Sunday, June 23, 2024

ਗਲੀਆਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਸਰਕਾਰੀ ਸੜਕਾਂ ‘ਤੇ ਲੱਗੇ ਲੋਹੇ ਦੇ ਗੇਟ ਹਟਾਏ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ) – ਅੰਮ੍ਰਿਤਸਰ ਨਗਰ ਨਿਗਮ ਸੰਯੁਕਤ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਮੁਹੱਲਾ ਵਿਕਾਸ ਕਮੇਟੀ ਅਜੀਤ ਨਗਰ ਸੁਲਤਾਨਵਿੰਡ ਰੋਡ ਦੀ ਸ਼ਿਕਾਇਤ ‘ਤੇ ਕੀਤੀ ਗਈ ਕਾਰਵਾਈ ਤਹਿਤ ਵਾਰਡ ਨੰ 46 ਵਿਖੇ ਅਜੀਤ ਨਗਰ ਸੁਲਤਾਨਵਿੰਡ ਰੋਡ ਦੀਆਂ ਗਲੀਆਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਸਰਕਾਰੀ ਸੜਕਾਂ ਉਤੇ ਲੱਗੇ 6 ਲੋਹੇ ਦੇ ਗੇਟਾਂ ਨੂੰ ਅੱਜ ਸਵੇਰੇ ਦੋ ਡਿੱਚ ਮਸ਼ੀਨਾਂ ਦੀ ਮਦਦ ਨਾਲ ਹਟਾ ਦਿੱਤਾ ਗਿਆ।ਡਿਊਟੀ ਮੈਜਿਸਟਰੇਟ ਸ਼੍ਰੀਮਤੀ ਅਰਚਨਾ ਸ਼ਰਮਾ ਨਾਇਬ ਤਹਿਸੀਲਦਾਰ ਅੰਮ੍ਰਿਤਸਰ-1 ਅਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਅਸਟੇਟ ਵਿਭਾਗ, ਐਮ.ਟੀ.ਪੀ ਵਿਭਾਗ, ਨਗਰ ਨਿਗਮ ਪੁਲਿਸ ਅਤੇ ਜਿਲ੍ਹਾ ਪੁਲਿਸ ਵਲੋਂ ਇਹ ਕਾਰਵਾਈ ਅੰਜ਼ਾਮ ਦਿੱਤੀ ਗਈ, ਜੋ ਤਕਰੀਬਨ 2 ਘੰਟੇ ਚੱਲੀ।
                ਸੰਯੁਕਤ ਕਮਿਸ਼ਨਰ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਹੈ ਕਿ ਇਹਨਾ ਗੇਟਾਂ ਕਾਰਨ ਮੁਹੱਲੇ ਵਾਲੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਅਜੀਤ ਨਗਰ ਵਿਖੇ ਵੱਖ-ਵੱਖ ਸਾਈਡਾਂ ‘ਤੇ ਲੱਗੇ 6 ਗੇਟਾਂ ਨੂੰ ਹਟਾਉਣ ਦੀ ਕਾਰਵਾਈ ਦੌਰਾਨ ਨਗਰ ਨਿਗਮ ਟੀਮ ਨੂੰ ਕੁੱਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।ਜਿਸ ਕਾਰਨ ਕੁੱਝ ਸਮੇਂ ਲਈ ਇਸ ਕਾਰਵਾਈ ਨੂੰ ਰੋਕਣਾ ਪਿਆ।ਪ੍ਰੰਤੂ ਉੇਥੇ ਹਾਜ਼ਰ ਐਡੀਸ਼ਨਲ ਐਸ.ਐਚ.ਓ ਪਵਨ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਹਾਲਾਤ ਬੜੀ ਸਿਆਣਪ ਨਾਲ ਸੰਭਾਲ ਕੇ ਕਾਰਵਾਈ ਨੂੰ ਨਿਰਵਿਘਨ ਨੇਪਰੇ ਚਾੜਿਆ।
               ਇਸੇ ਦੌਰਾਨ ਸੰਯੁਕਤ ਕਮਿਸ਼ਨਰ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਜਮੀਨਾਂ/ ਫੁੱਟਪਾਥਾਂ/ ਦੁਕਾਨਾਂ ਦੇ ਬਾਹਰ ਤੇ ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰਨ।ਅਜਿਹਾ ਕਰਨ ਵਾਲਿਆਂ ਖਿਲ਼ਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਕਾਰਵਾਈ ਸਮੇਂ ਰਾਜ ਕੁਮਾਰ ਇੰਸਪੈਕਟਰ, ਸਤਨਾਮ ਸਿੰਘ ਇੰਸਪੈਕਟਰ, ਅਰੁਣ ਸਹਿਜਪਾਲ ਵਿਭਾਗੀ ਅਮਲਾ, ਅਰਵਿੰਦਰ ਸਿੰਘ ਅਤੇ ਨਗਰ ਨਿਗਮ ਦੀ ਪੁਲਿਸ ਫੋਰਸ ਮੌਜ਼ੂਦ ਸੀ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …