ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਅੰਮ੍ਰਿਤਸਰ ਤੋਂ ਵਿਧਾਇਕ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਅੰਮ੍ਰਿਤਸਰ ਦੇ
ਅਕਾਦਮਿਕ ਪ੍ਰਬੰਧਕੀ ਬਲਾਕ ਲਈ ਲੋੜੀਂਦੀ ਜ਼ਮੀਨ ਅਧਿਗ੍ਰਹਿਣ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਤੇ ਮਨਮੋਹਣ ਸਿੰਘ ਬਰਾੜ ਸਰਪ੍ਰਸਤ, ਹਰਦੀਪ ਸਿੰਘ ਚਾਹਲ ਪ੍ਰਧਾਨ ਅਤੇ ਰਾਜਵਿੰਦਰ ਸਿੰਘ ਗਿੱਲ ਨੇ ਜਨਰਲ ਸਕੱਤਰ ਨੇ ਅੱਜ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਮੰਚ ਦੀਆਂ ਨਿਰੰਤਰ ਤੇ ਦ੍ਰਿੜ ਕੋਸ਼ਿਸ਼ਾਂ ਸਦਕਾ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੰਮ੍ਰਿਤਸਰ ਵਿਖੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਅੰਮ੍ਰਿਤਸਰ ਦੀ ਸਥਾਪਨਾ ਲਈ ਇੱਕ ਇਤਿਹਾਸਕ ਕਾਰਜ਼ ਨੇਪਰੇ ਚਾੜ੍ਹਿਆ ਗਿਆ ਹੈ।
ਉਨਾਂ ਕਿਹਾ ਕਿ ਸਮੁੱਚੇ ਪੰਜਾਬੀਆਂ ਖਾਸ ਕਰਕੇ ਜਿਲ੍ਹਾ ਅੰਮ੍ਰਿਤਸਰ ਦੇ ਕਿਸਾਨੀ ਵਰਗ ਲਈ ਇਹ ਬਹੁਤ ਹੀ ਖੁਸ਼ੀ ਦੀ ਖਬਰ ਹੈ ਕਿ ਕੌਮੀ ਪੱਧਰ ਦੇ ਇਸ ਪ੍ਰਤਿਸ਼ਠਤ ਬਾਗਬਾਨੀ ਸੰਸਥਾਨ ਵਿੱਚ 100 ਤੋਂ ਵੱਧ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਾਗਬਾਨੀ ਵਿਗਿਆਨੀ (ਵਿਸ਼ੇਸ਼ ਕਰਕੇ ਫ਼ਲ ਅਤੇ ਸਬਜ਼ੀਆਂ) ਇਸ ਖੇਤਰ ਵਿੱਚ ਨਵੀਨਤਮ ਖੋਜ਼ਾਂ ਅਤੇ ਤਕਨੀਕਾਂ ਵਿਕਸਤ ਕਰਕੇ ਖੇਤੀਬਾੜੀ ਵਿੱਚ ਕ੍ਰਾਂਤੀਕਾਰੀ ਤਰੱਕੀ ਦੀਆਂ ਸੰਭਾਵਨਾਵਾਂ ਦਾ ਬਾਇਸ ਬਣਨਗੇ।ਜਿਸ ਨਾਲ ਪੰਜਾਬ ਅਤੇ ਇਸ ਦੇ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ ਦੇ ਕਿਸਾਨ ਇਸ ਬਾਗਬਾਨੀ ਸੰਸਥਾਨ ਦੀਆਂ ਖੋਜਾਂ ਨੂੰ ਅਪਣਾ ਕੇ ਪ੍ਰੰਪਰਕ ਖੇਤੀ ਨੂੰ ਆਧੁਨਿਕ ਅਤੇ ਲਾਹੇਵੰਦ ਲੀਹਾਂ ‘ਤੇ ਪਾ ਕੇ ਆਰਥਿਕ ਬੁਲੰਦੀਆਂ ਨੂੰ ਛੂਹਣ ਦੇ ਕਾਬਲ ਹੋ ਜਾਣਗੇ।
ਆਗੂਆਂ ਨੇ ਕਿਹਾ ਕਿ ਕਣਕ-ਝੋਨੇ ਦੇ ਇਸ ਵਾਤਾਵਰਨ-ਮਾਰੂ ਚੱਕਰ ਵਿਚੋਂ ਨਿਜ਼ਾਤ ਪਾ ਕੇ ਅਤੇ ਖੇਤੀ ਵਿਭਿੰਨਤਾਵਾਂ ਨੂੰ ਅਪਣਾਉਣ ਸਦਕਾ ਮੁੜ ਆਰਗੈਨਿਕ ਖੇਤੀਬਾੜੀ ਪੰਜਾਬ ‘ਚ ਪੁਨਰ-ਸੁਰਜੀਤ ਹੋਣ ਦੀਆਂ ਸੰਭਾਵਨਾਵਾਂ ਪੈਦਾ ਕਰਨ ਵਿੱਚ ਇਹ ਖੇਤੀਬਾੜੀ ਸੰਸਥਾਨ ਸਹਾਈ ਹੋਵੇਗਾ।ਫ਼ਲਾਂ ਅਤੇ ਸਬਜ਼ੀਆਂ ਦੇ ਪ੍ਰੋਸੈਸਿੰਗ ਉਦਯੋਗਾਂ ਦੀ ਸਥਾਪਨਾ ਦੀਆਂ ਵੀ ਇਸ ਨਾਲ ਪੂਰੀਆਂ ਆਸਾਂ ਹਨ।
ਉਨਾਂ ਕਿਹਾ ਕਿ ਸਾਲ 2015 ਵਿੱਚ ਤਤਕਾਲੀ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ‘ਚ ਇਹ ਸੰਸਥਾਨ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਸੀ।ਉਸੇ ਸਾਲ ਹੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਨੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਅਟਾਰੀ ਵਿਖੇ 100 ਏਕੜ ਅਤੇ ਅਬੋਹਰ ਵਿਖੇ 50 ਏਕੜ ਜ਼ਮੀਨ ਖੋਜ਼ ਕਾਰਜ਼ਾਂ ਲਈ ਅਧਿਕਾਰਤ ਕੇਂਦਰੀ ਅਦਾਰੇ ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰੀਸਰਚ ਨਵੀਂ ਦਿੱਲੀ ਦੇ ਨਾਂ ਤਬਦੀਲ ਕਰ ਦਿੱਤੀ ਸੀ।ਪ੍ਰੰਤੂ ਇਸ ਸੰਸਥਾ ਦੇ ਪ੍ਰਬੰਧਕੀ ਅਤੇ ਅਕਾਦਮਿਕ ਬਲਾਕਾਂ ਦੀ ਉਸਾਰੀ ਲਈ ਅੰਮ੍ਰਿਤਸਰ-ਅਟਾਰੀ ਸੜਕ ‘ਤੇ ਪਿੰਡ ਛਿੱਡਣ ਵਿਖੇ 32 ਏਕੜ ਜ਼ਮੀਨ ਖਰੀਦਣ ਖਰੀਦਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਪੂਰੇ ਪੰਜ ਸਾਲਾਂ ਦੌਰਾਨ ਕੋਈ ਦਿਲਚਸਪੀ ਨਹੀਂ ਸੀ ਦਿਖਾਈ।
ਅੰਮ੍ਰਿਤਸਰ ਵਿਕਾਸ ਮੰਚ ਦੇ ਆਗੁਆਂ ਨੇ ਕੌਮੀ ਪੱਧਰ ਦੇ ਇਸ ਪੋਸਟ ਗਰੈਜੂਏਟ ਇੰਸਟੀਚਿਊਟ ਦੀ ਸਥਾਪਨਾ ਲਈ ਮੁੱਖ ਮੰਤਰੀ ਅਤੇ ਬਾਗਬਾਨੀ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ-ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਦੀ ਵਿਸ਼ੇਸ਼ ਭੂਮਿਕਾ ਲਈ ਧੰਨਵਾਦ ਕੀਤਾ ਹੈ।