Thursday, November 21, 2024

ਆਓ! ਡੇਂਗੂ ਜਾਗਰੂਕਤਾ ਫੈਲਾਈਏ

              ਡੇਂਗੂ ਇੱਕ ਵਾਇਰਲ ਬੁਖਾਰ ਹੈ।ਡੇਂਗੂ ਬੁਖਾਰ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ।ਡੇਂਗੂ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਏਡੀਜ਼ ਏਜੀਪਟੀ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ।ਪਹਿਲਾਂ ਮੱਛਰ ਦੁਆਰਾ ਡੇਂਗੂ ਸੰਕ੍ਰਮਿਤ ਵਿਅਕਤੀ ਨੂੰ ਕੱਟ ਲਿਆ ਜਾਂਦਾ ਹੈ।ਜਦੋਂ ਸੰਕ੍ਰਮਿਤ ਮੱਛਰ ਕਿਸੇ ਦੂਸਰੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਡੇਂਗੂ ਵਾਇਰਸ ਮੱਛਰ ਦੀ ਲਾਰ ਨਾਲ ਉਸ ਵਿਅਕਤੀ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ।ਇਹ ਵਾਇਰਸ ਵਿਅਕਤੀ ਦੇ ਵਾਈਟ ਬਲੱਡ ਸੈਲਾਂ ਨਾਲ ਜੁੜ ਕੇ ਅੰਦਰ ਚਲਾ ਜਾਂਦਾ ਹੈ।ਜਿਸ ਕਾਰਨ ਡੇਂਗੂ ਰੋਗ ਹੋ ਜਾਂਦਾ ਹੈ ਅਤੇ ਵਿਅਕਤੀ ਬੁਖਾਰ, ਫਲੂ ਵਰਗੇ ਲੱਛਣਾਂ ਅਤੇ ਗੰਭੀਰ ਦਰਦ ਤੋਂ ਪੀੜ੍ਹਤ ਹੋ ਜਾਂਦਾ ਹੈ।ਮੱਛਰ ਦੁਆਰਾ ਕੱਟਣ ਦੇ ਲਗਭਗ 3-4 ਦਿਨਾਂ ਅੰਦਰ ਹੀ ਵਿਅਕਤੀ ਵਿੱਚ ਲੱਛਣ ਵਿਕਸਿਤ ਹੋਣ ਲੱਗ ਪੈਂਦੇ ਹਨ।ਜੇ ਕਿਸੇ ਵਿਅਕਤੀ ਨੂੰ ਗੰਭੀਰ ਇਨਫੈਕਸ਼ਨ ਹੈ ਤਾਂ ਵਾਇਰਸ ਉਸ ਦੇ ਸਰੀਰ ਅੰਦਰ ਹੋਰ ਜਿਆਦਾ ਤੇਜ਼ੀ ਨਾਲ ਵਧਦਾ ਹੈ।ਕਿਉਂਕਿ ਵਾਇਰਸ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਹੈ, ਇਸ ਲਈ ਇਹ ਕਈ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।ਡੇਂਗੂ ਬੁਖਾਰ ਬੱਚਿਆਂ ਵਿੱਚ ਜਿਆਦਾ ਹੁੰਦਾ ਹੈ।ਖ਼ਾਸ ਕਰਕੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਇਹ ਜਿਆਦਾ ਪਾਇਆ ਜਾਂਦਾ ਹੈ।ਇਸ ਬੁਖਾਰ ਵਿੱਚ ਹੱਡੀਆਂ ਦੇ ਟੁੱਟਣ ਜਿਹੀ ਪੀੜ ਹੁੰਦੀ ਹੈ।ਇਸ ਲਈ ਇਸ ਨੂੰ ਹੱਡੀ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ।

ਡੇਂਗੂ ਦੇ ਲੱਛਣ
ਡੇਂਗੂ ਬੁਖਾਰ ਦੇ ਮੁਖ ਲੱਛਣ ਤੇਜ਼ ਬੁਖਾਰ, ਸਿਰਦਰਦ, ਚਮੜੀ ’ਤੇ ਚੇਚਕ ਵਰਗੇ ਲਾਲ ਧੱਬੇ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਹਨ।ਮਰੀਜ਼ ਦੇ ਮੂੰਹ, ਗਲੇ ਜਾਂ ਛਾਤੀ ‘ਤੇ ਲਾਲ ਰੰਗ ਦੇ ਦਾਣੇ ਦਿਖਾਈ ਦਿੰਦੇ ਹਨ।ਇੱਕ-ਦੋ ਦਿਨ ਬਾਅਦ ਦਾਣੇ ਮਿਟ ਜਾਂਦੇ ਹਨ।ਤੀਜੇ ਜਾਂ ਚੌਥੇ ਦਿਨ ਜਦੋਂ ਬੁਖਾਰ ਦੁਬਾਰਾ ਚੜ੍ਹਦਾ ਹੈ ਤਾਂ ਇਹ ਦਾਣੇ ਉਪਰੋਕਤ ਅੰਗਾਂ ਦੇ ਨਾਲ-ਨਾਲ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ’ਤੇ ਵੀ ਨਿਕਲ ਆਉਂਦੇ ਹਨ।ਕੁੱਝ ਲੋਕਾਂ ਨੂੰ ਡੇਂਗੂ ਬੁਖਾਰ ਇਕ ਜਾਂ ਦੋ ਅਜਿਹੇ ਰੂਪਾਂ ਵਿੱਚ ਹੋ ਸਕਦਾ ਹੈ, ਜੋ ਜਾਨ ਲਈ ਖਤਰਾ ਹੋ ਸਕਦੇ ਹਨ। ਪਹਿਲਾ ਹੈ ਡੇਂਗੂ ਦੇ ਖੂਨ ਦੇ ਰਿਸਾਅ ਵਾਲਾ ਬੁਖਾਰ, ਜਿਸ ਕਾਰਨ ਖੂਨ ਦੀਆਂ ਨਾੜੀਆਂ ’ਚੋਂ ਖੂਨ ਰਿਸਦਾ ਹੈ ਅਤੇ ਬਲੱਡ ਪਲੇਟਲੈਟਸ (ਜਿਨ੍ਹਾਂ ਕਾਰਨ ਖੂਨ ਜ਼ੰਮਦਾ ਹੈ) ਦਾ ਪੱਧਰ ਘੱਟ ਜਾਂਦਾ ਹੈ ਅਤੇ ਦੂਸਰੇ ਰੂਪ ਦਾ ਡੇਂਗੂ ਹੈ ਸ਼ੌਕ ਸਿੰਡਰੋਮ, ਜਿਸ ਨਾਲ ਬਲੱਡ ਪ੍ਰੈਸ਼ਰ ਖਤਰਨਾਕ ਹੱਦ ਤੱਕ ਹੇਠਾਂ ਚਲਾ ਜਾਂਦਾ ਹੈ।ਪਲੇਟਲੈਟਸ ਨਾ ਬਣਨ ਕਰਕੇ ਵਿਅਕਤੀ ਨੂੰ ਖੂਨ ਰਿਸਣ ਦੀ ਸਮੱਸਿਆ ਹੋਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ।ਖੂਨ ਰਿਸਣਾ ਡੇਂਗੂ ਕਾਰਨ ਪੈਦਾ ਹੋਣ ਵਾਲੀ ਮੁਖ ਸਮੱਸਿਆ ਹੈ।

ਰੋਕਥਾਮ ਅਤੇ ਨਿਯੰਤਰਣ
ਡੇਂਗੂ ਵਾਇਰਸ ਤੋਂ ਬਚਾਉਣ ਲਈ ਕੋਈ ਵੈਕਸੀਨ ਮੁਹੱਈਆ ਨਹੀਂ ਹੈ।ਵਿਗਿਆਨੀ ਡੇਂਗੂ ਬੁਖਾਰ ਦੇ ਹਮਲੇ ਦਾ ਇਲਾਜ਼ ਕਰਨ ਲਈ ਵਾਇਰਸ ਵਿਰੋਧੀ ਦਵਾਈਆਂ ਬਣਾਉਣ ਅਤੇ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਤੋਂ ਬਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।ਉਹ ਇਸ ਗੱਲ ‘ਤੇ ਵੀ ਧਿਆਨ ਦੇ ਰਹੇ ਹਨ ਕਿ ਵਾਇਰਸ ਦੀ ਪ੍ਰੋਟੀਨ ਰਚਨਾ ਕਿਹੋ ਜਿਹੀ ਹੈ।ਇਸ ਨਾਲ ਡੇਂਗੂ ਵਿਰੁੱਧ ਦਵਾਈਆਂ ਬਣਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ।ਡੇਂਗੂ ਤੋਂ ਬਚਾਅ ਦਾ ਸਭ ਤੋਂ ਅਸਰਦਾਰ ਤਰੀਕਾ ਮੱਛਰਾਂ ਦੀ ਗਿਣਤੀ ਵਧਣ ‘ਤੇ ਕਾਬੂ ਪਾਉਣਾ ਹੈ।ਇਸ ਦੇ ਲਈ ਜਾਂ ਤਾਂ ਮੱਛਰਾਂ ਦੇ ਲਾਰਵੇ ‘ਤੇ ਜਾਂ ਬਾਲਗ ਮੱਛਰਾਂ ਦੀ ਆਬਾਦੀ ‘ਤੇ ਕੰਟਰੋਲ ਕਰਨਾ ਪੈਂਦਾ ਹੈ।ਏਡੀਜ਼ ਮੱਛਰ ਟਾਇਰਾਂ, ਬੋਤਲਾਂ, ਕੂਲਰਾਂ, ਗੁਲਦਸਤਿਆਂ ਆਦਿ ਵਿੱਚ ਖੜ੍ਹੇ ਪਾਣੀ ਵਿੱਚ ਫੈਲਦੇ ਹਨ, ਇਸ ਲਈ ਇਨ੍ਹਾਂ ਨੂੰ ਅਕਸਰ ਖਾਲੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਮੱਛਰਾਂ ਦਾ ਲਾਰਵਾ ਕੰਟਰੋਲ ਹੋਵੇਗਾ।ਇਸ ਤੋਂ ਇਲਾਵਾ ਬਾਲਗ ਮੱਛਰਾਂ ਨੂੰ ਕਾਬੂ ਕਰਨ ਲਈ ਕੀੜੇਮਾਰ ਧੂੰਆਂ ਕਿਸੇ ਹੱਦ ਤੱਕ ਅਸਰਦਾਰ ਸਿੱਧ ਹੋ ਸਕਦਾ ਹੈ।
ਭਾਰਤ ਵਿਚ ਡੇਂਗੂ ਦੀ ਨਿਗਰਾਨੀ ਅਤੇ ਰੋਕਥਾਮ ਲਈ ਨੈਸ਼ਨਲ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ ਕਰਦਾ ਹੈ।ਦੇਸ਼ ਵਿਚ ਇਨਟੈਗਰੇਟਿਡ ਬਿਮਾਰੀ ਸਰਵੇਲੈਂਜ ਪ੍ਰੋਗਰਾਮ, ਡੇਂਗੂ ਦੀ ਬਿਮਾਰੀ ਦੀ ਨਿਗਰਾਨੀ ਅਤੇ ਫੈਲਾਅ ਖੋਜ/ਜਾਂਚ ਵਿਚ ਮਦਦ ਕਰਦਾ ਹੈ।ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਡੇਂਗੂ ਦੇ ਮਾਮਲਿਆਂ ਦੀ ਸੂਚਨਾ ਜਰੂਰੀ ਬਣਾ ਦਿੱਤੀ ਹੈ।ਸੰਚਾਰਤ ਸੀਜ਼ਨ ਦੌਰਾਨ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ, ਪ੍ਰਾਈਵੇਟ ਹਸਪਤਾਲਾਂ ਅਤੇ ਕਲਿਨਿਕਾਂ ਨੂੰ ਸਬੰਧਤ ਜਿਲ੍ਹਿਆਂ ਦੇ ਜਿਲ੍ਹਾ ਸਿਹਤ ਅਧਿਕਾਰੀਆਂ ਦੇ ਦਫ਼ਤਰ ਵਿਚ ਹਰ ਹਫ਼ਤੇ ਜਾਂ ਰੋਜ਼ਾਨਾ ਪੱਧਰ ’ਤੇ ਆਪਣੇ ਸਿਹਤ ਸੰਸਥਾਨ ‘ਤੇ ਅਨੁਮਾਨਿਤ ਡੇਂਗੂ ਮਾਮਲਿਆਂ ਨੂੰ ਸੂਚਿਤ ਕਰਨ ਦੀ ਲੋੜ ਹੁੰਦੀ ਹੈ।
ਵਰਤਣਯੋਗ ਸਾਵਧਾਨੀਆਂ 
*ਡੇਂਗੂ ਬੁਖਾਰ ਦਾ ਸ਼ੱਕ ਪੈਣ ਦੀ ਸੂਰਤ ਵਿੱਚ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
*ਇਲਾਜ਼ ਪੱਖੋਂ ਇਸ ਬਿਮਾਰੀ ਵਿੱਚ ਜਿਆਦਾ ਅਰਾਮ ਕਰਨਾ ਅਤੇ ਦਵਾਈਆਂ ਦਾ ਜਿਆਦਾ ਇਸਤੇਮਾਲ ਨਾ ਕਰਨਾ ਹੀ ਫਾਇਦੇਮੰਦ ਹੁੰਦਾ ਹੈ।
*ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ।
*ਦੁੱਧ, ਫਲ, ਹਰੀਆਂ ਸਬਜ਼ੀਆਂ, ਜੂਸ ਆਦਿ ਦਾ ਸੇਵਨ ਵੱਧ ਮਾਤਰਾ ਵਿੱਚ ਕਰਨਾ ਚਾਹੀਦਾ ਹੈ।
*ਕੂਲਰਾਂ, ਗਮਲਿਆਂ ਆਦਿ ਵਿੱਚ ਖੜ੍ਹੇ ਗੰਦੇ ਪਾਣੀ ਨੂੰ ਡੋਲ੍ਹ ਦੇਣਾ ਚਾਹੀਦਾ ਹੈ।
*ਤਰਲ ਪਦਾਰਥ ਜਿਆਦਾ ਪੀਣੇ ਚਾਹੀਦੇ ਹਨ।
               ਡੇਂਗੂ ਦੇ ਰੋਗੀ ਨੂੰ ਭੁੱਖ ਘੱਟ ਲੱਗਦੀ ਹੈ ਤੇ ਇਸ ਰੋਗ ’ਚ ਪਾਚਨ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ।ਇਸ ਲਈ ਜਰੂਰੀ ਹੈ ਕਿ ਰੋਗੀ ਨੂੰ ਸੰਤੁਲਿਤ ਭੋਜਨ ਦਿੱਤਾ ਜਾਵੇ ਅਤੇ ਭੋਜਨ ਅਜਿਹਾ ਹੋਣਾ ਚਾਹੀਦਾ ਹੈ ਕਿ ਆਸਾਨੀ ਨਾਲ ਹਜ਼ਮ ਹੋ ਸਕੇ।ਪਲੇਟਲੈਟਸ ਦੀ ਗਿਣਤੀ ਘਟਣ ਨਾਲ ਰੋਗੀ ਨੂੰ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਰੋਗੀ ਨੂੰ ਤਿੱਖਾ, ਤਲਿਆ ਤੇ ਮਸਾਲੇਦਾਰ ਭੋਜਨ ਬਿਲਕੁੱਲ ਨਹੀਂ ਦੇਣਾ ਚਾਹੀਦਾ।
                 ਇਸ ਤੋਂ ਇਲਾਵਾ ਡੇਂਗੂ ਦੀ ਰੋਕਥਾਮ ਲਈ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀਆਂ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।ਸਰੀਰ ਨੂੰ ਮੱਛਰ ਦੇ ਕੱਟਣ ਤੋਂ ਬਚਾਉਣ ਲਈ ਪੂਰੇ ਕੱਪੜੇ ਪਹਿਨਣੇ ਚਾਹੀਦੇ ਹਨ।ਵਿਸ਼ੇਸ਼ ਰੂਪ ਵਿੱਚ ਜਦੋਂ ਤੁਸੀਂ ਡੇਂਗੂ ਪ੍ਰਭਾਵਿਤ ਖੇਤਰ ਵੱਲ ਜਾਂਦੇ ਹੋ ਤਾਂ ਸਰੀਰ ਦੇ ਹਿੱਸਿਆਂ ਨੂੰ ਢੱਕ ਕੇ ਰੱਖੋ।ਪਾਣੀ ਨੂੰ ਇੱਕ ਜਗ੍ਹਾ ਇਕੱਠਾ ਖੜਾ ਨਾ ਹੋਣ ਦੇਵੋ।ਆਮ ਤੌਰ ’ਤੇ ਮੱਛਰਾਂ ਦੇ ਪ੍ਰਜਨਣ ਦਾ ਸਥਾਨ ਪਲਾਸਟਿਕ ਦੇ ਭਾਂਡੇ, ਬਾਲਟੀਆਂ, ਮੋਟਰ-ਗੱਡੀਆਂ ਦੇ ਟਾਇਰ, ਵਾਟਰ ਕੂਲਰ, ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਭਾਂਡੇ ਅਤੇ ਫੁੱਲਦਾਨ ਹਨ।ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਇਨ੍ਹਾਂ ਨੂੰ ਸਾਫ਼ ਕੀਤਾ ਜਾਵੇ।ਹਰ ਸ਼ੁਕਰਵਾਰ ਨੂੰ ਡਰਾਈ ਡੇਅ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ।ਆਪਣੇ ਆਲੇ-ਦੁਆਲੇ ਧੁੰਆਂ ਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰੋ।ਮੱਛਰਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਮੱਛਰਾਂ ਦੇ ਆਂਡਿਆਂ ਅਤੇ ਲਾਰਵਾ ਨੂੰ ਖ਼ਤਮ ਕਰਨਾ ਚਾਹੀਦਾ ਹੈ।ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ’ਤੇ ਜਾਲੀ ਲਗਵਾਉਣੀ ਚਾਹੀਦੀ ਹੈ।ਇਸ ਤੋਂ ਇਲਾਵਾ ਬਾਲਗ ਮੱਛਰਾਂ ਨੂੰ ਕਾਬੂ ਕਰਨ ਲਈ ਕੀੜੇਮਾਰ ਧੂੰਆਂ ਕਾਫੀ ਹੱਦ ਤਕ ਅਸਰਦਾਰ ਸਾਬਿਤ ਹੁੰਦਾ ਹੈ।
                         ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਡੇਂਗੂ ਦੀ ਰੋਕਥਾਮ ਲਈ “ਹਰ ਸ਼ੁਕਰਵਾਰ ਨੂੰ ਡਰਾਈ ਡੇਅ” ਵਜੋਂ ਮਨਾਉਣ ਦੀ ਨੀਤੀ ਅਪਣਾਉਣ ਦਾ ਫੈਸਲਾ ਲਿਆ ਗਿਆ ਹੈ।ਜਿਸ ਤਹਿਤ ਸਾਰੀਆਂ ਸਰਕਾਰੀ, ਪ੍ਰਾਈਵੇਟ ਸੰਸਥਾਵਾਂ ਅਤੇ ਘਰਾਂ ਵਿੱਚ ਕੂਲਰ ਆਦਿ ਨੂੰ ਖਾਲੀ ਕਰਨ ਅਤੇ ਸੁਕਾਉਣ ਲਈ ਕਿਹਾ ਗਿਆ ਹੈ।ਕੋਵਿਡ-19 ਦੇ ਚੱਲਦਿਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਸੋਸ਼ਲ ਮੀਡੀਆ ‘ਤੇ ਸੰਦੇਸ਼, ਦੂਰਦਰਸ਼ਨ / ਆਲ ਇੰਡੀਆ ਰੇਡੀਓ (ਏ.ਆਈ.ਆਰ) / ਐਫ.ਐਮ / ਕਮਿਉਨਿਟੀ ਰੇਡੀਓ ਜਾਂ ਹੋਰ ਸਥਾਨਕ ਚੈਨਲਾਂ ‘ਤੇ ਸੰਖੇਪ ਸੰਦੇਸ਼ ਪ੍ਰਸਾਰਿਤ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਘਰਾਂ ਵਿੱਚ ਕੂਲਰ, ਗਮਲੇ, ਫਰਿਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਾਂਡੇ ਚੈਕ ਕਰਨ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨਗੀਆਂ।
                 ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਡੇਂਗੂ ਬੁਖਾਰ ਬਾਰੇ ਜਾਣਕਾਰੀ ਲੈ ਕੇ ਖੁਦ ਜਾਗਰੂਕ ਹੋਣ ਅਤੇ ਇਸ ਬਿਮਾਰੀ ਨਾਲ ਲੜਣ ਲਈ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਡੇਂਗੂ ਬੁਖਾਰ ਦੀ ਰੋਕਥਾਮ ਵਿੱਚ ਪੂਰਨ ਸਹਿਯੋਗ ਕਰਨ ਤਾਂ ਕਿ ਦੇਸ਼ ਵਾਸੀਆਂ ਨੂੰ ਇਸ ਨਾਮੁਰਾਦ ਬੀਮਾਰੀ ਨਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ।
             ਲੋਕਾਂ ਵਿੱਚ ਡੇਂਗੂ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ।ਇਸ ਵਾਰ ਵਿਭਾਗ ਵਲੋਂ ਕੌਮੀ ਡੇਂਗੂ ਦਿਵਸ ਸਬੰਧੀ ਥੀਮ “ਡੇਂਗੂ ਰੋਕਥਾਮ ਯੋਗ ਹੈ, ਆਓ ਹੱਥ ਮਿਲਾਈਏ” ਦਿੱਤਾ ਗਿਆ ਹੈ।0907202203

ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)
ਮੋ – 9876888177

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …