Thursday, September 28, 2023

6 ਖਿਡਾਰੀਆਂ ਦੀ ‘ਜੂਨੀਅਰ ਨੈਸ਼ਨਲ ਸਵਿਮਿੰਗ ਕੈਂਪ’ ਲਈ ਹੋਈ ਚੋਣ

ਖਾਲਸਾ ਕਾਲਜ਼ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ

ਅੰਮ੍ਰਿਤਸਰ, 3 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ ਤੈਰਾਕੀ ਤੇ ਵਾਟਰਪੋਲੋ ਚੈਂਪੀਅਨਸ਼ਿਪ ’ਚ ‘ਜੂਨੀਅਰ ਨੈਸ਼ਨਲ ਸਵੀਮਿੰਗ ਕੈਂਪ’ ਲਈ ਚੁਣੇ ਗਏ 6 ਖਿਡਾਰੀਆਂ (ਲੜਕਿਆਂ) ਦੀ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਹੌਂਸਲਾ ਅਫ਼ਜਾਈ ਕਰਦਿਆਂ ਉਕਤ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ।’ਵਰਸਿਟੀ ਵਿਖੇ ਆਯੋਜਿਤ ਉਕਤ ਚੈਂਪੀਅਨਸ਼ਿਪ ਜਿਸ ਦਾ ਉਦਘਾਟਨ ਡਾ. ਮਹਿਲ ਸਿੰਘ ਵਲੋਂ ਕੀਤਾ ਗਿਆ।ਸੂਬੇ ਭਰ ’ਚੋਂ 14 ਤੇ 17 ਤੋਂ ਘੱਟ ਉਮਰ ਵਰਗ ਦੇ ਕਰੀਬ 250 ਖਿਡਾਰੀਆਂ (ਲੜਕੇ ਅਤੇ ਲੜਕੀਆਂ) ਨੇ ਹਿੱਸਾ ਲਿਆ।
                ਡਾ. ਮਹਿਲ ਸਿੰਘ ਨੇ ਜਿੱਥੇ ਉਕਤ ਖਿਡਾਰੀਆਂ ਦੇ ਚੁਣੇ ਜਾਣ ’ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।ਉਨ੍ਹਾਂ ਦੱਸਿਆ ਕਿ ਪੰਜਾਬ ਸਵੀਮਿੰਗ ਐਸੋਸੀਏਸ਼ਨ ਦੁਆਰਾ ਜ਼ਿਲ੍ਹਾ ਅੰਮ੍ਰਿਤਸਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ‘45ਵੀਂ ਜੂਨੀਅਰ ਪੰਜਾਬ ਸਵੀਮਿੰਗ’ (ਲੜਕੇ ਅਤੇ ਲੜਕੀਆਂ) ’ਚ ਖਿਡਾਰੀਆਂ ਨੇ ਆਪਣੀ ਤੈਰਾਕੀ ਅਤੇ ਵਾਟਰਪੋਲੋ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਵੀਮਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਰਾਜ ਸ਼ਰਮਾ ਦੀ ਦੇਖ-ਰੇਖ ਕਰਵਾਈ ਗਈ ਇਸ ਮੁਕਾਬਲੇਬਾਜ਼ੀ ’ਚ ਜ਼ਿਲ੍ਹੇ ਦੀਆਂ ਲੜਕੀਆਂ ਹਰਲੀਨ ਕੌਰ, ਇਨਾਇਤ ਢਿੱਲੋਂ, ਸਬਰੀਨ ਕੌਰ ਨੇ 2-2 ਕਾਂਸੀ ਦੇ ਤਗਮੇ ਅਤੇ ਪ੍ਰਿਯੰਕਾ ਸ਼ਰਮਾ ਨੇ 3 ਕਾਂਸੇ ਦੇ ਤਗਮੇ ਜਿੱਤੇ।ਜਦਕਿ ਗਰੁੱਪ 1 ਅਤੇ 2 ’ਚ ਮੋਹਾਲੀ ਨੇ 360 ਅੰਕ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ’ਤੇ ਮੋਰਚਾ ਫ਼ਤਿਹ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਉਕਤ ਚੁਣੇ ਗਏ ਖਿਡਾਰੀ ’ਚੋਂ ਖ਼ਾਲਸਾ ਕਾਲਜ ਦੇ ਬੀ.ਏ ਦਾ ਵਿਦਿਆਰਥੀ ਮਹਾਂਬੀਰ ਸਿੰਘ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ’ਚੋਂ ਰਣਬੀਰ ਸਿੰਘ (+2 ਜਮਾਤ), ਗੁਰਮੀਤ ਸਿੰਘ (9ਵੀਂ ਜਮਾਤ), ਅਗਮ ਕੁਮਾਰ ਤੇ ਰਵੀ ਸਿੰਘ (10ਵੀਂ ਜਮਾਤ) ਅਤੇ ਮਨਤੇਜ ਸਿੰਘ (+1 ਜਮਾਤ) ਦੇ ਨਾਮ ਜ਼ਿਕਰਯੋਗ ਹਨ।
             ਮੁਕਾਬਲੇ ਦੇ ਅਖ਼ੀਰਲੇ ਦਿਨ ਜੇਤੂਆਂ ਨੂੰ ਤੈਰਾਕੀ ਫ਼ੈਡਰੇਸ਼ਨ ਆਫ਼ ਇੰਡੀਆ ਦੇ ਉਪ ਪ੍ਰਧਾਨ ਬਲਰਾਜ ਸ਼ਰਮਾ ਤੇ ਜ਼ਿਲ੍ਹਾ ਕਾਰਜਕਾਰੀ ਡੀ.ਐਸ.ਓ ਇੰਦਰਵੀਰ ਸਿੰਘ ਨੇ ਇਨਾਮ ਤਕਸੀਮ ਕਰਨ ਦੀ ਰਸਮ ਅਦਾ ਕੀਤੀ।
              ਇਸ ਮੌਕੇ ਹੋਰਨਾਂ ’ਚ ਖ਼ਾਲਸਾ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ, ਜ਼ਿਲਾ ਸਵੀਮਿੰਗ ਕੋਚ ਵਿਨੋਦ ਸਾਗਵਾਨ, ਬਾਕਸਿੰਗ ਕੋਚ ਬਲਜਿੰਦਰ ਸਿੰਘ, ਰਜਿੰਦਰ ਕੁਮਾਰ ਲਵਲੀ, ਅਜੈ ਮਹਿਰਾ, ਭਾਨੂੰ ਸਿੱਕਾ, ਪਵਨ ਕੁਮਾਰ ਆਦਿ ਮੌਜ਼ੂਦ ਸਨ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …