ਨਿਰੰਤਰਤਾ ਜ਼ਿੰਦਗੀ ਦੇ ਲਗਭਗ ਹਰ ਪਹਿਲੂ ਵਿੱਚ ਵਿਚਰ ਰਿਹਾ ਇੱਕ ਅਸੂਲ ਹੈ।ਜੁੜਨਾ ਸੌਖਾ ਪਰ ਜੁੜੇ ਰਹਿਣਾ ਬਹੁਤ ਔਖਾ ਹੁੰਦਾ ਹੈ।ਸਿਰਫ਼ ਖਿ਼ਆਲਾਂ ਨਾਲ਼ ਕਦੇ ਵੀ ਤੁਸੀਂ ਜਿੱਤ ਨਹੀਂ ਹਾਸਿਲ ਕਰ ਸਕਦੇ।ਇੱਕ ਨਿਰੰਤਰਤਾ ਬਣਾਈ ਰੱਖਣੀ ਪੈਂਦੀ ਹੈ ਜਿਵੇਂ ਪਾਣੀ ਦਿੰਦੇ ਰਹੋ ਤਾਂ ਰੁੱਖ ਖਿੜਿਆ ਰਵੇਗਾ।ਭਾਵੇਂ ਤੁਹਾਡੇ ਸੁਪਨੇ ਨੇ ਭਾਵੇਂ ਰਿਸ਼਼ਤੇ ਨੇ ਭਾਵੇਂ ਰੱਬ ਸਿਰਫ਼ ਕਹਿਣ ਜਾਂ ਸੋਚਣ ਨਾਲ ਨਹੀਂ।ਇੱਕ ਕਦਮ ਅੱਗੇ ਵਧਾਉਣ ਨਾਲ, ਵਿਸ਼ਵਾਸ਼ ਬਣਾਈ ਰੱਖਣ ਨਾਲ ਤੇ ਨਿਰੰਤਰਤਾ ਦੀ ਬਦੌਲਤ ਹੀ ਤੁਸੀਂ ਜਿੱਤ ਹਾਸਲ ਕਰ ਸਕਦੇ ਹੋ।ਆਪਣੇ ਰੱਬ ਨੂੰ ਪਾ ਸਕਦੇ ਹੋ।ਆਪਣੇ ਸੁਪਨਿਆਂ ਦੇ ਆਸਮਾਨ ਦੀ ਉਡਾਰੀ ਭਰ ਸਕਦੇ ਹੋ ਤੇ ਆਪਣੇ ਰਿਸ਼ਤਿਆਂ ਨੂੰ ਕਾਇਮ ਰੱਖ ਸਕਦੇ ਹੋ।ਬਾਦਸ਼ਾਹਤ ਕਦੇ ਵੀ ਭਟਕਣ ਨਾਲ ਨਹੀਂ ਮਿਲਦੀ।ਪਰ ਫੈਸਲਿਆਂ ਦੀ ਖੁਦਮੁਖਤਿਆਰੀ ਅਤੇ ਤੁਹਾਡੀ ਮਿਹਨਤ, ਜਜ਼ਬੇ, ਸਭ ਤੋਂ ਜਰੂਰੀ ਤੁਹਾਡਾ ਆਪਣੇ ਆਪ ਵਿੱਚ ਵਿਸ਼ਵਾਸ਼ ਅਤੇ ਤੁਹਾਡਾ ਜੁੜਿਆ ਰਹਿਣਾ ਬਹੁਤ ਜਰੂਰੀ ਹੈ।ਇੱਕ ਚੀਜ਼ ਨੂੰ ਕਦੇ ਦੂਜੇ ‘ਤੇ ਹਾਵੀ ਨਾ ਹੋਣ ਦਿਓ।ਸ਼ੋਹਰਤ ਨੂੰ ਕਦੇ ਆਪਣੇ ਭੋਲੇਪਨ ‘ਤੇ ਕਬਜ਼ਾ ਨਾ ਕਰਨ ਦਿਓ।
ਤੁਹਾਡੇ ਮਾਂ ਬਾਪ ਲਈ ਤੁਸੀਂ ਬੱਚੇ ਹੋ ਅਤੇ ਬੱਚੇ ਹੀ ਬਣੇ ਰਹੋ।ਸ਼ਰਾਰਤਾਂ ਕਰਕੇ ਝਿੜਕਾਂ ਖਾਂਦੇ ਰਹੋ, ਪਰ ਇੱਕ ਮਾਣ ਬਣਿਆ ਰਹੇ ਕਿ ਇਹ ਸਾਡੇ ਬੱਚੇ ਨੇ, ਹਮਸਫ਼ਰ ਲਈ ਨਾਦਾਨੀ, ਨਖਰੇ, ਤਕਰਾਰ, ਤੰਗੀ ਸਭ ਜਾਇਜ਼ ਹੈ।ਬਸ਼ਰਤੇ ਮੁਹੱਬਤ ਬਰਕਰਾਰ ਰਹੇ।ਹੋਰਨਾਂ ਰਿਸ਼ਤਿਆਂ ਲਈ ਤੁਸੀ ਇੱਕ ਸੰਜ਼ੀਦਾ, ਸੰਸਕਾਰੀ ਤੇ ਸਹਿਯੋਗੀ ਬਣੇ ਰਹੋ, ਪਰ ਜਰੂਰੀ ਹੈ ਕਿ ਸਤਿਕਾਰ ਵੀ ਬਣਿਆ ਰਹੇ।ਇਸੇ ਤਰ੍ਹਾਂ ਆਪਣੇ ਕਮਕਾਰ ਪ੍ਰਤੀ ਇਮਾਨਦਾਰ ਰਹੋ।
ਇੱਕ ਨਿਰੰਤਰਤਾ ਹੀ ਹੈ, ਜਿਸ ਨਾਲ ਜੀਵਨ ਸੰਭਵ ਹੈ।ਧਰਤੀ ਨਿਰੰਤਰ ਸੂਰਜ ਦੇ ਦੁਆਲੇ ਆਪਣੀ ਧੁਰੀ ਦੁਆਲੇ ਘੁੰਮ ਰਹੀ ਹੈ।ਉਹਨੇ ਕਦੇ ਸ਼ਿਕਾਇਤ ਨਹੀਂ ਕੀਤੀ ਕਿ ਮੈਨੂੰ ਚੱਕਰ ਆਉਣ ਲੱਗ ਪਏ, ਮੈਂ ਥੱਕ ਗਈ ਜਾਂ ਮੇਰਾ ਦਿਲ ਨਹੀਂ ਕਰਦਾ ਗੇੜੇ ਖਾਣ ਨੂੰ, ਮੌਸਮ ਨਿਰੰਤਰ ਨੇ ਉਹ ਕਦੇ ਵੀ ਆਪਸ `ਚ ਝਗੜਾ ਨਹੀਂ ਕਰਦੇ ਕਿ ਮੈਂ ਪਹਿਲਾਂ ਜਾਣਾ ਜਾਂ ਮੈਂ ਤਾਂ ਬਾਅਦ ਜਾਣਾ ਪਹਿਲਾਂ ਤੂੰ ਜਾ, ਕਾਦਰ ਦੀ ਕੁਦਰਤ ਬਿਲਕੁੱਲ ਪਾਬੰਦ ਹੈ।ਇਸੇ ਤਰ੍ਹਾਂ ਸਾਨੂੰ ਵੀ ਹੋਣਾ ਪਵੇਗਾ, ਬਦਲਾਅ ਨਿਯਮ ਹੈ ਜੀਵਨ ਦਾ, ਸਬਰ ਦਾ ਹੱਥ ਫੜ੍ਹ ਚੱਲਦੇ ਰਹੋ ਭਾਵੇਂ ਅਸੀਂ ਹਰ ਚੀਜ਼ ਹਾਸਿਲ ਨਹੀਂ ਕਰ ਸਕਦੇ ਬਲਕਿ ਇੱਕ ਉਸ ਲਈ ਜੋ ਸਾਡੇ ਖ਼ਾਤਿਰ ਬਣੀ ਹੀ ਨਹੀਂ ਓਹਦੀ ਭਾਲ `ਚ ਜੋ ਹੈ ਉਸ ਨੂੰ ਵੀ ਗਵਾ ਲੈਂਦੇ ਹਾਂ, ਕਿਉਕਿ ਸੰਤੁਸ਼ਟੀ ਜੋ ਕੋਲ ਹੈ ਸਿਰਫ ਉਸੇ ਵਿਚੋਂ ਹਾਸਿਲ ਕੀਤੀ ਜਾ ਸਕਦੀ ਹੈ।ਇੱਛਾਵਾਂ ਕਦੇ ਨਹੀਂ ਮੁੱਕਦੀਆਂ, ਇੱਕ ਤੋਂ ਬਾਅਦ ਦੂਜੀ ਦੀ ਲਾਲਸਾ ਤਿਆਰ ਹੈ।ਪੜ੍ਹਾਈ, ਨੌਕਰੀ, ਵਿਆਹ, ਬੱਚੇ, ਬੱਚਿਆਂ ਦੀ ਪੜ੍ਹਾਈ ਤੇ ਉਹਨਾਂ ਦੀ ਨੌਕਰੀ ਇਹੀ ਜੀਵਨ ਚੱਕਰ ਹੈ।ਇਸੇ ਲਈ ਜੁੜੇ ਰਹੋ ਸਵੇਰ ਤੋਂ ਸ਼ਾਮੀਂ ਆਪਣੇ ਆਪ ਨਾਲ, ਆਪਣੇ ਰੱਬ ਨਾਲ, ਆਪਣੇ ਕੰਮ ਕਾਰ ਨਾਲ, ਬਿਨਾਂ ਥੱਕੇ, ਬਿਨਾਂ ਹਾਰੇ, ਚਲਦੇ ਰਹੋ।ਤਾਂ ਕਿ ਦਿਨ ਦੀ ਮਿਹਨਤ ਤੋਂ ਬਾਅਦ ਰਾਤ ਸੁਖਾਲੀ ਨਿਕਲੇ।ਜਦੋਂ ਆਪਣੇ ਜੀਵਨ ਵਿੱਚ ਗੁਜ਼਼ਾਰੇ ਇੰਨੇ ਸਾਲਾਂ `ਚ ਪਿੱਛੇ ਝਾਤੀ ਮਾਰ ਕੇ ਦੇਖੀਏ ਤਾਂ ਸਕੂਨ ਦੀ ਮੁਸਕੁਰਾਹਟ ਚਿਹਰੇ `ਤੇ ਜੂਰਰ ਖਿੜਣੀ ਚਾਹੀਦੀ ਹੈ ਤੇ ਸਾਡੇ ਕੋਲ ਦੱਸਣ ਲਈ ਹੋਵੇ ਕਿ ਅਸੀਂ ਆਪਣੇ ਵਿਚਾਰਾਂ ‘ਤੇ ਕੇਂਦ੍ਰਿਤ ਰਹੇ ਹਾਂ ਤੇ ਅੱਜ ਦੀ ਇਹ ਜਿੱਤ ਮੇਰੇ ਉਹਨਾਂ ਸਾਰਿਆਂ ਪਲਾਂ ਵਿੱਚ ਕੀਤੀ ਮਿਹਨਤ ਦੀ ਬਦੌਲਤ ਹੈ।
ਬਚਪਨ ਜਲਦੀ ਬੀਤ ਜਾਣ ਲਈ, ਜਵਾਨੀ ਤੇ ਬੁੱਢਾਪਾ ਸਮੇਂ ਤੋਂ ਪਹਿਲਾਂ ਆਉਣ ਲਈ ਤਿਆਰ ਰਹਿਣਗੇ ਤੇ ਸਾਡੀਆਂ ਇੱਛਾਵਾਂ ਕਦੇ ਵੀ ਨਹੀਂ ਮਰਨਗੀਆਂ, ਕਿਉਂਕਿ ਇਸ ਬ੍ਰਹਿਮੰਡ ਵਿੱਚ ਕਾਸ਼ ਅਤੇ ਆਕਾਸ਼ ਦੀ ਕੋਈ ਸੀਮਾ ਨਹੀਂ।0907202205
ਗੁਰਜੀਤ ਕੌਰ ਬਡਾਲੀ
ਮੋ – 9814168716