Sunday, April 28, 2024

ਯਾਦਗਾਰੀ ਹੋ ਨਿਬੜਿਆ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਬਰਸੀ ਸਮਾਗਮ

ਸਮਰਾਲਾ, 29 ਮਈ (ਇੰਦਰਜੀਤ ਸਿੰਘ ਕੰਗ) – ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਵਲੋਂ ਸਰਕਾਰੀ ਹਾਈ ਸਕੂਲ ਉਟਾਲਾਂ ਵਿਖੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਦੂਸਰੀ ਬਰਸੀ ਦੇ ਸਬੰਧ ਵਿੱਚ ਇੱਕ ਸ਼ਾਨਦਾਰ ਸਾਹਿਤਕ ਤੇ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ।ਪ੍ਰਧਾਨਗੀ ਮੰਡਲ ਮੰਚ ‘ਤੇ ਸਸ਼ੋਭਿਤ ਕਰਨ ਉਪਰੰਤ ਸਮਾਗਮ ਦੀ ਅਰੰਭਤਾ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸ਼ਬਦ ਗਾਇਨ ਦੁਆਰਾ ਕੀਤੀ ਗਈ।ਸਕੂਲ ਦੇ ਮੁੱਖ ਅਧਿਆਪਕ ਮੇਘ ਸਿੰਘ ਜਵੰਦਾ ਨੇ ਸਾਰੇ ਮਹਿਮਾਨਾਂ ਨੂੰ ਹਾਰਦਿਕ ‘ਜੀ ਆਇਆ’ ਆਖਦਿਆਂ ਇਸ ਸਮਾਗਮ ਲਈ ਉਟਾਲਾਂ ਸਕੂਲ ਨੂੰ ਚੁਣਨ ਤੇ ਯਾਦਗਾਰੀ ਕਮੇਟੀ ਦਾ ਧੰਨਵਾਦ ਕੀਤਾ।ਸਕੂਲ ਦੇ ਸੱਤ ਵਿਦਿਆਰਥੀਆਂ ਨੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀਆਂ ਕਵਿਤਾਵਾਂ ਇਮਤਿਹਾਨ, ਲੋਕ, ਝੱਖੜ ਤੋਂ ਬਾਅਦ, ਤਰੱਕੀ, ਵਿਦਿਆਰਥੀ, ਵਿਸਾਖੀ ਦੀ ਅਵਾਜ਼, ਹਾਲੀ ਤਾਂ ਦਿਹੁੰ ਬਾਕੀ ਹੈ ਦਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਉਚਾਰਨ ਕੀਤਾ ਅਤੇ ਹਰਜੋਤ ਕੌਰ ਨੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੇ ਜੀਵਨ ਅਤੇ ਵਿਚਾਰਧਾਰਾ ਉਪਰ ਵਿਸਥਾਰਪੂਰਵਕ ਲੇਖ ਪੜ੍ਹਿਆ ਜਿਸ ਨੂੰ ਰੱਜ਼ਵੀਂ ਦਾਦ ਮਿਲੀ।
               ਲੇਖਕ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਪ੍ਰੋ. ਹਮਦਰਦਵੀਰ ਨਾਲ ਆਪਣੀ ਵਿਚਾਰਧਾਰਕ ਸਾਂਝ ਅਤੇ ਉਨ੍ਹਾਂ ਨਾਲ ਗੁਜ਼ਾਰੇ ਨਿੱਘੇ ਪਲਾਂ ਦਾ ਬੜੇ ਭਾਵੁਕ ਅੰਦਾਜ਼ ਵਿੱਚ ਜ਼ਿਕਰ ਕੀਤਾ।ਲਿਖਾਰੀ ਸਭਾ ਰਾਮਪੁਰ ਦੇ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਬੌਂਦਲੀ ਕਾਲਜ ਵਿੱਚ ਪ੍ਰੋ. ਹਮਦਰਦਵੀਰ ਦੇ ਵਿਦਿਆਰਥੀ ਹੋਣ ਦੇ ਨਾਤੇ ਉਨ੍ਹਾਂ ਦੀਆਂ ਲਿਖਤਾਂ ਦੇ ਪ੍ਰਭਾਵ ਅਤੇ ਉਨ੍ਹਾਂ ਦੀ ਅਗਾਂਹਵਧੂ ਇਨਕਲਾਬੀ ਵਿਚਾਰਧਾਰਾ ਦਾ ਪੁਰਜ਼ੋਰ ਸਮੱਰਥਨ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰਿੰ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਆਖਿਆ ਕਿ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਇੱਕ ਅਜਿਹਾ ਨਿਧੜਕ ਤੇ ਬੇਬਾਕ ਲੇਖਕ ਸੀ, ਜੋ ਪੰਜਾਬ ਵਿਚਲੇ ਕਾਲੇ ਸਮਿਆਂ ਦੇ ਦੌਰ ਵਿੱਚ ਨਾ ਥਿੜਕਿਆ, ਨਾ ਡਰਿਆ, ਸਗੋਂ ਉਸਨੇ ਹੋਰ ਬੁਲੰਦ ਆਵਾਜ਼ ਵਿੱਚ ਆਪਣੀ ਮਾਰਕਸਵਾਦੀ ਦ੍ਰਿਸ਼ਟੀ ਅਤੇ ਗੁਰੂ ਸਾਹਿਬਾਨ ਦੇ ਮਨੁੱਖੀ ਭਾਈਚਾਰੇ ਦੀ ਇਕਜੁੱਟਤਾ ਦੇ ਸੰਦੇਸ਼ ਨੂੰ ਦ੍ਰਿੜ ਕਰਵਾਇਆ ਅਤੇ ਇਸ ਸਮੇਂ ਉਨ੍ਹਾਂ ਦੀ ਕਹਾਣੀ ‘ਖ਼ਜਾਨੇ ਭਰਪੂਰ ਰਹਿਣ’ ਦਾ ਪਾਠ ਕੀਤਾ, ਜਿਸ ਨੂੰ ਸਰੋਤਿਆਂ ਵਲੋਂ ਬੇਹੱਦ ਸਲਾਹਿਆ ਗਿਆ।
                   ਮੰਚ ਸੰਚਾਲਨ ਦੀ ਜ਼ਿੰਮੇਵਾਰੀ ਯਾਦਗਾਰੀ ਕਮੇਟੀ ਦੇ ਸਕੱਤਰ ਹਰਜਿੰਦਰਪਾਲ ਸਿੰਘ ਨੇ ਬਾਖੂਬੀ ਨਿਭਾਈ ਅਤੇ ਨਾਲ ਹੀ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨਾਲ ਸਦੀਵੀ ਵਿਛੋੜੇ ਤੋਂ ਚੰਦ ਮਿੰਟ ਪਹਿਲਾਂ ਬਿਤਾਏ ਪਲ਼ਾਂ ਨੂੰ ਵੀ ਚੇਤੇ ਕੀਤਾ। ਉਪਰੰਤ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਸਲਾਨਾ ਇਮਤਿਹਾਨਾਂ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਤੋਂ ਇਲਾਵਾ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀਆਂ ਕਵਿਤਾਵਾਂ ਦਾ ਉਚਾਰਨ ਕਰਨ ਵਾਲੇ ਸੱਤ ਵਿਦਿਆਰਥੀਆਂ, ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਦੇ ਤਿੰਨ ਜੇਤੂਆਂ ਅਤੇ ਹੋਰ ਵੱਖ ਵੱਖ ਗਤੀਵਿਧੀਆਂ ਵਿੱਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
                  ਇਸ ਮੌਕੇ ਯਾਦਗਾਰੀ ਕਮੇਟੀ ਦੇ ਮੈਂਬਰ ਲਖਬੀਰ ਸਿੰਘ ਬਲਾਲਾ, ਮਾਸਟਰ ਪੁਖਰਾਜ ਸਿੰਘ ਘੁਲਾਲ ਅਤੇ ਕਰਮਜੀਤ ਆਜ਼ਾਦ ਤੋਂ ਇਲਾਵਾ ਸਰਪੰਚ ਪ੍ਰੇਮਵੀਰ ਸੱਦੀ, ਭਾਈ ਪਰਮਜੀਤ ਸਿੰਘ ਖੜਕ, ਸਮਾਜਸੇਵੀ ਕੁਲਦੀਪ ਸਿੰਘ, ਇੰਦਰਜੀਤ ਸਿੰਘ ਕੰਗ, ਦੀਪ ਦਿਲਬਰ, ਅਵਤਾਰ ਉਟਾਲ, ਮਾਸਟਰ ਦਲੀਪ ਸਿੰਘ, ਬੰਤ ਸਿੰਘ ਖਾਲਸਾ, ਮੈਨੇਜਰ ਕਰਮਚੰਦ, ਹਰਮਨ ਸਿੰਘ ਕੋਟਲਾ ਸਮਸ਼ਪੁਰ, ਸਨੀ ਕੰਗ, ਸਕੂਲ ਦਾ ਸਮੂਹ ਸਟਾਫ, ਵਿਦਿਆਰਥੀ, ਪਿੰਡ ਦੇ ਪਤਵੰਤੇ ਅਤੇ ਬੱਚਿਆਂ ਦੇ ਮਾਪੇ ਵੀ ਵੱਡੀ ਗਿਣਤੀ ‘ਚ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਲਈ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ’ਤੇ ਵਰਕਸ਼ਾਪ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …