ਸਕੂਲ ਦੀ ਵਿਦਿਆਰਥਣ ਪ੍ਰਭਦੀਪ ਦਾ 98.6% ਅੰਕ ਹਾਸਲ ਕਰਕੇ ਜ਼ਿਲ੍ਹੇ ‘ਚ ਦੂਸਰਾ ਤੇ ਸੂਬੇ ‘ਚੋਂ ਪੰਜਵਾਂ ਸਥਾਨ
ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਸ਼ੇ੍ਰਣੀ ਸੈਸ਼ਨ 2021-22 ਦੇ ਐਲਾਨੇ ਗਏ ਨਤੀਜੇ ਵਿਚੋਂ ਗੁਰੂ ਨਗਰੀ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦਾ ਨਤੀਜਾ ਬਿਹਤਰੀਨ ਰਿਹਾ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਪ੍ਰਭਦੀਪ ਨੇ 98.6% ਅੰਕ ਪ੍ਰਾਪਤ ਕਰਕੇ ਨਾ ਸਿਰਫ ਸਕੂਲ ਵਿਚੋਂ ਪਹਿਲਾ ਸਥਾਨ ਬਲਕਿ ਜ਼ਿਲ੍ਹੇ ਵਿਚੋਂ ਦੂਸਰਾ ਸਥਾਨ ਅਤੇ ਸੂਬੇ ਦੀ ਮੈਰਿਟ ਲਿਸਟ ਵਿਚ ਪੰਜਵਾਂ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਅਧਿਆਪਕਾਂ ਦਾ ਨਾਮ ਰੌਸ਼ਣ ਕੀਤਾ।ਸਕੂਲ ਦੀ ਵਿਦਿਆਰਥਣਾਂ ਪ੍ਰਭਰੂਪ ਕੌਰ, ਹਰਸਾਹਿਬ ਕੌਰ ਅਤੇ ਕਿਰਨ ਨੇ 97% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਪ੍ਰਿਅੰਕਾ ਸ਼ਰਮਾ ਨੇ 96% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੇ ਲਗਭਗ 538 ਵਿਦਿਆਰਥਣਾਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਜਿਨ੍ਹਾਂ `ਚੋਂ 125 ਵਿਦਿਆਰਥਣਾਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ, 337 ਵਿਦਿਆਰਥਣਾਂ ਨੇ 80% ਤੋਂ 90% ਅੰਕ ਹਾਸਲ ਕੀਤੇ ਅਤੇ 73 ਵਿਦਿਆਰਥਣਾਂ ਨੇ 70% ਤੋਂ 80% ਅੰਕ ਹਾਸਲ ਕਰਕੇ ਸਕੂਲ ਦੀ ਮਿਆਰੀ ਸਿੱਖਿਆ ਪ੍ਰਣਾਲੀ ਦਾ ਸਬੂਤ ਦਿੱਤਾ।ਜਿਸ ਦਾ ਸਿਹਰਾ ਸਕੂਲ ਦੇ ਮਿਹਨਤੀ ਅਤੇ ਪ੍ਰਤਿਬੱਧ ਅਧਿਆਪਕਾਂ ਦੇ ਸਿਰ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜੁਗਰਾਜ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਦੀ ਸਮੁੱਚੀ ਟੀਮ ਨੇ ਸਕੂਲ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।