇਰੈਕਟਰ, ਦਿਵਿਆ ਐਡਵਾਂਸਡ ਈ.ਐਨ.ਟੀ. ਕਲੀਨਿਕ, ਭੋਪਾਲ ਨੇ 3 ਕੋਕਲੀਅਰ ਇਮਪਲਾਂਟ ਸਰਜਰੀਆਂ ਕੀਤੀਆਂ ਡਾ. ਸਤੀਸ਼ ਜੈਨ, ਡਾਇਰੈਕਟਰ, ਜੈਨ ਹਸਪਤਾਲ, ਜੈਪੁਰ ਨੇ 6 ਸਕੱਲ ਬੇਸ ਸਰਜਰੀਆਂ ਕੀਤੀਆਂ ਡਾ. ਰਾਬਰਟ ਵਿਨਸੈਂਟ, ਪ੍ਰੋਫ਼ੈਸਰ, ਕੌਸ ਈਅਰ ਕਲੀਨਿਕ ਫਰਾਂਸ ਦੇ ਪ੍ਰਸਿੱਧ ਅੰਤਰਰਾਸ਼ਟਰੀ ਫੈਕਲਟੀ ਵੱਲੋਂ ਬੋਲੇਪਣ ਦੀ ਬਿਮਾਰੀ ਨਾਲ ਪੀੜਤ 5 ਮਰੀਜ਼ਾਂ ਦੀਆਂ ਸਰਜਰੀਆਂ ਕੀਤੀਆਂ ਗਈਆਂ ਡਾ. ਰਮਨਦੀਪ ਵਿਰਕ, ਪ੍ਰੋਫੈਸਰ, ਪੀ.ਜੀ.ਆਈ. ਨੇ 2 ਲੇਜ਼ਰ ਕੈਂਸਰ ਸਰਜਰੀਆਂ ਕੀਤੀਆਂ ਅਤੇ ਡਾ. ਹੇਟਲ ਐਮ ਪਟੇਲ, ਪ੍ਰੋਙੈਸਰ ਤੇ ਮੁੱਖੀ, ਕੇ.ਈ.ਐਮ. ਮੈਡੀਕਲ ਕਾਲਜ, ਮੁੰਬਈ ਨੇ 4 ਓਸੀਕੁਲੋਪਲਾਸਟੀ ਸਰਜਰੀਆਂ ਕੀਤੀਆਂ
ਡਾ. ਏ.ਪੀ. ਸਿੰਘ ਨੇ ਸੰਸਥਾਂ ਵੱਲੋਂ ਆਏ ਹੋਏ ਸਾਰੇ ਓਟੋਲਰੀਨਗੋਲੋਜੀ ਖੋਜਕਾਰਾਂ, ਉਦਯੋਗਪਤੀਆਂ, ਡਾਕਟਰਾਂ, ਨੌਜਵਾਨ ਵਿਗਿਆਨੀਆਂ ਦੇ ਨਾਲ-ਨਾਲ ਵਿਦਿਆਰਥੀ ਅਤੇ ਕਾਰਪੋਰੇਟ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ‘ਜੀ ਆਇਆ’ ਕਿਹਾ।ਉਨ੍ਹਾਂ ਕਿਹਾ ਕਿ ਕਾਨਫਰੰਸ ਵਿੱਚ 20 ਮਰੀਜ਼ਾਂ ਨੇ ਨਾਮਵਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਰਜਨਾਂ ਦੁਆਰਾ ਮੁਫਤ ਆਪ੍ਰੇਸ਼ਨ ਕਰਵਾ ਕੇ ਲਾਹਾ ਲਿਆ।ਉਨ੍ਹਾਂ ਕਿਹਾ ਕਿ ਡਾ. ਸੰਦੀਪ ਸ਼ਰਮਾ ਦੁਆਰਾ ਲਗਾਈ ਵਰਟਿਗੋ ਵਰਕਸ਼ਾਪ ਕਾਨਫਰੰਸ ਦਾ ਵਿਸ਼ੇਸ਼ ਕੇਂਦਰ ਸੀ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਚੱਕਰ (ਵਰਟਿਗੋ) ਆਉਣ ਵਾਲੇ ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਸਥਾਨਕ ਡਾਕਟਰਾਂ ਨੂੰ ਆਮ ਜਨਤਾ ਵਿੱਚ ਚੱਕਰ ਆਉਣ ਦੀ ਜਾਂਚ ਅਤੇ ਇਸ ਦੇ ਇਲਾਜ ਲਈ ਖਾਸ ਸਿਖਲਾਈ ਦਿੱਤੀ ਗਈ।ਉਨ੍ਹਾਂ ਕਿਹਾ ਕਿ ਵਰਟਿਗੋ ਦਾ ਇਲਾਜ ਮੁਹਾਰਤ ਹਾਸਲ ਕਰਨ ਦਾ ਅਗਲਾ ਖੇਤਰ ਹੈ, ਜਿਸ ਦੇ ਇਲਾਜ ਤੇ ਸਿਖਲਾਈ ‘ਚ ਮੌਜੂਦ ਕਮੀਆਂ ਨੂੰ ਐਸ.ਜੀ.ਆਰ.ਡੀ ਵਿਖੇ ਦੂਰ ਕਰਕੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਨਿਪੁੰਨ ਕੀਤਾ ਜਾਵੇਗਾ।
ਇਸ ਮੌਕੇ ਤੇ ਡਾ. ਏ.ਪੀ. ਸਿੰਘ, ਡੀਨ, ਡਾ. ਦਲਜੀਤ ਸਿੰਘ, ਵਾਈਸ ਚਾਂਸਲਰ, ਡਾ. ਮਨਜੀਤ ਸਿੰਘ ਉਪਲ ਡਾਇਰੈਕਟਰ ਪ੍ਰਿੰਸੀਪਲ, ਡਾ. ਏ.ਐਸ ਸੂਦ ਪ੍ਰੋਫੈਸਰ ਤੇ ਮੁੱਖੀ ਈ.ਐਨ.ਟੀ ਵਿਭਾਗ, ਈ.ਐਨ.ਟੀ ਵਿਭਾਗ ਤੋਂ ਡਾ. ਜਸਕਰਨ ਸਿੰਘ ਗਿੱਲ, ਡਾ. ਪੂਜਾ ਸਿੰਘ, ਡਾ. ਕਿਰਨ ਰਾਓ, ਡਾ. ਭਾਨੂ ਭਾਰਦਵਾਜ, ਡਾ. ਸੁਮੰਨਥ ਸਿੰਗਲਾ ਅਤੇ ਹੋਰ ਸਖਸ਼ੀਅਤਾਂ ਮੌਜ਼ੂਦ ਸਨ।